ਨਗਰ ਨਿਗਮ ਚੋਣਾਂ: ਬੂਥ ਕੈਪਚਰਿੰਗ ਤੇ ਵੀਡੀਓਗ੍ਰਾਫ਼ੀ ਤੋਂ ਰੋਕਣ ਦਾ ਮਾਮਲਾ ਹਾਈ ਕੋਰਟ ’ਚ ਪੁੱਜਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਫਰਵਰੀ:
ਇੱਥੋਂ ਦੇ ਵਾਰਡ ਨੰਬਰ-10 (ਫੇਜ਼-7) ਵਿੱਚ ਵਿਚਲੇ ਪੋਲਿੰਗ ਬੂਥ ਨੂੰ ਕਥਿਤ ਕੈਪਚਰਿੰਗ ਅਤੇ ਉਮੀਦਵਾਰ ਨੂੰ ਵੀਡੀਓਗਰ੍ਰਾਫ਼ੀ ਕਰਨ ਤੋਂ ਰੋਕਣ ਦਾ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਗਿਆ ਹੈ। ਇਸ ਸਬੰਧੀ ਆਜ਼ਾਦ ਗਰੁੱਪ ਅਤੇ ‘ਆਪ’ ਦੇ ਸਾਂਝੇ ਉਮੀਦਵਾਰ ਪਰਮਜੀਤ ਸਿੰਘ ਕਾਹਲੋਂ ਨੇ ਆਪਣੇ ਵਕੀਲ ਰਾਹੀਂ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਸਥਾਨਕ ਪੁਲੀਸ ਅਧਿਕਾਰੀਆਂ ’ਤੇ ਵੀਡੀਓਗਰਾਫ਼ੀ ਕਰਨ ਤੋਂ ਰੋਕਣ ਅਤੇ ਕਾਂਗਰਸ ਆਗੂਆਂ ’ਤੇ ਬੂਥ ਕੈਪਚਰਿੰਗ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਮੰਗ ਕੀਤੀ ਕਿ ਵਾਰਡ ਨੰਬਰ-10 ਦੀ ਦੁਬਾਰਾ ਚੋਣ (ਮਤਦਾਨ) ਕਰਵਾਈ ਜਾਵੇ। ਬੀਤੇ ਦਿਨੀਂ ਵੋਟਾਂ ਪੈਣ ਤੋਂ ਬਾਅਦ ਉਨ੍ਹਾਂ ਨੇ ਦੇਰ ਸ਼ਾਮ ਮੁੱਖ ਚੋਣ ਕਮਿਸ਼ਨਰ ਨੂੰ ਵੀ ਲਿਖਤੀ ਸ਼ਿਕਾਇਤ ਭੇਜ ਕੇ ਵੋਟਾਂ ਵਿੱਚ ਗੜਬੜੀ ਕਰਨ ਦਾ ਖ਼ਦਸ਼ਾ ਪ੍ਰਗਟ ਕੀਤਾ ਸੀ। ਉਸ ਨੇ ਹੁਕਮਰਾਨਾਂ ’ਤੇ ਵਾਰਡ ਨੰਬਰ-10 ਦੇ ਦੋਵੇਂ ਬੂਥ ਨੰਬਰ-32 ਅਤੇ ਬੂਥ ਨੰਬਰ-33 ’ਤੇ ਪੁਲੀਸ ਦੀ ਮਿਲੀਭੁਗਤ ਨਾਲ ਕਥਿਤ ਤੌਰ ’ਤੇ ਕਬਜ਼ਾ ਕਰਨ ਦਾ ਦੋਸ਼ ਲਾਇਆ ਹੈ। ਹਾਈ ਕੋਰਟ ਨੇ ਪਟੀਸ਼ਨ ’ਤੇ ਸੁਣਵਾਈ ਲਈ ਭਲਕੇ 16 ਫਰਵਰੀ ਦਾ ਦਿਨ ਨਿਸ਼ਚਿਤ ਕੀਤਾ ਹੈ। ਜਦੋਂਕਿ ਵੋਟਾਂ ਦੀ ਗਿਣਤੀ 17 ਫਰਵਰੀ ਨੂੰ ਹੋਣੀ ਹੈ।
ਸ੍ਰੀ ਕਾਹਲੋਂ ਨੇ ਕਿਹਾ ਕਿ ਹਾਈ ਕੋਰਟ ਵੱਲੋਂ ਜਾਰੀ ਹੁਕਮਾਂ ਦੇ ਬਾਵਜੂਦ ਮੁਹਾਲੀ ਪੁਲੀਸ ਨੇ ਐਤਵਾਰ ਨੂੰ ਮਤਦਾਨ ਦੌਰਾਨ ਪੋਲਿੰਗ ਬੂਥ ’ਤੇ ਉਸ (ਆਜ਼ਾਦ ਉਮੀਦਵਾਰ) ਨੂੰ ਖ਼ੁਦ ਆਪਣੇ ਖਰਚੇ ਉੱਤੇ ਵੀਡੀਓਗ੍ਰਾਫ਼ੀ ਨਹੀਂ ਕਰਨ ਦਿੱਤੀ ਗਈ। ਪਟੀਸ਼ਨ ਵਿੱਚ ਕਿਹਾ ਗਿਆ ਕਿ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਛੋਟੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਜੋ ਕਿ ਇਸ ਵਾਰਡ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਨ, ਨੇ ਚੰਡੀਗੜ੍ਹ ਨਗਰ ਨਿਗਮ ਦੇ ਕਾਂਗਰਸੀ ਕੌਂਸਲਰ ਦਵਿੰਦਰ ਬਬਲਾ ਨਾਲ ਮਿਲ ਕੇ ਫੇਜ਼-7 ਵਿਚਲੇ ਪ੍ਰਾਈਵੇਟ ਸਕੂਲ ਵਿੱਚ ਸਥਿਤ ਪੋਲਿੰਗ ਬੂਥ ’ਤੇ ਕਬਜ਼ਾ ਕਰ ਲਿਆ ਅਤੇ ਇਹ ਪੂਰੀ ਕਾਰਵਾਈ ਪੁਲੀਸ ਦੇ ਸੀਨੀਅਰ ਅਫ਼ਸਰਾਂ ਦੀ ਸ਼ਹਿ ’ਤੇ ਕੀਤੀ ਗਈ। ਇਸ ਸਬੰਧੀ ਤੁਰੰਤ ਐਸਐਸਪੀ ਅਤੇ ਚੋਣ ਆਬਜ਼ਰਵਰ ਅਤੇ ਪੁਲੀਸ ਕੰਟਰੋਲ ਰੂਮ ’ਤੇ ਸੂਚਨਾ ਦਿੱਤੀ ਪ੍ਰੰਤੂ ਕੋਈ ਕਾਰਵਾਈ ਨਹੀਂ ਹੋਈ। ਉਲਟਾ ਪੁਲੀਸ ਨੇ ਉਸ ਨੂੰ ਹੀ ਬੂਥ ’ਚੋਂ ਬਾਹਰ ਕੱਢ ਦਿੱਤਾ।
ਸ੍ਰੀ ਕਾਹਲੋਂ ਨੇ ਹੁਕਮਰਾਨਾਂ ਨੇ ਵੋਟਰ ਕਾਰਡ ਦੀ ਥਾਂ ਆਧਾਰ ਕਾਰਡ ਦਿਖਾ ਕੇ ਆਪਣੇ ਸਮਰਥਕਾਂ ਦੀਆਂ ਵੋਟਾਂ ਭੁਗਤਾਈਆਂ ਗਈਆਂ। ਇਸ ਸਬੰਧੀ ਉਹ ਸਾਰਾ ਦਿਨ ਪੁਲੀਸ ਨੂੰ ਸ਼ਿਕਾਇਤਾਂ ਦੇ ਕੇ ਕਾਰਵਾਈ ਦੀ ਮੰਗ ਕਰਦੇ ਰਹੇ ਪ੍ਰੰਤੂ ਪੁਲੀਸ ਨੇ ਮੰਤਰੀ ਦੇ ਪ੍ਰਭਾਵ ਹੇਠ ਉਨ੍ਹਾਂ ਦੀ ਗੱਲ ਤੱਕ ਨਹੀਂ ਸੁਣੀ। ਉਨ੍ਹਾਂ ਖ਼ਦਸ਼ਾ ਪ੍ਰਗਟ ਕੀਤਾ ਕਿ ਉਸ ਨੂੰ ਬੂਥ ਤੋਂ ਬਾਹਰ ਕਰਕੇ ਵੋਟਾਂ ਦੀ ਗੜਬੜੀ ਕੀਤੀ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਵਾਰਡ ਨੰਬਰ-10 ਦੀ ਦੁਬਾਰਾ ਚੋਣ ਕਰਵਾਈ ਜਾਵੇ।
ਉਧਰ, ਦੂਜੇ ਪਾਸੇ ਇਸ ਸਬੰਧੀ ਸੰਪਰਕ ਕਰਨ ’ਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਆਜ਼ਾਦ ਗਰੁੱਪ ਦੇ ਮੈਂਬਰ ਦੇ ਸਾਰੇ ਦੋਸ਼ ਬਿਲਕੁਲ ਗਲਤ ਤੇ ਬੇਬੁਨਿਆਦ ਅਤੇ ਮਨਘੜਤ ਹਨ। ਉਨ੍ਹਾਂ ਦੱਸਿਆ ਕਿ ਪਰਮਜੀਤ ਕਾਹਲੋਂ ਮਤਦਾਨ ਦੌਰਾਨ ਬਾਅਦ ਦੁਪਹਿਰ ਗੁਰੂ ਆਸਰਾ ਟਰੱਸਟ ਵਿੱਚ ਰਹਿੰਦੀਆਂ ਲੜਕੀਆਂ ਦੀਆਂ ਜਾਅਲੀ ਵੋਟਾਂ ਭੁਗਤਾਉਣ ਲਈ ਕਾਫ਼ੀ ਲੜਕੀਆਂ ਨੂੰ ਲੈ ਕੇ ਪੋਲਿੰਗ ਬੂਥ ’ਤੇ ਆਇਆ ਸੀ ਜਦੋਂਕਿ ਇਸ ਟਰੱਸਟ ਨੂੰ ਇੱਥੋਂ ਸ਼ਿਫ਼ਟ ਹੋਏ ਕਰੀਬ ਤਿੰਨ ਸਾਲ ਬੀਤ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਦੋਂ ਪੋਲਿੰਗ ਸਟਾਫ਼ ਅਤੇ ਪੁਲੀਸ ਨੇ ਉਨ੍ਹਾਂ ਨੂੰ ਜਾਅਲੀ ਵੋਟ ਭੁਗਤਾਉਣ ਤੋਂ ਸਖ਼ਤੀ ਨਾਲ ਰੋਕਿਆ ਤਾਂ ਉਹ ਦੂਸ਼ਣਬਾਜ਼ੀ ’ਤੇ ਉਤਰ ਆਇਆ। ਉਨ੍ਹਾਂ ਕਿਹਾ ਕਿ ਨਗਰ ਨਿਗਮ ਚੋਣਾਂ ਦਾ ਅਮਲ ਪੁਰਅਮਨ ਅਮਾਨ ਨਾਲ ਨੇਪਰੇ ਚਾੜ੍ਹਨ ਲਈ ਹਰੇਕ ਨਾਗਰਿਕ ਮੁਹਾਲੀ ਪ੍ਰਸ਼ਾਸਨ ਦੀ ਭਰਵੀਂ ਸ਼ਲਾਘਾ ਕਰ ਰਿਹਾ ਹੈ ਪ੍ਰੰਤੂ ਇਹ ਲੋਕ ਨਿੰਦਣ ’ਤੇ ਲੱਗੇ ਹੋਏ ਹਨ।

Load More Related Articles
Load More By Nabaz-e-Punjab
Load More In Campaign

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …