ਨਗਰ ਨਿਗਮ ਕਰਮਚਾਰੀ ਨੂੰ ਸਿਹਤ ਮੰਤਰੀ ਨਾਲ ਪੰਗਾਂ ਲੈਣਾ ਮਹਿੰਗਾ ਪਿਆ, ਨੌਕਰੀ ਤੋਂ ਕੱਢਿਆਂ

ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਤੇ ਸਮੂਹ ਕੌਂਸਲਰਾਂ ਦੀਆਂ ਤਨਖ਼ਾਹਾਂ ਵਧਾਈਆਂ

ਵਿਰੋਧੀ ਧਿਰ ਦੇ ਕੌਂਸਲਰਾਂ ਨੇ ਵਿਕਾਸ ਕੰਮਾਂ ’ਚ ਪੱਖਪਾਤ ਕਰਨ ਦਾ ਲਾਇਆ ਦੋਸ਼, ਮੇਅਰ ਨੇ ਸਾਰੇ ਦੋਸ਼ ਨਕਾਰੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਗਸਤ:
ਮੁਹਾਲੀ ਨਗਰ ਨਿਗਮ ਦੇ ਇਕ ਕਰਮਚਾਰੀ ਨੂੰ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਸ਼ਰ੍ਹੇਆਮ ਪੰਗਾਂ ਪੈਣਾ ਮਹਿੰਗਾ ਪੈ ਗਿਆ ਹੈ। ਨਗਰ ਨਿਗਮ ਨੇ ਅੱਜ ਇਕ ਅਹਿਮ ਫੈਸਲਾ ਲੈਂਦਿਆਂ ਬਹੁ-ਚਰਚਿਤ ਇੰਸਪੈਕਟਰ ਕੇਸਰ ਸਿੰਘ ਨੂੰ ਬਰਖ਼ਾਸਤ ਕਰ ਦਿੱਤਾ ਹੈ। ਉਹ ਪਿਛਲੇ ਕਾਫ਼ੀ ਸਮੇਂ ਤੋਂ ਮੁਅੱਤਲੀ ਅਧੀਨ ਚੱਲ ਰਿਹਾ ਸੀ। ਇਹ ਫੈਸਲਾ ਅੱਜ ਬਾਅਦ ਦੁਪਹਿਰ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ।
ਇਸ ਸਬੰਧੀ ਤਿੰਨ ਕੌਂਸਲਰਾਂ ਸਾਬਕਾ ਪ੍ਰਧਾਨ ਰਜਿੰਦਰ ਸਿੰਘ ਰਾਣਾ, ਜਸਬੀਰ ਸਿੰਘ ਮਣਕੂ ਅਤੇ ਬਲਜੀਤ ਕੌਰ ’ਤੇ ਆਧਾਰਿਤ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸ ਕਮੇਟੀ ਨੇ ਮੁੱਢਲੀ ਪੜਤਾਲ ਤੋਂ ਬਾਅਦ ਆਪਣੀ ਰਿਪੋਰਟ ਵਿੱਚ ਕੇਸਰ ਸਿੰਘ ਵਿਰੁੱਧ ਸਹੀ ਢੰਗ ਨਹਲ ਡਿਊਟੀ ਨਾ ਕਰਨ ਅਤੇ ਸਿਹਤ ਮੰਤਰੀ ਨਾਲ ਬਦਸਲੂਕੀ ਕਰਨ ਦੀ ਪੁਸ਼ਟੀ ਕੀਤੀ ਹੈ। ਸ਼ਹਿਰ ਵਿੱਚ ਲਾਵਾਰਿਸ ਤੇ ਪਾਲਤੂ ਪਸ਼ੂਆਂ ਨੂੰ ਫੜਨ ਮੌਕੇ ਕੈਬਿਨਟ ਮੰਤਰੀ ਅਤੇ ਉਕਤ ਕਰਮਚਾਰੀ ਵਿਚਾਲੇ ਬਦਕਲਾਮੀ ਹੋਈ ਸੀ। ਮੰਤਰੀ ਨੇ ਕਰਮਚਾਰੀ ’ਤੇ ਫੜੇ ਹੋਏ ਪਸ਼ੂ ਛੱਡਣ ਦਾ ਦੋਸ਼ ਲਾਇਆ ਸੀ ਜਦੋਂਕਿ ਕਰਮਚਾਰੀ ਵੱਲੋਂ ਮੰਤਰੀ ’ਤੇ ਪਸ਼ੂ ਛੁਡਾਉਣ ਦੇ ਦੋਸ਼ ਲਾਏ ਸੀ ਅਤੇ ਇਹ ਮਾਮਲਾ ਮੀਡੀਆ ਦੀ ਸੁਰਖ਼ੀਆ ਵਿੱਚ ਰਿਹਾ ਹੈ।
ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੀ ਮਾਤਾ ਰਾਜਿੰਦਰ ਕੌਰ ਬੇਦੀ ਅਤੇ ਕੌਂਸਲਰ ਚਰਨ ਸਿੰਘ ਦੀ ਪਤਨੀ ਸੁਖਵਿੰਦਰ ਕੌਰ ਦੀ ਮੌਤ ’ਤੇ ਅਫਸੋਸ ਪ੍ਰਗਟ ਕਰਦਿਆਂ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਮੀਟਿੰਗ ਵਿੱਚ ਟੇਬਲ ਏਜੰਡਾ ਆਈਟਮ ਰਾਹੀਂ ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਸਮੇਤ ਸਮੂਹ ਕੌਂਸਲਰਾਂ ਦੀ ਤਨਖ਼ਾਹ ਵਿੱਚ ਵਾਧਾ ਕਰਨ ਦਾ ਮਤਾ ਪਾਸ ਕੀਤਾ ਗਿਆ। ਪਹਿਲਾਂ ਕੌਂਸਲਰਾਂ ਨੂੰ 15 ਹਜ਼ਾਰ ਰੁਪਏ ਤਨਖ਼ਾਹ ਤੇ ਦੋ ਹਜ਼ਾਰ ਵੱਖਰੇ ਤੌਰ ’ਤੇ ਅਲਾਊਸ ਮਿਲਦੀ ਸੀ ਹੁਣ 10 ਹਜ਼ਾਰ ਹੋਰ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਟਾਇਲਟ ਬਲਾਕਾਂ (ਪਬਲਿਕ ਪਖਾਨੇ) ਦੇ ਰੱਖ-ਰਖਾਓ ਨਾਲ ਸਬੰਧਤ ਮਤੇ ਵੀ ਸਰਬਸੰਮਤੀ ਨਾਲ ਪਾਸ ਕੀਤੇ ਗਏ। ਇਨ੍ਹਾਂ ਵਿੱਚ ਟੈਂਡਰ ਨਾ ਹੋਣ ਕਾਰਨ ਪਿਛਲੇ ਠੇਕੇਦਾਰਾਂ ਨੂੰ ਹੀ ਫਿਰ ਤੋਂ ਪਹਿਲੀਆਂ ਸ਼ਰਤਾਂ ਮੁਤਾਬਕ ਥੋੜ੍ਹੇ ਸਮੇਂ ਲਈ ਕੰਮ ਦਿੱਤਾ ਗਿਆ ਹੈ।
ਉਧਰ, ਵਿਰੋਧੀ ਧਿਰ ਦੇ ਕੌਂਸਲਰਾਂ ਨੇ ਉਨ੍ਹਾਂ ਦੇ ਵਾਰਡਾਂ ਨਾਲ ਸਬੰਧਤ ਵਿਕਾਸ ਕੰਮਾਂ ਵਿੱਚ ਪੱਖਪਾਤ ਕਰਨ ਦਾ ਦੋਸ਼ ਲਾਇਆ। ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਪਬਲਿਕ ਪਖਾਨਿਆਂ ਦੇ ਠੇਕੇਦਾਰ ਦੇ ਕੰਮ ਦੀ ਨਜਰਸਾਨੀ ਕਰਨ ਅਤੇ ਸਫ਼ਾਈ ਵਿਵਸਥਾ ’ਤੇ ਜ਼ੋਰ ਦਿੱਤਾ। ਸੁਖਦੇਵ ਸਿੰਘ ਪਟਵਾਰੀ ਨੇ ਖੱਡੇ ਨਾ ਭਰਨ ਅਤੇ ਬੰਦ ਸੀਵਰੇਜ ਦਾ ਮੁੱਦਾ ਚੁੱਕਦਿਆਂ ਨਿਗਮ ਅਧਿਕਾਰੀਆਂ ’ਤੇ ਅਣਦੇਖੀ ਦਾ ਦੋਸ਼ ਲਾਇਆ। ਰਾਜਬੀਰ ਕੌਰ ਗਿੱਲ ਨੇ ਟਰੀ ਪਰੂਨਿੰਗ ਮਸ਼ੀਨ ਮੁਹੱਈਆ ਨਾ ਕਰਵਾਉਣ ਅਤੇ ਸੀਵਰੇਜ ਪਾਉਣ ਲਈ ਫੇਜ਼-11 ਬਾਵਾ ਵਾਈਟ ਹਾਊਸ ਤੋਂ ਸ਼ਾਹੀਮਾਜਰਾ ਤੱਕ ਪੁੱਟੀ ਮੁੱਖ ਸੜਕ ਦੀ ਮੁਰੰਮਤ ਨਾ ਹੋਣ ਦਾ ਮੁੱਦਾ ਵੀ ਚੁੱਕਿਆ। ਗੁਰਮੀਤ ਕੌਰ ਸੈਣੀ ਨੇ ਕਿਹਾ ਕਿ ਪੁਰਾਣਾ ਡੀਸੀ ਦਫ਼ਤਰ ਰਿਹਾਇਸ਼ੀ ਬਲਾਕ ਵਿੱਚ ਹੋਣ ਵਾਲੇ ਵਿਕਾਸ ਕੰਮ ਹਾਊਸ ਵਿੱਚ ਪਾਸ ਹੋਣ ਅਤੇ ਵਰਕ ਆਰਡਰ ਜਾਰੀ ਹੋਣ ਦੇ ਬਾਵਜੂਦ ਕੰਮ ਸ਼ੁਰੂ ਨਹੀਂ ਕੀਤੇ ਜਾ ਰਹੇ ਹਨ। ਰਮਨਪ੍ਰੀਤ ਕੌਰ ਕੁੰਭੜਾ ਨੇ ਵੀ ਵਿਕਾਸ ਕੰਮਾਂ ਵਿੱਚ ਪੱਖਪਾਤ ਕਰਨ ਦਾ ਦੋਸ਼ ਲਾਇਆ।

ਮੇਅਰ ਜੀਤੀ ਸਿੱਧੂ ਨੇ ਵਿਰੋਧੀ ਧਿਰ ਵੱਲੋਂ ਵਿਕਾਸ ਕੰਮਾਂ ਵਿੱਚ ਪੱਖਪਾਤ ਕਰਨ ਲਗਾਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਮਨਘੜਤ ਦੱਸਦਿਆਂ ਕਿਹਾ ਕਿ ਸਮੁੱਚੇ ਸ਼ਹਿਰ ਦਾ ਵਿਕਾਸ ਯੋਜਨਾਬੱਧ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਸ਼ੇਸ਼ ਵਾਰਡ ਵਿੱਚ ਅਧਿਕਾਰੀ, ਕਰਮਚਾਰੀ ਜਾਂ ਠੇਕੇਦਾਰ ਪੱਧਰ ’ਤੇ ਕੋਈ ਅਣਦੇਖੀ ਹੋਈ ਹੈ ਤਾਂ ਸਬੰਧਤ ਦੀ ਜਵਾਬਤਲਬੀ ਕੀਤੀ ਜਾਵੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਵਿਰੋਧੀ ਧਿਰ ਵੱਲੋਂ ਦੱਸੀਆਂ ਸਾਰੀਆਂ ਸਮੱਸਿਆਵਾਂ ਦਾ ਹਫ਼ਤੇ ਦੇ ਅੰਦਰ ਹੱਲ ਕਰ ਦਿੱਤਾ ਜਾਵੇਗਾ ਅਤੇ ਅਗਲੀ ਮੀਟਿੰਗ ਵਿੱਚ ਵਿਰੋਧੀ ਕੌਂਸਲਰ ਨਗਰ ਨਿਗਮ ਵੱਲੋਂ ਕਰਵਾਏ ਜਾ ਰਹੇ ਕੰਮ ਦੀ ਆਪਣੇ ਮੂੰਹੋਂ ਸ਼ਲਾਘਾ ਕਰਨਗੇ।

Load More Related Articles
Load More By Nabaz-e-Punjab
Load More In Development and Work

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …