
ਮੁਹਾਲੀ ਨਗਰ ਨਿਗਮ ਵੱਲੋਂ ਦੋ ਹੋਰ ਟਰੀ ਪਰੂਨਿੰਗ ਮਸ਼ੀਨਾਂ ਤੇ 1 ਫਿਊਨਰਲ ਵੈਨ ਖ਼ਰੀਦਣ ਦਾ ਫੈਸਲਾ, ਮੇਅਰ ਵੱਲੋਂ ਹਰੀ ਝੰਡੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਨਵੰਬਰ:
ਮੁਹਾਲੀ ਨਗਰ ਨਿਗਮ ਵੱਲੋਂ ਦੋ ਹੋਰ ਟਰੀ ਪਰੂਨਿੰਗ ਮਸ਼ੀਨਾਂ ਅਤੇ ਇਕ ਫਿਊਨਰਲ ਵੈਨ ਖ਼ਰੀਦੀ ਜਾਵੇਗੀ। ਇਹ ਮਸ਼ੀਨਰੀ ਖ਼ਰੀਦਣ ਲਈ ਲਗਪਗ ਸਵਾ ਕਰੋੜ ਰੁਪਏ ਦਾ ਖ਼ਰਚਾ ਆਵੇਗਾ। ਜਿਸ ਨੂੰ ਮੇਅਰ ਅਮਰਜੀਤ ਸਿੰਘ ਜੀਤ ਸਿੱਧੂ ਨੇ ਹਰੀ ਝੰਡੀ ਦੇ ਦਿੱਤੀ ਹੈ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀ ਮੌਜੂਦ ਸਨ। ਇਸ ਸਮੇਂ ਨਗਰ ਨਿਗਮ ਕੋਲ ਤਿੰਨ ਪਰੂਨਿੰਗ ਮਸ਼ੀਨਾਂ ਹਨ, ਜਿਨ੍ਹਾਂ ’ਚੋਂ ਦੋ ਮਸ਼ੀਨਾਂ 18-18 ਲੱਖ ਦੀਆਂ ਹਨ ਜਦੋਂਕਿ ਇਕ 45 ਲੱਖ ਦੀ ਮਸ਼ੀਨ ਵੱਡੀ ਮਸ਼ੀਨ ਹੈ। ਇੰਜ ਹੀ ਨਗਰ ਨਿਗਮ ਕੋਲ ਪਹਿਲਾਂ 2 ਫਿਊਨਰਲ ਵੈਨਾਂ ਹਨ ਜਦੋਂਕਿ ਇਕ ਫਿਊਨਰਲ ਵੈਨ ਸਨਅਤਕਾਰਾਂ ਵੱਲੋਂ ਦਿੱਤੀ ਗਈ ਹੈ ਅਤੇ ਇਕ ਫਿਊਨਰਲ ਵੈਨ ਐਮਪੀਸੀਏ ਵੱਲੋਂ ਚਲਾਈ ਜਾਂਦੀ ਹੈ।
ਮੇਅਰ ਜੀਤੀ ਸਿੱਧੂ ਨੇ ਦੱਸਿਆ ਕਿ ਨਗਰ ਨਿਗਮ ਦੀ ਹੱਦਬੰਦੀ ਦਾ ਲਗਾਤਾਰ ਵਿਸਤਾਰ ਹੋ ਰਿਹਾ ਹੈ। ਇਸਦੇ ਚੱਲਦਿਆਂ ਲੋਕਾਂ ਦੀ ਸੁਵਿਧਾ ਲਈ ਨਵੀਂ ਮਸ਼ੀਨਰੀ ਖਰੀਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਮੁੱਖ ਸੜਕਾਂ ਅਤੇ ਪਾਰਕਾਂ ਅਤੇ ਲੋਕਾਂ ਦੇ ਘਰਾਂ ਮੂਹਰੇ ਵੱਡੀ ਗਿਣਤੀ ਵਿੱਚ ਬਹੁਤ ਪੁਰਾਣੇ ਅਤੇ ਉੱਚੇ ਲੰਮੇ ਦਰਖ਼ਤ ਖੜੇ ਹਨ। ਜਿਨ੍ਹਾਂ ਦੀ ਸਮੇਂ ਸਮੇਂ ਸਿਰ ਪਰੂਨਿੰਗ ਬਹੁਤ ਜ਼ਰੂਰੀ ਹੈ। ਸਰਦੀ ਦੇ ਮੌਸਮ ਵਿੱਚ ਦਰਖ਼ਤਾਂ ਦੀ ਛੰਗਾਈ ਦੀ ਮੰਗ ਜ਼ਿਆਦਾ ਵਧ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਵਿੱਚ ਬਾਗਬਾਨੀ ਵਿਭਾਗ ਦੇ ਚਾਰ ਜੋਨ ਬਣਾਏ ਗਏ ਹਨ ਅਤੇ ਹਰੇਕ ਜੋਨ ਨੂੰ ਦਰਖ਼ਤਾਂ ਦੀ ਛੰਗਾਈ ਲਈ 1-1 ਪਰੂਨਿੰਗ ਮਸ਼ੀਨ ਦਿੱਤੀ ਜਾਵੇਗੀ ਜਦੋਂਕਿ 1 ਪਰੂਨਿੰਗ ਮਸ਼ੀਨ ਮੁੱਖ ਸੜਕਾਂ ਕਿਨਾਰੇ ਖੜੇ ਦਰਖ਼ਤਾਂ ਦੀ ਛੰਗਾਈ ਲਈ ਵਰਤੀ ਜਾਵੇਗੀ।
ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਲੋੜ ਅਨੁਸਾਰ ਨਗਰ ਨਿਗਮ ਵੱਲੋਂ ਮੇਅਰ ਜੀਤੀ ਸਿੱਧੁ ਦੀ ਅਗਵਾਈ ਹੇਠ ਹੋਰ ਵੀ ਮਸ਼ੀਨਰੀ ਦੀ ਖਰੀਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੇਅਰ ਜੀਤੀ ਸਿੱਧੂ ਦੀ ਅਗਵਾਈ ਹੇਠ ਯੋਜਨਾਬੱਧ ਤਰੀਕੇ ਨਾਲ ਕੰਮ ਕਰ ਰਹੀ ਹੈ ਅਤੇ ਸ਼ਹਿਰ ਦੀਆਂ ਲੋੜਾਂ ਅਨੁਸਾਰ ਹੀ ਕੰਮਕਾਰ ਕੀਤੇ ਜਾ ਰਹੇ ਹਨ।