
ਸ਼ਹਿਰ ਦੀ ਖ਼ੂਬਸੂਰਤੀ: ਲਾਲ ਬੱਤੀ ਚੌਕਾਂ ਦਾ ਰੱਖ-ਰਖਾਓ ਪ੍ਰਾਈਵੇਟ ਕੰਪਨੀਆਂ ਨੂੰ ਦੇਣ ਦਾ ਫੈਸਲਾ
ਨਗਰ ਨਿਗਮ ਦਾ ਨਹੀਂ ਹੋਵੇਗਾ ਕੋਈ ਖਰਚਾ, ਰੱਖ-ਰਖਾਓ ਲਈ ਕੰਪਨੀਆਂ ਹੋਣਗੀਆਂ ਜ਼ਿੰਮੇਵਾਰ: ਮੇਅਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਕਤੂਬਰ:
ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਨਿਵੇਕਲੀ ਪਹਿਲ ਕਰਦਿਆਂ ਸ਼ਹਿਰ ਵਿੱਚ ਟਰੈਫ਼ਿਕ ਲਾਈਟਾਂ ਚੌਕਾਂ ਅਤੇ ਸੜਕਾਂ ਦੇ ਸੈਂਟਰ ਵਰਜ ਦੇ ਰੱਖ-ਰਖਾਓ ਦਾ ਕੰਮ ਪ੍ਰਾਈਵੇਟ ਕੰਪਨੀਆਂ ਨੂੰ ਦੇਣ ਦਾ ਫੈਸਲਾ ਕੀਤਾ ਹੈ। ਇਸ ਤਹਿਤ ਅੱਜ ਪ੍ਰਾਈਵੇਟ ਕੰਪਨੀ ਨੂੰ ਮੇਅਰ ਨੇ ਪੱਤਰ ਵੀ ਸੌਂਪਿਆ। ਜਦੋਂਕਿ ਵੱਡੇ ਚੌਕਾਂ ਦਾ ਕੰਮ ਪਹਿਲਾਂ ਹੀ ਨਾਮੀ ਕੰਪਨੀਆਂ ਨੂੰ ਦਿੱਤਾ ਹੋਇਆ ਹੈ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਤੇ ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ ਵੀ ਹਾਜ਼ਰ ਸਨ।
ਮੇਅਰ ਨੇ ਕਿਹਾ ਕਿ ਮੁਹਾਲੀ ਵਿੱਚ ਟਰੈਫ਼ਿਕ ਲਾਈਟਾਂ ਨਾਲ ਲਗਦੇ ਤਿਕੋਣਾਂ ਦੀ ਹਾਲਤ ਖਸਤਾ ਹੈ ਅਤੇ ਇਨ੍ਹਾਂ ਦੇ ਰੱਖ-ਰਖਾਓ ਵਿੱਚ ਕੋਈ ਨਾ ਕੋਈ ਅੜਿੱਕਾ ਆਉਂਦਾ ਰਿਹਾ ਹੈ। ਇਸ਼ਤਿਹਾਰਾਂ ਦੇ ਠੇਕੇ ਲੈਣ ਵਾਲੀਆਂ ਕੰਪਨੀਆਂ ਵੀ ਇਨ੍ਹਾਂ ਥਾਵਾਂ ਦੀ ਰੱਖ-ਰਖਾਓ ਨਹੀਂ ਕਰਦੀਆਂ। ਇਸੇ ਤਰ੍ਹਾਂ ਸੈਂਟਰ ਵਰਜ ਦੇ ਰੱਖ-ਰਖਾਓ ਨਾ ਹੋਣ ਕਾਰਨ ਇਸ ਕੰਮ ’ਤੇ ਨਗਰ ਨਿਗਮ ਦਾ ਵਾਧੂ ਖਰਚਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਅਜਿਹੀਆਂ ਨਾਮਵਰ ਕੰਪਨੀਆਂ ਹਨ ਜੋ ਸੈਂਟਰਲ ਵਰਜ ਅਤੇ ਲਾਲ ਬੱਤੀ ਚੌਕਾਂ ਅਤੇ ਤਿਕੋਣਾਂ ਦੇ ਰੱਖ-ਰਖਾਓ ਕਰਨ ਲਈ ਤਿਆਰ ਹਨ। ਇਸ ਨਾਲ ਨਾ ਸਿਰਫ਼ ਇਨ੍ਹਾਂ ਤਿਕੋਣਾਂ ਅਤੇ ਸੈਂਟਰ ਵਰਜ ਦਾ ਰੱਖ-ਰਖਾਓ ਵਧੀਆ ਢੰਗ ਨਾਲ ਹੋਵੇਗਾ, ਸਗੋਂ ਨਗਰ ਨਿਗਮ ਦਾ ਕੋਈ ਖਰਚਾ ਨਹੀਂ ਆਵੇਗਾ।
ਜੀਤੀ ਸਿੱਧੂ ਨੇ ਕਿਹਾ ਕਿ ਇਨ੍ਹਾਂ ਥਾਵਾਂ ਦੇ ਰੱਖ-ਰਖਾਓ ਕਰਨ ਵਾਲੀ ਕੰਪਨੀ ਨਿਰਧਾਰਿਤ ਸਾਈਜ਼ ਤੋਂ ਵੱਡਾ ਇਸ਼ਤਿਹਾਰ ਨਹੀਂ ਲਗਾ ਸਕੇਗੀ। ਇਸ ਨਾਲ ਸ਼ਹਿਰ ਦੀ ਬਿਊਟੀਫਿਕੇਸ਼ਨ ਵਿੱਚ ਵੀ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਸ਼ਹਿਰ ਦੇ ਸਮੂਹ ਐਂਟਰੀ ਪੁਆਇੰਟਾਂ ਦੇ ਸੁੰਦਰੀਕਰਨ ਵੱਲ ਵੀ ਵਿਸ਼ੇਸ਼ ਧਿਆਨ ਦੇ ਰਹੀ ਹੈ।