ਮੁਹਾਲੀ ਨਗਰ ਨਿਗਮ ਨੇ ਇਕ ਹੋਰ ਵਿੱਤੀ ਮੋਰਚਾ ਕੀਤਾ ਫਤਿਹ: ਮੇਅਰ ਜੀਤੀ ਸਿੱਧੂ

ਸਿੱਧੂ ਦੇ ਯਤਨਾਂ ਸਦਕਾ ਪੀਐਸਪੀਸੀਐਲ ਤੋਂ ਪੰਜ ਕਰੋੜ ਰੁਪਏ ਦੀ ਦੂਜੀ ਕਿਸ਼ਤ ਵੀ ਹੋਈ ਰਿਲੀਜ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਦਸੰਬਰ:
ਮੁਹਾਲੀ ਨਗਰ ਨਿਗਮ ਨੇ ਅੱਜ ਇੱਕ ਹੋਰ ਵਿੱਤੀ ਮੋਰਚਾ ਫਤਿਹ ਕਰਦਿਆਂ ਪੀਐੱਸਪੀਸੀਐਲ ਤੋਂ ਪੰਜ ਕਰੋੜ ਦੀ ਬਕਾਏ ਦੀ ਦੂਜੀ ਕਿਸ਼ਤ ਹਾਸਲ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਅੱਜ ਇੱਥੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਪੀਐਸਪੀਸੀਐਲ ਵੱਲੋਂ ਪੰਜ ਕਰੋੜ ਰੁਪਏ ਦੀ ਪਹਿਲੀ ਕਿਸ਼ਤ ਰਿਲੀਜ਼ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਹ ਰਾਸ਼ੀ ਸ਼ਹਿਰ ਦੇ ਸਰਬਪੱਖੀ ਵਿਕਾਸ ਕਾਰਜਾਂ ’ਤੇ ਖ਼ਰਚੀ ਜਾਵੇਗੀ।
ਜੀਤੀ ਸਿੱਧੂ ਨੇ ਦੱਸਿਆ ਕਿ ਬਿਜਲੀ ਦੇ ਬਿੱਲਾਂ ਦੇ ਨਾਲ ਜੋ ਐਕਸਾਈਜ਼ ਡਿਊਟੀ ਕੱਟਦੀ ਹੈ, ਉਹ ਪੀਐਸਪੀਸੀਐਲ ਨੇ ਮੁਹਾਲੀ ਨਿਗਮ ਨੂੰ ਦੇਣੀ ਹੁੰਦੀ ਹੈ ਪ੍ਰੰਤੂ ਪਹਿਲਾਂ ਇਸ ਦਾ ਭੁਗਤਾਨ ਨਹੀਂ ਸੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦਾ ਪੀਐੱਸਪੀਸੀਐੱਲ ਵੱਲ ਐਕਸਾਈਜ਼ ਡਿਊਟੀ ਦਾ 30 ਕਰੋੜ ਤੋਂ ਵੱਧ ਦਾ ਬਕਾਇਆ ਖੜਾ ਹੈ ਲੇਕਿਨ ਸਾਬਕਾ ਸਿਹਤ ਮੰਤਰੀ ਅਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਦੇ ਨਿੱਜੀ ਦਖ਼ਲ ਨਾਲ ਹੁਣ ਤੱਕ 10 ਕਰੋੜ ਰੁਪਏ ਪ੍ਰਾਪਤ ਹੋ ਚੁੱਕੇ ਹਨ ਅਤੇ ਬਾਕੀ ਬਕਾਇਆ ਲੈਣ ਲਈ ਵੀ ਉਪਰਾਲੇ ਜਾਰੀ ਕੀਤੇ ਜਾਣਗੇ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਾਬਕਾ ਮੰਤਰੀ ਸਿੱਧੂ ਦੇ ਉਪਰਾਲਿਆਂ ਸਦਕਾ ਗਮਾਡਾ ਕੋਲੋਂ ਨਗਰ ਨਿਗਮ ਦੇ ਬਕਾਇਆ ਪਏ ਕਰੋੜਾਂ ਰੁਪਏ ’ਚੋਂ ਹੁਣ ਤੱਕ 25 ਕਰੋੜ ਤੋਂ ਵੱਧ ਦੀ ਰਾਸ਼ੀ ਹਾਸਲ ਹੋ ਚੁੱਕੀ ਹੈ ਅਤੇ ਗਮਾਡਾ ਤੋਂ ਵੀ ਹੋਰ ਬਕਾਇਆ ਰਾਸ਼ੀ ਲੈਣ ਉਪਰਾਲੇ ਜਾਰੀ ਹਨ।
ਉਨ੍ਹਾਂ ਕਿਹਾ ਕਿ ਉਹ ਪਿਛਲੀ ਨਗਰ ਨਿਗਮ ਦੇ ਦੌਰਾਨ ਵਿਰੋਧੀ ਧਿਰ ਵਿੱਚ ਬੈਠ ਕੇ ਹਮੇਸ਼ਾਂ ਇਹ ਗੱਲ ਚੁੱਕਦੇ ਰਹੇ ਸਨ ਕਿ ਗਮਾਡਾ ਅਤੇ ਬਿਜਲੀ ਵਿਭਾਗ ਕੋਲੋਂ ਬਕਾਏ ਬਕਾਇਆ ਪਏ ਪੈਸੇ ਵਾਪਸ ਲਏ ਜਾਣ ਪਰ ਉਦੋਂ ਦੀ ਚੁਣੀ ਹੋਈ ਕਾਬਜ਼ ਟੀਮ ਨੇ ਕਦੇ ਵੀ ਇਸ ਪੱਖੋਂ ਉਪਰਾਲਾ ਨਹੀਂ ਕੀਤਾ ਜਿਸ ਦੇ ਨਤੀਜੇ ਵਜੋਂ ਬਕਾਇਆ ਰਕਮ ਵੀ ਹੋਰ ਵਧਦੀ ਹੀ ਗਈ।
ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਮੇਅਰ ਜੀਤੀ ਸਿੱਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਬਿਜਲੀ ਵਿਭਾਗ ਕੋਲ ਬਕਾਇਆ ਪਈ ਰਕਮ ਵੀ ਵਾਪਸ ਆਉਣ ਲੱਗੀ ਹੈ, ਮੁਹਾਲੀ ਨਗਰ ਨਿਗਮ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਚਲ ਰਹੇ ਵਿਕਾਸ ਕੰਮਾਂ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸ਼ਹਿਰ ਵਾਸੀਆਂ ਨੂੰ ਪਹਿਲ ਦੇ ਆਧਾਰ ’ਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਵਿਧਾਇਕ ਬਲਬੀਰ ਸਿੰਘ ਸਿੱਧੂ ਅਤੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਹੇਠ ਮੁਹਾਲੀ ਵਿੱਚ ਵੱਡੇ ਪੱਧਰ ਤੇ ਵਿਕਾਸ ਕਾਰਜ ਜਾਰੀ ਹਨ ਅਤੇ ਹਰ ਕੋਨੇ ਵਿਚ ਵਿਕਾਸ ਕਾਰਜ ਚੱਲ ਰਹੇ ਹਨ। ਜਿਨ੍ਹਾਂ ਲਈ ਫੰਡਾਂ ਦੀ ਘਾਟ ਇਸੇ ਕਰਕੇ ਨਹੀਂ ਆ ਰਹੀ ਕਿਉਂਕਿ ਵਿਧਾਇਕ ਸਿੱਧੂ ਅਤੇ ਮੇਅਰ ਜੀਤੀ ਸਿੱਧੂ ਦੀ ਦੂਰਅੰਦੇਸ਼ੀ ਸੋਚ ਦੀ ਬਦੌਲਤ ਵੱਖੋ-ਵੱਖ ਵਿਭਾਗਾਂ ਕੋਲ ਬਕਾਇਆ ਪਏ ਕਰੋੜਾਂ ਰੁਪਏ ਵਾਪਿਸ ਆ ਰਹੇ ਹਨ।

Load More Related Articles

Check Also

ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 10 ਅਪਰੈਲ: ਇੱਥੋ…