ਮੁਹਾਲੀ ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਵੱਲੋਂ 20 ਕਰੋੜ ਰੁਪਏ ਦੇ ਕੰਮਾਂ ਦੇ ਮਤੇ ਪਾਸ

ਸਨਅਤੀ ਏਰੀਆ ਦੇ ਵਿਕਾਸ ਲਈ 7 ਕਰੋੜ ਰੱਖੇ, ਨਿਗਮ ’ਚ ਬਣੇਗਾ ਵੀਡੀਓ ਕਾਨਫਰੰਸਿੰਗ ਰੂਮ

ਸੈਕਟਰ-76 ਤੋਂ 80 ਦੇ ਸਾਰੇ ਸੈਕਟਰ ਵਿੱਚ ਲੱਗੇਗਾ ਇਕ-ਇਕ ਓਪਨ ਏਅਰ ਜਿਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜੁਲਾਈ:
ਮੁਹਾਲੀ ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਅੱਜ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਲਗਪਗ 20 ਕਰੋੜ ਰੁਪਏ ਦੇ ਕੰਮਾਂ ਦੇ ਮਤੇ ਪਾਸ ਕੀਤੇ ਗਏ। ਮੀਟਿੰਗ ਵਿੱਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਮੇਟੀ ਮੈਂਬਰ ਜਸਬੀਰ ਸਿੰਘ ਮਣਕੂ, ਅਨੁਰਾਧਾ ਆਨੰਦ, ਕਮਿਸ਼ਨਰ ਕਮਲ ਗਰਗ ਵੀ ਹਾਜ਼ਰ ਸਨ। ਮੀਟਿੰਗ ਵਿੱਚ ਪਾਸ ਕੀਤੇ ਗਏ ਮਤਿਆਂ ਵਿੱਚ ਮੁੱਖ ਤੌਰ ’ਤੇ ਸੜਕਾਂ ਦੀ ਮੁਰੰਮਤ ਅਤੇ ਨਵੀਂ ਪ੍ਰੀਮਿਕਸ ਪਾਉਣਾ, ਪੇਵਰ ਲਗਾਉਣ ਸਮੇਤ ਸਟਰੀਟ ਲਾਈਟ ਨਾਲ ਸੰਬੰਧਤ ਅਤੇ ਹਾਰਟੀਕਲਚਰ ਨਾਲ ਸਬੰਧਤ ਕਈ ਮਤੇ ਪਾਸ ਕੀਤੇ ਗਏ ਹਨ।
ਇਹ ਹਨ ਪ੍ਰਮੁੱਖ ਕੰਮ: ਮੁਹਾਲੀ ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਵਿੱਚ ਪਾਸ ਕੀਤੇ ਗਏ ਮਤਿਆਂ ਵਿੱਚ ਪ੍ਰਮੁੱਖ ਤੌਰ ’ਤੇ ਸੈਕਟਰ-76 ਤੋਂ 80 ਦੇ ਹਰੇਕ ਸੈਕਟਰ ਵਿਖੇ ਇਕ ਆਊਟਡੋਰ ਜਿੰਮ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਮੁਹਾਲੀ ਦੇ ਸਨਅਤੀ ਖੇਤਰ ਫੇਜ਼-8 ਏ ਅਤੇ ਫੇਜ਼-8ਬੀ ਵਿੱਚ ਸੱਤ ਕਰੋੜ ਦੀ ਲਾਗਤ ਨਾਲ ਹਰ ਤਰ੍ਹਾਂ ਦੇ ਵਿਕਾਸ ਦੇ ਕਾਰਜ ਕਰਵਾਏ ਜਾਣਗੇ। ਇਹ ਖੇਤਰ ਨਗਰ ਨਿਗਮ ਵੱਲੋਂ ਪੀਐੱਸਆਈਈਸੀ ਤੋਂ ਟੇਕ ਓਵਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਨਗਰ ਨਿਗਮ ਭਵਨ ਸੈਕਟਰ-68 ਵਿੱਚ ਵੀਡਿਓ ਕਾਨਫਰੰਸਿੰਗ ਰੂਮ ਤਿਆਰ ਕੀਤਾ ਜਾਣਾ ਹੈ ਅਤੇ ਫੇਜ਼-3ਬੀ1 ਦੇ ਰੋਜ਼ ਗਾਰਡਨ ਵਿੱਚ ਇੱਕ ਨਵਾਂ ਬਾਥਰੂਮ ਬਣਾਇਆ ਜਾਣਾ ਹੈ। ਸੜਕ ਸੁਰੱਖਿਆ ਨੂੰ ਤਵੱਜੋ ਦਿੰਦੇ ਹੋਏ ਸੜਕਾਂ ਉੱਤੇ ਸਪੀਡ ਬਰੇਕਰ ਅਤੇ ਟਰੈਫ਼ਿਕ ਲਾਈਟਾਂ ਲਗਾਈਆਂ ਜਾਣਗੀਆਂ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੇਅਰ ਜੀਤ ਸਿੱਧੂ ਨੇ ਦੱਸਿਆ ਕਿ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ ਪਾਸ ਕੀਤੇ ਗਏ ਮਤਿਆਂ ਵਿਚ ਕਿਸੇ ਵੀ ਵਾਰਡ ਨਾਲ ਵਿਤਕਰਾ ਨਹੀਂ ਹੋਇਆ ਅਤੇ ਇਹ ਸਾਰੇ ਕੰਮ ਪੂਰੀ ਪਾਰਦਰਸ਼ਤਾ ਨਾਲ ਜਾਣਗੇ। ਉਨ੍ਹਾਂ ਕਿਹਾ ਕਿ ਉਹ ਪੂਰੇ ਸ਼ਹਿਰ ਦੇ ਮੇਅਰ ਹਨ ਅਤੇ ਸਮੂਹ ਕੌਂਸਲਰਾਂ ਨੂੰ ਇਹ ਤਸੱਲੀ ਰੱਖਣੀ ਚਾਹੀਦੀ ਹੈ ਕਿ ਉਨ੍ਹਾਂ ਦੇ ਵਾਰਡਾਂ ਦੇ ਵਿਕਾਸ ਦੀ ਜ਼ਿੰਮੇਵਾਰੀ ਨਗਰ ਨਿਗਮ ਦੀ ਹੀ ਹੈ ਜਿਸ ਨੂੰ ਪੂਰੀ ਤਨ ਦੇਹੀ ਨਾਲ ਅਦਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁਹਾਲੀ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਵਿਰੋਧੀ ਧਿਰ ਨੂੰ ਦਿੱਤਾ ਠੋਕਵਾਂ ਜਵਾਬ: ਇਹ ਮੀਟਿੰਗ ਸੱਦ ਕੇ ਅਤੇ ਮਤੇ ਪਾਸ ਕਰ ਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਵਿਰੋਧੀ ਧਿਰ ਨੂੰ ਠੋਕਵਾਂ ਜਵਾਬ ਦਿੱਤਾ ਹੈ। ਜ਼ਿਕਰਯੋਗ ਹੈ ਕਿ ਵਿਰੋਧੀ ਧਿਰ ਨੇ ਕਿਹਾ ਸੀ ਕਿ ਕਾਬਜ਼ ਧਿਰ ਕੋਈ ਵੀ ਮਤਾ ਵਿੱਤ ਤੇ ਠੇਕਾ ਕਮੇਟੀ ਵਿਚ ਪਾਸ ਨਹੀਂ ਕਰ ਸਕੇਗੀ ਜਦੋਂ ਤੱਕ ਉਨ੍ਹਾਂ ਮਤਿਆਂ ਨੂੰ ਹਾਊਸ ਦੀ ਮੀਟਿੰਗ ਵਿੱਚ ਪਾਸ ਨਹੀਂ ਕੀਤਾ ਜਾਂਦਾ। ਇਸ ਦੇ ਜਵਾਬ ਵਿੱਚ ਜੀਤੀ ਸਿੱਧੂ ਨੇ ਪੱਤਰਕਾਰ ਸੰਮੇਲਨ ਵਿੱਚ ਇਹ ਗੱਲ ਕਹੀ ਸੀ ਕਿ ਵਿੱਤ ਤੇ ਠੇਕਾ ਕਮੇਟੀ ਨਿਯਮਾਂ ਅਨੁਸਾਰ ਪਹਿਲਾਂ ਵਾਂਗ ਕੰਮ ਕਰ ਰਹੀ ਹੈ ਅਤੇ ਕਰਦੀ ਰਹੇਗੀ ਅਤੇ ਛੇਤੀ ਹੀ ਉਹ ਇਸ ਦੀ ਮੀਟਿੰਗ ਸੱਦਣਗੇ। ਅੱਜ ਉਨ੍ਹਾਂ ਨੇ ਇਹ ਮੀਟਿੰਗ ਸੱਦ ਕੇ ਤੇ ਲਗਪਗ 20 ਕਰੋੋੜ ਰੁਪਏ ਦੇ ਮਤੇ ਪਾਸ ਕਰਕੇ ਵਿਰੋਧੀਆਂ ਨੂੰ ਕਰਾਰਾ ਜਵਾਬ ਦੇ ਦਿੱਤਾ ਹੈ।

Load More Related Articles
Load More By Nabaz-e-Punjab
Load More In Awareness/Campaigns

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …