
ਨਗਰ ਨਿਗਮ ਚੋਣਾਂ: ਬਲਬੀਰ ਸਿੱਧੂ, ਕੁਲਵੰਤ ਸਿੰਘ ਤੇ ਚੰਦੂਮਾਜਰਾ ਦਾ ਵਕਾਰ ਦਾਅ ’ਤੇ ਲੱਗਾ
ਕਾਂਗਰਸ ਤੇ ਆਜ਼ਾਦ ਗਰੁੱਪ ਵਿੱਚ ਸਿੱਧਾ ਮੁਕਾਬਲਾ, ਕਈ ਵਾਰਡਾਂ ਵਿੱਚ ਤਿਕੌਣਾ ਮੁਕਾਬਲਾ ਬਣਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਫਰਵਰੀ:
ਮੁਹਾਲੀ ਵਿੱਚ ਭਲਕੇ 14 ਫਰਵਰੀ ਨੂੰ ਹੋਣ ਵਾਲੀਆਂ ਨਗਰ ਨਿਗਮ ਦੀਆਂ ਆਮ ਚੋਣਾਂ ਵਿੱਚ ਐਤਕੀਂ ਮੁੱਖ ਮੁਕਾਬਲਾ ਹੁਕਮਰਾਨ ਕਾਂਗਰਸ ਪਾਰਟੀ ਅਤੇ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਾਲੇ ਆਜ਼ਾਦ ਗਰੁੱਪ ਵਿੱਚ ਮੰਨਿਆ ਜਾ ਰਿਹਾ ਹੈ। ਉਂਜ ਬੀਤੇ ਦਿਨੀਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਫੇਰੀ ਤੋਂ ਬਾਅਦ ਕੁੱਝ ਵਾਰਡਾਂ ਵਿੱਚ ਤਿਕੌਣਾ ਮੁਕਾਬਲਾ ਵੀ ਨਜ਼ਰ ਆ ਰਿਹਾ ਹੈ।
ਉਧਰ, ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਅਕਾਲੀ ਦਲ ਅਤੇ ਭਾਜਪਾ ਵਿੱਚ ਤੋੜ ਵਿਛੋੜਾ ਹੋਣ ਕਾਰਨ ਇਹ ਦੋਵੇਂ ਪਾਰਟੀਆਂ ਵੱਖੋ ਵੱਖਰੇ ਤੌਰ ’ਤੇ ਚੋਣ ਲੜ ਰਹੀਆਂ ਹਨ। ਭਾਜਪਾ ਦੀ ਪੁਜ਼ੀਸ਼ਨ ਕਾਫੀ ਮਾੜੀ ਦੱਸੀ ਜਾ ਰਹੀ ਹੈ। ਕਿਉਂਕਿ ਸ਼ਹਿਰ ਵਿੱਚ ਜਿੱਥੇ ਭਾਜਪਾ ਉਮੀਦਵਾਰਾਂ ਨੂੰ ਲੋਕ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਭਾਜਪਾ ਦੇ ਚਾਰ ਉਮੀਦਵਾਰਾਂ ਨੇ ਚੋਣ ਮੈਦਾਨ ’ਚੋਂ ਹੱਟ ਜਾਣ ਕਾਰਨ ਆਜ਼ਾਦ ਗਰੁੱਪ ਦੀ ਸਥਿਤੀ ਮਜ਼ਬੂਤ ਹੁੰਦੀ ਦਿਖ ਰਹੀ ਹੈ ਕਿਉਂਕਿ ਇਨ੍ਹਾਂ ਭਾਜਪਾ ਉਮੀਦਵਾਰਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ ਅਤੇ ਆਪ ਨੇ ਬਿਨਾਂ ਸ਼ਰਤ ਆਜ਼ਾਦ ਗਰੁੱਪ ਨੂੰ ਸਮਰਥਨ ਦਿੱਤਾ ਗਿਆ ਹੈ। ਇਹੀ ਨਹੀਂ ਹੁਣ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਵੀ ਆਜ਼ਾਦ ਗਰੁੱਪ ਦੀ ਪਿੱਠ ਕੇ ਆ ਗਿਆ ਹੈ। ਸੁਖਦੇਵ ਸਿੰਘ ਢੀਂਡਸਾ ਨੇ ਇਸ ਗਰੁੱਪ ਨੂੰ ਬਿਨਾਂ ਸ਼ਰਤ ਸਮਰਥਨ ਦੇਣ ਦਾ ਰਸਮੀ ਐਲਾਨ ਕੀਤਾ ਗਿਆ ਹੈ। ਇਸ ਤਰ੍ਹਾਂ ਇਨ੍ਹਾਂ ਚੋਣਾਂ ਵਿੱਚ ਆਜ਼ਾਦ ਗਰੁੱਪ ਦਾ ਪੱਲੜਾ ਭਾਰੀ ਦੱਸਿਆ ਜਾ ਰਿਹਾ ਹੈ। ਉਂਜ ਲੰਮੇ ਸਮੇਂ ਤੋਂ ਸੱਤਾ ’ਤੇ ਕਾਬਜ਼ ਰਹੀਆਂ ਪੁਰਾਣੀ ਰਵਾਇਤੀ ਪਾਰਟੀਆਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਤੋਂ ਆਮ ਲੋਕਾਂ ਦਾ ਮੋਹ ਭੰਗ ਹੁੰਦਾ ਜਾ ਰਿਹਾ ਹੈ। ਆਪ ਅਤੇ ਡੈਮੋਕ੍ਰੇਟਿਕ ਦਲ ਤੀਜੀ ਧਿਰ ਵਜੋਂ ਉੱਭਰ ਰਹੇ ਹਨ ਅਤੇ ਇਨ੍ਹਾਂ ਦੋਵੇਂ ਪਾਰਟੀਆਂ ਨੇ ਆਜ਼ਾਦ ਗਰੁੱਪ ਨੂੰ ਸਮਰਥਣ ਦੇਣ ਨਾਲ ਸ਼ਹਿਰ ਵਾਸੀਆਂ ਦੀ ਸਾਰੀ ਉਲਝਣ ਖ਼ਤਮ ਹੋ ਗਈ ਹੈ।
ਮੁਹਾਲੀ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਾਬਕਾ ਮੇਅਰ ਕੁਲਵੰਤ ਸਿੰਘ ਸਮੇਤ ਚੋਣ ਲੜ ਰਹੇ ਕਈ ਸੀਨੀਅਰ ਆਗੂ ਦਾ ਵਕਾਰ ਦਾਅ ’ਤੇ ਲੱਗਾ ਹੋਇਆ ਹੈ। ਸਿਆਸੀ ਹਲਕਿਆਂ ਵਿੱਚ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਇਨ੍ਹਾਂ ਚੋਣਾਂ ਨੂੰ ਅਗਲੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਪ੍ਰੀ ਬੋਰਡ ਪ੍ਰੀਖਿਆ ਵਜੋਂ ਦੇਖਿਆ ਜਾ ਰਿਹਾ ਹੈ।
ਅਕਾਲੀ ਦਲ ਨੂੰ ਪਾਰਟੀ ਤੋਂ ਬਾਗੀ ਹੋਏ ਆਪਣਿਆਂ ਤੋਂ ਵੱਧ ਖ਼ਤਰਾ ਹੈ। ਸ਼ਹਿਰ ਦੇ ਕਈ ਵਾਰਡਾਂ ਵਿੱਚ ਸਾਬਕਾ ਕੌਂਸਲਰ ਆਹਮੋ-ਸਾਹਮਣੇ ਖੜੇ ਹਨ, ਜਦੋਂਕਿ ਕਾਂਗਰਸ ਵਿੱਚ ਕੋਈ ਧੜੇਬੰਦੀ ਨਾ ਹੋਣ ਕਾਰਨ ਕੁੱਝ ਹੱਦ ਤੱਕ ਕਾਂਗਰਸੀ ਸੌਖੇ ਨਜ਼ਰ ਆ ਰਹੇ ਹਨ। ਉਂਜ ਵੀ ਕਾਂਗਰਸ ਸੱਤਾ ਵਿੱਚ ਹੋਣ ਅਤੇ ਸਥਾਨਕ ਵਿਧਾਇਕ ਦਾ ਕੈਬਨਿਟ ਮੰਤਰੀ ਹੋਣ ਕਾਰਨ ਕਾਂਗਰਸੀ ਉਮੀਦਵਾਰਾਂ ਦੇ ਹੌਸਲੇ ਬੁਲੰਦ ਹਨ ਪ੍ਰੰਤੂ ਕਈ ਵਾਰਡਾਂ ਵਿੱਚ ਸਖ਼ਤ ਟੱਕਰ ਹੋਣ ਕਾਰਨ ਹੁਕਮਰਾਨਾਂ ਦੀ ਨੀਂਦ ਉੱਡੀ ਹੋਈ ਹੈ।
ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ, ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਾਬਕਾ ਮੇਅਰ ਕੁਲਵੰਤ ਸਿੰਘ ਆਪਣੀ ਸ਼ਾਖ਼ ਬਚਾਉਣ ਲਈ ਆਪਣੀ ਪੂਰੀ ਤਾਕਤ ਝੋਕ ਦਿੱਤੀ ਹੈ। ਸਾਬਕਾ ਮੇਅਰ ਕੁਲਵੰਤ ਸਿੰਘ ਨੇ ਅੱਜ ਆਪਣੇ ਉਮੀਦਵਾਰਾਂ ਅਤੇ ਸਮਰਥਕਾਂ ਨਾਲ ਮੁੱਖ ਚੋਣ ਦਫ਼ਤਰ ਵਿੱਚ ਮੀਟਿੰਗ ਕੀਤੀ ਅਤੇ ਹੁਕਮਰਾਨ ਪਾਰਟੀ ਅਤੇ ਆਪਣੇ ਬਾਕੀ ਵਿਰੋਧੀਆਂ ਦਾ ਸਾਹਮਣਾ ਕਰਨਾ ਲਈ ਵਿਊਂਤਬੰਦੀ ਕੀਤੀ ਗਈ। ਉਨ੍ਹਾਂ ਸਰਗਰਮ ਆਗੂਆਂ ਅਤੇ ਵਰਕਰਾਂ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਪੋਲਿੰਗ ਬੂਥਾਂ ’ਤੇ ਪਹਿਰਾ ਦੇਣ ਲਈ ਡਿਊਟੀਆਂ ਸੌਂਪੀਆਂ ਗਈਆਂ ਹਨ।