
ਮੇਅਰ ਸਾਹਿਬ: ਮੁਹਾਲੀ ਦੇ ਫੇਜ਼-3ਬੀ2 ਵਿੱਚ ਵੀ ਕਾਜ਼ਵੇਅ ਬਣਾ ਕੇ ਲੋਕਾਂ ਨੂੰ ਬਰਸਾਤੀ ਪਾਣੀ ਦੀ ਮਾਰ ਤੋਂ ਬਚਾਓ: ਬੇਦੀ
ਕੌਂਸਲਰ ਬੇਦੀ ਵੱਲੋਂ ਫੇਜ਼-3ਬੀ2 ਵਿੱਚ ਵੀ ਕਾਜ਼ਵੇਅ ਬਣਾਉਣ ਦੀ ਮੰਗ ਸਬੰਧੀ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਨੂੰ ਲਿਖਿਆ ਪੱਤਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਪਰੈਲ:
ਮੁਹਾਲੀ ਦੇ ਕੌਂਸਲਰ ਤੇ ਉੱਘੇ ਸਮਾਜ ਸੇਵੀ ਆਗੂ ਕੁਲਜੀਤ ਸਿੰਘ ਬੇਦੀ ਨੇ ਨਿਗਮ ਵੱਲੋਂ ਸ਼ਹਿਰ ਵਿੱਚ ਬਣਾਏ ਜਾ ਰਹੇ ਤਿੰਨ ਕਾਜ਼ਵੇਅ ਦੇ ਫੈਸਲੇ ਦਾ ਜ਼ੋਰਦਾਰ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪੈਕ ਦੀ ਸਰਵੇ ਰਿਪੋਰਟ ਮੁਤਾਬਕ ਸ਼ਹਿਰ ਵਿੱਚ ਤਿੰਨ ਕਾਜ਼ਵੇਅ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਜੋ ਕਿ ਨਿਗਮ ਦਾ ਇਕ ਬਹੁਤ ਹੀ ਸ਼ਲਾਘਾਯੋਗ ਫ਼ੈਸਲਾ ਹੈ। ਨਿਗਮ ਵੱਲੋਂ ਇਹ ਕਾਜ਼ਵੇਅ ਬਣਾਉਣ ਨਾਲ ਸ਼ਹਿਰ ਦੇ ਲੋਕਾਂ ਨੂੰ ਬਰਸਾਤਾਂ ਦੇ ਦਿਨਾਂ ਵਿੱਚ ਆਉਣ ਵਾਲੇ ਹੜ੍ਹਾਂ ਤੋਂ ਭਾਰੀ ਰਾਹਤ ਮਿਲੇਗੀ।
ਉਨ੍ਹਾਂ ਕਿਹਾ ਕਿ ਦੁਖ ਇਸ ਗੱਲ ਦਾ ਹੈ ਕਿ ਨਿਗਮ ਵੱਲੋਂ ਫੇਜ਼-3ਬੀ2 ਵਿੱਚ ਕਾਜ਼ਵੇਅ ਬਣਾਉਣ ਬਾਰੇ ਵਿਚਾਰ ਨਹੀਂ ਕੀਤਾ ਗਿਆ ਜਦੋਂਕਿ ਫੇਜ਼ 3ਬੀ2 ਵਿੱਚ ਕਾਜ਼ਵੇਅ ਬਣਾਉਣਾ ਹਾਊਸ ਮੀਟਿੰਗ ਦੇ ਏਜੰਡੇ ਦੀ ਆਈਟਮ ਸੀ ਪ੍ਰੰਤੂ ਇਸ ਨੂੰ ਪਾਸ ਨਹੀਂ ਕੀਤਾ ਗਿਆ। ਹਕੀਕਤ ਇਹ ਹੈ ਕਿ ਫੇਜ਼ 3ਬੀ2 ਵਿੱਚ ਬਰਸਾਤੀ ਪਾਣੀ ਦੀ ਸਮੱਸਿਆ ਸਭ ਤੋੱ ਪੁਰਾਣੀ ਹੈ, ਜਿੱਥੇ ਕਰੋੜਾਂ ਰੁਪਇਆਂ ਖਰਚ ਕਰਕੇ ਲੋਕੀਂ ਆਪਣੇ ਘਰ ਬਣਾ ਕੇ ਰਹਿ ਰਹੇ। ਬਰਸਾਤ ਦੇ ਦਿਨਾਂ ਵਿੱਚ ਲੋਕਾਂ ਦਾ ਲੱਖਾਂ ਰੁਪਇਆਂ ਦਾ ਨੁਕਸਾਨ ਹੁੰਦਾ ਹੈ। ਇਸ ਸਮੱਸਿਆ ਨੂੰ ਲੈ ਕੇ ਲੋਕੀਂ ਹਾਈਕੋਰਟ ਵਿੱਚ ਗਏ ਹੋਏ ਹਨ ਪ੍ਰੰਤੂ ਨਿਗਮ ਵੱਲੋੱ ਕਾਜ਼ਵੇਅ ਬਣਾਉਣ ਸਬੰਧੀ ਲਏ ਗਏ ਫੈਸਲੇ ਵਿੱਚ ਫੇਜ਼-3ਬੀ2 ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ।
ਕੌਂਸਲਰ ਬੇਦੀ ਨੇ ਨਗਰ ਨਿਗਮ ਮੁਹਾਲੀ ਦੇ ਮੇਅਰ ਕੁਲਵੰਤ ਸਿੰਘ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਫੇਜ਼ 3ਬੀ2 ਵਿਖੇ ਵੀ ਕਾਜ਼ਵੇਅ ਬਣਾ ਕੇ ਲੋਕਾਂ ਨੂੰ ਬਰਸਾਤੀ ਪਾਣੀ ਦੇ ਹੜ੍ਹ ਤੋਂ ਬਚਾਇਆ ਜਾਵੇ। ਇਸ ਪੱਤਰ ਦੀ ਇਕ ਕਾਪੀ ਉਨ੍ਹਾਂ ਨਿਗਮ ਦੇ ਕਮਿਸ਼ਨਰ ਨੂੰ ਵੀ ਭੇਜੀ ਹੈ। ਉਨ੍ਹਾਂ ਮੰਗ ਕੀਤੀ ਕਿ ਨਿਗਮ ਇਸ ਪਾਸੇ ਵੱਲ ਵੀ ਧਿਆਨ ਦੇਵੇ ਤਾਂ ਜੋ ਬਰਸਾਤ ਦੇ ਮੌਸਮ ਵਿੱਚ ਫੇਜ਼-3ਬੀ2 ਦੇ ਲੋਕਾਂ ਨੂੰ ਫਿਰ ਤੋੱ ਉਹੀ ਪਹਿਲਾਂ ਵਾਲੀ ਤ੍ਰਾਸਦੀ ਦਾ ਸ਼ਿਕਾਰ ਨਾ ਹੋਣਾ ਪਵੇ।