ਨਗਰ ਨਿਗਮ ਦੀ ਮੀਟਿੰਗ ਵਿੱਚ ਸਾਢੇ 6 ਕਰੋੜ ਰੁਪਏ ਦੇ ਵਿਕਾਸ ਮਤੇ ਪਾਸ, ਵਿਧਾਇਕ ਸਿੱਧੂ ਦਾ ਹੋਇਆ ਵਿਸ਼ੇਸ਼ ਸਵਾਗਤ

ਸ਼ਹਿਰ ਵਿੱਚ ਪਾਣੀ ਸਪਲਾਈ ਲਈ 6 ਕਰੋੜ ਦਾ ਪ੍ਰਾਜੈਕਟ ਮਨਜੂਰ, ਸੀਵਰੇਜ ਲਈ 82 ਕਰੋੜ ਦਾ ਪ੍ਰਾਜੈਕਟ ਵਿਚਾਰ ਅਧੀਨ: ਮੇਅਰ ਕੁਲਵੰਤ ਸਿੰਘ

ਪਰਮਿੰਦਰ ਸੋਹਾਣਾ ਨੇ ਪਿੰਡਾਂ ਦੇ ਵੱਖਰੇ ਬਾਇਲਾਜ ਬਣਾਉਣ ਦਾ ਮੁੱਦਾ ਚੁੱਕਿਆ, ਅਰੁਣ ਸ਼ਰਮਾ ਨੇ ਨਾਜਾਇਜ਼ ਰੇਹੜੀਆਂ ਬਾਰੇ ਰੱਖੇ ਵਿਚਾਰ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਪਰੈਲ:
ਮੁਹਾਲੀ ਦੇ ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਹੋਈ ਨਗਰ ਨਿਗਮ ਮੀਟਿੰਗ ਵਿੱਚ ਦਫ਼ਤਰੀ ਮੁਲਾਜ਼ਮਾਂ ਸਮੇਤ ਸ਼ਹਿਰ ਦੇ ਵਿਕਾਸ ਨਾਲ ਜੁੜੇ ਸਾਢੇ 6 ਕਰੋੜ ਰੁਪਏ ਦੇ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ। ਪੰਜਾਬ ਵਿੱਚ ਸੱਤਾ ਪਰਿਵਰਤਨ ਤੋਂ ਬਾਅਦ ਅਤੇ ਤੀਜੀ ਵਾਰ ਵੱਡੀ ਲੀਡ ਨਾਲ ਚੋਣ ਜਿੱਤ ਕੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਸ਼ਾਮਲ ਹੋਣ ’ਤੇ ਮੇਅਰ, ਨਿਗਮ ਅਧਿਕਾਰੀਆਂ ਅਤੇ ਕੌਂਸਲਰਾਂ ਨੇ ਉਨ੍ਰਾਂ ਦਾ ਸਵਾਗਤ ਕੀਤਾ। ਮੀਟਿੰਗ ਦੀ ਰਸਮੀ ਸ਼ੁਰੂਆਤ ਤੋਂ ਪਹਿਲਾਂ ਨਿਗਮ ਦੇ ਕਮਿਸ਼ਨਰ ਰਾਜੇਸ਼ ਧੀਮਾਨ ਵੱਲੋਂ ਸ੍ਰੀ ਸਿੱਧੂ ਦੇ ਤੀਜੀ ਵਾਰ ਹਲਕਾ ਵਿਧਾਇਕ ਚੁਣੇ ਜਾਣ ਤੋਂ ਬਾਅਦ ਪਹਿਲੀ ਵਾਰ ਨਗਰ ਨਿਗਮ ਦੇ ਦਫਤਰ ਪਹੁੰਚਣ ’ਤੇ ਜੀ ਆਇਆ ਨੂੰ ਆਖਿਆ। ਉਨ੍ਹਾਂ ਕੌਂਸਲਰਾਂ ਨੂੰ ਅਪੀਲ ਕੀਤੀ ਕਿ ਉਹ ਰਾਜਨੀਤੀ ਤੋਂ ਉੱਪਰ ਉਠ ਕੇ ਸ਼ਹਿਰ ਦੇ ਵਿਕਾਸ ਲਈ ਇੱਕਜੁਟ ਹੋ ਕੇ ਕੰਮ ਕਰਨ ਤਾਂ ਜੋ ਸ੍ਰੀ ਸਿੱਧੂ ਦੇ ਸਹਿਯੋਗ ਨਾਲ ਸ਼ਹਿਰ ਦਾ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇ।
ਇਸ ਮੌਕੇ ਬੋਲਦਿਆਂ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਭਾਵੇੱ ਹਰ ਸਿਆਸੀ ਆਗੂ ਵੱਲੋਂ ਵੱਖਰੀ ਸੁਰ ਅਪਣਾਈ ਗਈ ਹੋਵੇ ਪਰੰਤੂ ਚੋਣਾਂ ਤੋੱ ਬਾਅਦ ਜਿੱਤੇ ਹੋਏ ਵਿਧਾਇਕ ਨੇ ਪੂਰੇ ਹਲਕੇ ਦੀ ਅਗਵਾਈ ਕਰਨੀ ਹੁੰਦੀ ਹੈ ਅਤੇ ਆਸ ਹੈ ਕਿ ਸ੍ਰੀ ਸਿੱਧੂ ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ। ਉਨ੍ਹਾਂ ਕਿਹਾ ਕਿ ਸ੍ਰੀ ਸਿੱਧੂ ਹਲਕੇ ਦੇ ਸੀਨੀਅਰ ਆਗੂ ਹਨ ਅਤੇ ਲਗਾਤਾਰ ਤੀਜੀ ਵਾਰ ਚੋਣ ਜਿੱਤਣ ਉਪਰੰਤ ਹੁਣ ਉਨ੍ਹਾਂ ਦੇ ਮੰਤਰੀ ਬਣਨ ਦੀ ਵੀ ਆਸ ਹੈ। ਉਨ੍ਹਾਂ ਕਿਹਾ ਕਿ ਭਾਵੇੱ ਨਗਰ ਨਿਗਮ ਹੋਵੇ, ਨਗਰ ਕੌਂਸਲ ਜਾਂ ਪੰਚਾਇਤਾਂ, ਇਨ੍ਹਾਂ ’ਚੋਂ ਕੋਈ ਵੀ ਅਦਾਰਾ ਸਰਕਾਰ ਦੇ ਲੜੀਂਦੇ ਸਹਿਯੋਗ ਬਿਨਾ ਠੀਕ ਢੰਗ ਨਾਲ ਕੰਮ ਨਹੀਂ ਕਰ ਸਕਦਾ ਅਤੇ ਉਹਨਾਂ ਨੂੰ ਪੂਰੀ ਆਸ ਹੈ ਕਿ ਸ੍ਰੀ ਸਿੱਧੂ ਵੱਲੋਂ ਆਪਣਾ ਰਸੂਖ ਵਰਤ ਕੇ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਆਉਣ ਵਾਲੀਆਂ ਸਰਕਾਰੀ ਪੱਧਰ ਦੀਆਂ ਰੁਕਾਵਟਾਂ ਨੂੰ ਦੂਰ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਨਗਰ ਨਿਗਮ ਦੇ ਸਮੂਹ ਕੌਂਸਲਰ ਸ਼ਹਿਰ ਦੀ ਭਲਾਈ ਲਈ ਉਹਨਾਂ ਨਾਲ ਪੂਰਨ ਸਹਿਯੋਗ ਕਰਣਗੇ।
ਇਸ ਮੌਕੇ ਬੋਲਦਿਆਂ ਸ੍ਰੀ ਸਿੱਧੂ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸ਼ਹਿਰ ਦੇ ਅਤੇ ਹਲਕੇ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹਨ ਅਤੇ ਹਲਕੇ ਦੇ ਵਿਕਾਸ ਦੇ ਕੰਮਾਂ ਅਤੇ ਲੋਕਾਂ ਦੀ ਭਲਾਈ ਨਾਲ ਜੁੜੇ ਮੱਦਿਆਂ ਤੇ ਉਹ ਹਮੇਸ਼ਾ ਹਾਜ਼ਰ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਯੋਜਨਾ ਬੱਧ ਢੰਗ ਨਾਲ ਨਾਲ ਮੁਕੰਮਲ ਕੀਤਾ ਜਾਣਾ ਚਾਹੀਦਾ ਹੈ ਅਤੇ ਉਹ ਪਾਰਟੀ ਪੱਧਰ ਤੋੱ ਉੱਪਰ ਉਠ ਕੇ ਨਿਗਮ ਦੇ ਸਮੂਹ ਕੌਂਸਲਰਾਂ ਦੇ ਨਾਲ ਮਿਲ ਕੇ ਕੰਮ ਕਰਣਗੇ ਤਾਂ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋੱ ਪੰਜਾਬ ਦੇ ਵਿਕਾਸ ਅਤੇ ਤਰੱਕੀ ਲਈ ਵੇਖੇ ਸੁਫਨੇ ਨੂੰ ਪੂਰਾ ਕੀਤਾ ਜਾ ਸਕੇ। ਮੀਟਿੰਗ ਦੌਰਾਨ ਪੇਸ਼ ਕੀਤੇ ਗਏ ਵਿਕਾਸ ਕਾਰਜਾਂ ਦੇ ਸਾਢੇ 6 ਕਰੋੜ ਰੁਪਏ ਦੇ ਮਤਿਆਂ ਦੇ ਨਾਲ ਨਾਲ ਕਰਮਚਾਰੀਆਂ ਦੇ ਕੰਮਾਂ ਨਾਲ ਜੁੜੇ ਸਾਰੇ ਅਤੇ ਸਰਵਸੰਮਤੀ ਨਾਲ ਪਾਸ ਕਰ ਦਿੱਤੇ ਗਏ। ਇਨ੍ਹਾਂ ਵਿੱਚ ਪੀਣ ਵਾਲੇ ਪਾਣੀ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਜੁਰਮਾਨਾ ਕਰਨ ਅਤੇ ਵਾਰ ਵਾਰ ਦੁਰਵਰਤੋਂ ਦਾ ਮਾਮਲਾ ਸਾਹਮਣੇ ਆਉਣ ’ਤੇ ਉਨ੍ਹਾਂ ਦੇ ਪਾਣੀ ਦੇ ਕੁਨੈਕਸ਼ਨ ਕੱਟਣ ਦਾ ਮਤਾ ਵੀ ਸ਼ਾਮਲ ਹੈ।
ਮੀਟਿੰਗ ਦੌਰਾਨ ਕੌਂਸਲਰਾਂ ਵਿੱਚ ਸ਼ਹਿਰ ਦੇ ਵੱਖ ਵੱਖ ਮਸਲਿਆਂ ਨੂੰ ਲੈ ਕੇ ਭਰਵੀ ਬਹਿਸ ਹੋਈ। ਕੌਂਸਲਰ ਪਰਮਿੰਦਰ ਸੋਹਣਾ ਨੇ ਪਿੰਡ ਦੀ ਧਰਮਸ਼ਾਲਾ ਦੀ ਤਿੰਨ ਲੱਖ ਦੀ ਗ੍ਰਾਂਟ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਇੱਕ ਸਾਲ ਹੋ ਜਾਣ ਦੇ ਬਾਵਜੂਦ ਕੰਮ ਸ਼ੁਰੂ ਨਹੀਂ ਹੋਇਆ ਹੈ। ਉਨ੍ਹਾਂ ਨੇ ਨਿਗਮ ਆਉਂਦੇ ਪਿੰਡਾਂ ਨੂੰ ਪ੍ਰਾਪਰਟੀ ਟੈਕਸ ਤੇ ਨਕਸ਼ਾ ਸਮੇਤ ਹੋਰ ਟੈਕਸਾਂ ਤੋਂ ਛੋਟ ਦੇਣ ਦੀ ਵਕਾਲਤ ਕਰਦਿਆਂ ਨਿਗਮ ਅਧੀਨ ਆਉਂਦੇ ਛੇ ਪਿੰਡਾਂ ਲਈ ਵੱਖਰੇ ਬਾਇਲਾਜ਼ ਬਣਾਉਣ ਦੀ ਮੰਗ ਕੀਤੀ। ਵਿਧਾਇਕ ਸਿੱਧੂ ਨੇ ਇਸ ਮੁੱਦੇ ’ਤੇ ਚੰਡੀਗੜ੍ਹ ਪੈਟਨਰ ਅਪਨਾਉਣ ਦੀ ਸਲਾਹ ਦਿੱਤੀ।
ਇਸ ਮੌਕੇ ਕੌਂਸਲਰ ਫੂਲਰਾਜ ਸਿੰਘ ਨੇ ਸ਼ਹਿਰ ਵਿੱਚ ਘੁੰਮਦੇ ਆਵਾਰਾ ਪਸ਼ੂਆਂ ਦਾ ਮੁੱਦਾ ਚੁੱਕਿਆ। ਉਹਨਾਂ ਕਿਹਾ ਕਿ ਉਹਨਾਂ ਪਸ਼ੂਆਂ ਦਾ ਦੁੱਧ ਕੱਢ ਕੇ ਇਹਨਾਂ ਨੂੰ ਸ਼ਹਿਰ ਵਿਚ ਛੱਡ ਦਿੱਤਾ ਜਾਂਦਾ ਹੈ ਅਤੇ ਜਿਹੜੇ ਲੋਕਾਂ ਨੇ ਇਹ ਪਸ਼ੂ ਪਾਲੇ ਹੋਏ ਹਨ ਉਹਨਾਂ ਨੂੰ ਹੀ ਠੇਕੇਦਾਰ ਵਲੋੱ ਆਵਾਰਾ ਪਸ਼ੂ ਫੜਣ ਦੇ ਕੰਮ ਤੇ ਲਗਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਠੇਕੇਦਾਰ ਦਾ ਠੇਕਾ ਰੱਦ ਕੀਤਾ ਜਾਵੇ ਅਤੇ ਇਸ ਸਮੱਸਿਆ ਦੇ ਹਲ ਲਈ ਕਾਰਵਾਈ ਕੀਤੀ ਜਾਵੇ ਇਸ ਮੌਕੇ ਮੇਅਰ ਨੇ ਵੀ ਮੰਨਿਆ ਕਿ ਇਹ ਸਮੱਸਿਆ ਬਹੁਤ ਗੰਭੀਰ ਹਾਲਤ ਵਿੱਚ ਹੈ ਅਤੇ ਪਿੰਡ ਮਟੌਰ ਅਤੇ ਕੁੰਭੜਾ ਵਿਚ ਸਿਰਫ ਗਿਣਤੀ ਦੇ ਘਰਾਂ ਵਿੱਚ ਵੱਡੀ ਗਿਣਤੀ ਵਿੱਚ ਪਸ਼ੂ ਰੱਖੇ ਹੋਏ ਹਨ ਜਿਹਨਾਂ ਨੂੰ ਇਹ ਲੋਕ ਸ਼ਹਿਰ ਵਿੱਚ ਛੱਡ ਦਿੰਦੇ ਹਨ ਅਤੇ ਇਹਨਾਂ ਲੋਕਾਂ ਵਲੋੱ ਨਿਗਮ ਦੇ ਸਟਾਫ ਨਾਲ ਬਦਸਲੂਕੀ ਵੀ ਕੀਤੀ ਜਾਂਦੀ ਹੈ। ਇਸ ਮੌਕੇ ਕੌਂਸਲਰਾਂ ਨੇ ਮੰਗ ਕੀਤੀ ਕਿ ਡੰਗਰ ਪਾਲਣ ਵਾਲੇ ਇਹਨਾਂ ਵਿਅਕਤੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ ਅਤੇ ਪੁਲੀਸ ਮਾਮਲੇ ਦਰਜ ਹੋਣ। ਇਸ ਸੰਬੰਧੀ ਹਲਕਾ ਵਿਧਾਇਕ ਸ੍ਰੀ ਸਿੱਧੂ ਨੇ ਕਿਹਾ ਕਿ ਇੱਕ ਵਾਰ ਇਹਨਾਂ ਵਿਅਕਤੀਆਂ ਨੂੰ ਨੋਟਿਸ ਭੇਜੇ ਜਾਣ ਅਤੇ ਜੇਕਰ ਫਿਰ ਵੀ ਮਸਲਾ ਹਲ ਨਹੀੱ ਹੁੰਦਾ ਤਾਂ ਉਹਨਾਂ ਖਿਲਾਫ ਪੁਲੀਸ ਕਾਰਵਾਈ ਕੀਤੀ ਜਾਵੇ।
ਮੀਟਿੰਗ ਵਿੱਚ ਕੌਂਸਲਰ ਅਰੁਣ ਸ਼ਰਮਾ ਨੇ ਗਊਸ਼ਾਲਾ ਦੀ ਮਾੜੀ ਹਾਲਤ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਉਥੇ ਪਸ਼ੂਆਂ ਲਈ ਤਾਂ ਚਾਰਾ ਤਕ ਨਹੀੱ ਹੈ ਅਤੇ ਮੇਅਰ ਨੂੰ ਇੱਕ ਵਾਰ ਉਥੋੱ ਦਾ ਦੌਰਾ ਕਰਨਾ ਚਾਹੀਦਾ ਹੈ ਸਟ੍ਰੀਟ ਵੈਂਡਿੰਗ ਕਮੇਟੀ ਦਾ ਮੁੱਦਾ ਚੁੱਕਦਿਆ ਉਹਨਾਂ ਕਿਹਾ ਕਿ ਉਹਨਾਂ ਦੇ ਵਾਰਡ ਵਿੱਚ 46 ਰਹੇੜੀਆਂ ਦੱਸੀਆ ਗਈਆਂ ਸਨ ਜਦੋੱ ਕਿ ਸਿਰਫ 15 ਲੱਗੀਆਂ ਮਿਲੀਆਂ ਅਤੇ ਇਹਨਾਂ ਵਿੱਚੋੱ ਵੀ 2 ਵਿਅਕਤੀ ਅਜਿਹੇ ਸਨ ਜਿਹੜੇ ਚੰਡੀਗੜ੍ਹ ਤੋੱ ਆ ਕੇ ਰਹੇੜੀਆਂ ਲਗਾਉੱਦੇ ਹਨ।
ਕੌਂਸਲਰ ਹਰਦੀਪ ਸਿੰਘ ਸਰਾਓ ਨੇ ਸੈਕਟਰ ਫੇਜ਼-10, 11 ਸੈਕਟਰ 48ਸੀ ਦੇ ਰੋਡ ਨੇੜੇ ਸੜਕ ਕਿਨਾਰੇ ਇਕ ਮਲਬਾ ਵੇਚਣ ਵਾਲੇ ਅਤੇ ਇੱਕ ਟੈਂਪੂ ਸਟੈਂਡ ਵਾਲਿਆਂ ਦੇ ਨਾਜਾਇਜ ਕਬਜਿਆਂ ਦਾ ਜਿਕਰ ਕਰਦਿਆਂ ਉਸ ਨੂੰ ਹਟਾਉਣ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਫੇਜ਼ 10 ਵਿੱਚ ਇਕ ਵਿਅਕਤੀ ਵਲੋੱ ਗ੍ਰੀਨ ਬੈਲਟ ਤੇ ਹੀ ਕਬਜਾ ਕਰ ਲਿਆ ਗਿਆ ਹੈ। ਜਿਸ ਨੂੰ ਖਾਲੀ ਕਰਵਾਇਆ ਜਾਣਾ ਚਾਹੀਦਾ ਹੈ। ਕੌਂਸਲਰ ਗੁਰਮੁੱਖ ਸਿੰਘ ਸੋਹਲ ਨੇ ਗੰਦਗੀ ਦਾ ਮੁੱਦਾ ਚੁੱਕਦਿਆਂ ਮੰਗ ਕੀਤੀ ਕਿ ਦਰਖਤਾਂ ਤੋੱ ਵੱਡੀ ਗਿਣਤੀ ਵਿੱਚ ਝੜਦੇ ਪੱਤਿਆਂ ਨੂੰ ਚੁਕਵਾਉਣ ਲਈ ਵੱਧ ਟ੍ਰਾਲੀਆਂ ਦਾ ਪ੍ਰਬੰਧ ਹੋਵੇ।
ਕੌਂਸਲਰ ਜਸਪ੍ਰੀਤ ਕੌਰ ਨੇ ਕੁਝ ਸਮਾਂ ਪਹਿਲਾਂ ਫੇਜ਼-2 ਵਿਚ ਇਕ ਬੱਚੇ ਨੂੰ ਅਵਾਰਾ ਕੁੱਤਿਆਂ ਵਲੋੱ ਵੱਢਣ ਦਾ ਮੁੱਦਾ ਚੁਕਦਿਆਂ ਕਿਹਾ ਕਿ ਪੀੜਿਤ ਬੱਚੇ ਦੀ ਪਲਾਸਟਿਕ ਸਰਜਰੀ ਹੋਣੀ ਹੈ ਜਿਸਦਾ ਖਰਚਾ ਨਿਗਮ ਵਲੋੱ ਕੀਤਾ ਜਾਣਾ ਚਾਹੀਦਾ ਹੈ। ਕੌਂਸਲਰ ਕੰਵਲਜੀਤ ਸਿੰਘ ਰੂਬੀ ਨੇ ਚਾਰ ਮਹੀਨੇ ਪਹਿਲਾਂ ਪਾਸ ਕੀਤੇ ਕੰਮਾਂ ਬਾਰੇ ਪੁੱਛਿਆ ਕਿ ਉਨ੍ਹਾਂ ਦੇ ਕੰਮ ਕਦੋਂ ਸ਼ੁਰੂ ਹੋਣਗੇ। ਜਿਸ ਤੇ ਮੇਅਰ ਨੇ ਦੱਸਿਆ ਕਿ ਚੋਣ ਜਾਬਤੇ ਕਰਨ ਉਹਨਾ ਕੰਮਾਂ ਨੂੰ ਮੰਜੂਰੀ ਨਹੀਂ ਮਿਲੀ ਸੀ ਅਤੇ ਹੁਣ ਜਦੋਂ ਮਨਜ਼ੂਰੀ ਮਿਲ ਜਾਵੇਗੀ ਉਹਨਾਂ ਦੇ ਟੈਂਡਰ ਲਗਾ ਦਿੱਤੇ ਜਾਣਗੇ।
ਕੌਂਸਲਰ ਪਰਮਜੀਤ ਸਿੰਘ ਕਾਹਲੋਂ ਨੇ ਇਸ ਮੌਕੇ ਕਿਹਾ ਕਿ ਸ਼ਹਿਰ ਦਾ ਸੀਵਰੇਜ ਸਿਸਟਮ ਪੁਰਾਣਾ ਪੈ ਗਿਆ ਹੈ ਅਤੇ ਪਾਣੀ ਸਪਲਾਈ ਦਾ ਵੀ ਬੁਰਾ ਹਾਲ ਹੈ। ਇਸ ਮੌਕੇ ਮੇਅਰ ਨੇ ਦੱਸਿਆ ਕਿ ਸ਼ਹਿਰ ਵਿੱਚ ਸਾਫ ਪਾਣੀ ਦੀ ਸਪਲਾਈ ਵਾਸਤੇ ਸਰਕਾਰ ਵੱਲੋਂ 60 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਇਸ ਨਾਲ ਇਥੇ ਆਧੁਨਿਕ ਵਾਟਰ ਟ੍ਰੀਟਮੈਂਟ ਪਲਾਟ ਲਗਾਏ ਜਾਣਗੇ ਸ਼ਹਿਰ ਦੇ ਚੋਣਵੇੱ ਪਾਰਕਾਂ ਵਿੱਚ ਵੱਡਾ ਟੈਂਕ ਬਣਾ ਕੇ ਪਾਣੀ ਸਟੋਰ ਕੀਤਾ ਜਾਵੇਗਾ। ਜਿਥੋੱ ਇਹ ਅੱਕੇ ਸਪਲਾਈ ਕੀਤਾ ਜਾਵੇਗਾ ਉਹਨਾਂ ਦੱਸਿਆ ਕਿ ਸ਼ਹਿਰ ਵਿੱਚ ਨਵੇੱ ਪਿਸਰੇ ਤੋੱ ਸੀਵਰੇਜ ਸਿਸਟਮ ਲਾਗੂ ਕਰਨ ਲਈ ਸਰਕਾਰ ਨੂੰ 82 ਕਰੋੜ ਰੁਪਏ ਦੀ ਯੋਜਨਾ ਭੇਜੀ ਗਈ ਹੈ। ਜਿਸ ਦੇ ਪਾਸ ਹੋਣ ਤੇ ਸ਼ਹਿਰ ਦੇ ਪੁਰਾਣੇ ਸੀਵਰੇਜ ਸਿਸਟਮ ਦੀ ਥਾਂ ਨਵਾਂ ਸਿਸਟਮ ਪਾਇਆ ਜਾਵੇਗਾ।
ਇਸ ਮੌਕੇ ਕੌਂਸਲਰਾਂ ਵੱਲੋਂ ਕਮਿਉਨਿਟੀ ਹਾਲਾਂ ਦਾ ਮੁੱਦਾ ਵੀ ਚੁੱਕਿਆ ਗਿਆ। ਜਿਸ ਤੇ ਮੇਅਰ ਨੇ ਕਿਹਾ ਕਿ ਕਮਿਉਨਟੀ ਸੈਂਟਰ ਹੁਣ ਨਿਗਮ ਦੇ ਅਧੀਨ ਆ ਗਏ ਹਨ ਅਤੇ ਇਹਨਾਂ ਦੀ ਬੁਰਿੰਗ ਦੀ ਕੰਮ ਨਿਗਮ ਵਿਖੇ ਹੀ ਹੋਵੇਗਾ। ਉਹਨਾਂ ਕਿਹਾ ਇਸ ਸੰਬੰਧੀ ਨਿਗਮ ਵਿੱਚ ਵਿਸ਼ੇਸ਼ ਕਾਉੱਟਰ ਵੀ ਬਣਾਇਆ ਜਾ ਰਿਹਾ ਹੈ ਜਿਥੇ ਬੁਕਿੰਗ ਦਾ ਇਹ ਕੰਮ ਹੋਵੇਗਾ। ਕੌਂਸਲਰ ਜਸਵੀਰ ਸਿੰਘ ਨੇ ਕਿਹਾ ਕਿ ਉਹਨਾਂ ਦੇ ਵਾਰਡ ਵਿੱਚ ਇਕ ਕੰਪਨੀ ਵਲੋੱ ਫੁਟਪਾਥ ਦੀ ਥਾਂ ਤੇ ਮੇਨਹੋਲ ਬਣਾ ਦਿੱਤਾ ਗਿਆ ਹੈ ਪਰੰਤੂ ਸ਼ਿਕਾਇਤ ਦੇ ਬਾਵਜੂਦ ਨਿਗਮ ਦੇ ਅਧਿਕਾਰੀ ਕਾਰਵਾਈ ਨਹੀੱ ਕਰ ਰਹੇ। ਕੌਂਸਲਰ ਪਰਮਿੰਦਰ ਸੋਹਣਾ ਵਲੋੱ ਵਿਧਾਇਕ ਸ੍ਰੀ ਸਿੱਧੂ ਨੂੰ ਮੰਗ ਕੀਤੀ ਗਈ ਕਿ ਪਿੰਡਾਂ ਦੇ ਬਾਈਲਾਜ ਬਣਾਏ ਜਾਵੇ ਤਾਂ ਜੋ ਪਿੰਡਾਂ ਦੇ ਨਕਸ਼ੇ ਪਾਸ ਹੋਣ ਅਤੇ ਉਹਨਾਂ ਨੂੰ ਪ੍ਰਾਪਰਟੀ ਟੈਕਸ ਤੋੱ ਛੋਟ ਮਿਲੇ ਜਿਸਤੇ ਸ੍ਰੀ ਸਿੱਧੂ ਨੇ ਕਿਹਾ ਕਿ ਹਾਊਸ ਵਲੋੱ ਮਤਾ ਪਾਸ ਕੀਤਾ ਜਾਵੇ ਕਿ ਚੰਡੀਗੜ੍ਹ ਪੈਟਰਨ ਤੇ ਪਿੰਡਾਂ ਨੂੰ ਸਹੂਲਤਾਂ ਦਿੱਤੀਆਂ ਜਾਣ।
ਕੌਂਸਲਰ ਕੁਲਜੀਤ ਸਿੰਘ ਬੇਦੀ ਵੱਲੋਂ ਸ੍ਰੀ ਸਿੱਧੂ ਨੂੰ ਤੀਜੀ ਵਾਰ ਵਿਧਾਇਕ ਚੁਣੇ ਜਾਣ ’ਤੇ ਵਧਾਈ ਦਿੰਦਿਆਂ ਅਕਾਲੀ ਕੌਂਸਲਰਾਂ ’ਤੇ ਵਿਅੰਗ ਕਸੱਦਿਆਂ ਕਿਹਾ ਕਿ ਅਕਾਲੀ ਦਲ ਨੂੰ ਵੀ ਸ੍ਰੀ ਸਿੱਧੂ ਨੂੰ ਰਸਮੀ ਵਧਾਈ ਦਿੱਤੀ ਜਾਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਸ੍ਰੀ ਸਿੱਧੂ ਸ਼ਹਿਰ ਦੇ ਚੱਪੇ ਚੱਪੇ ਦੇ ਵਾਕਫ ਹਨ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਸ਼ਹਿਰ ਦਾ ਭਰਪੂਰ ਵਿਕਾਸ ਹੋਵੇਗਾ। ਉਨ੍ਹਾਂ ਸ੍ਰੀ ਸਿੱਧੂ ਤੋਂ ਮੰਗ ਕੀਤੀ ਕਿ ਸ਼ਹਿਰ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਕਜੌਲੀ ਤੋਂ ਆਉਣ ਵਾਲੀ ਪਾਈਪ ਲਾਈਨ ਨੂੰ ਜਲਦੀ ਮੁਕੰਮਲ ਕੀਤਾ ਜਾਵੇ।

Load More Related Articles
Load More By Nabaz-e-Punjab
Load More In General News

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ‘ਮਹਿਲਾ ਦਿਵਸ’ ਨੂੰ ਸਮਰਪਿਤ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ‘ਮਹਿਲਾ ਦਿਵਸ’ ਨੂੰ ਸਮਰਪਿਤ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ …