
ਮੇਅਰ ਜੀਤੀ ਸਿੱਧੂ ਤੇ ਸਾਥੀ ਕੌਂਸਲਰਾਂ ਨੇ ਵਿਰੋਧੀ ਧਿਰ ’ਤੇ ਲਾਇਆ ਲੋਕਾਂ ਨੂੰ ਗੁਮਰਾਹ ਕਰਨ ਦਾ ਦੋਸ਼
ਵਿੱਤ ਤੇ ਠੇਕਾ ਕਮੇਟੀ ਕੋਲ ਹਰ ਹਾਲਤ ਵਿੱਚ ਰਹੇਗੀ 1 ਕਰੋੜ ਦੀ ਵਿੱਤੀ ਤਾਕਤ: ਮੇਅਰ ਜੀਤ ਸਿੱਧੂ
ਆਮ ਲੋਕਾਂ ਨੂੰ ਗੁਮਰਾਹ ਕਰਨ ਲਈ ਝੂਠ ਦਾ ਸਹਾਰਾ ਲੈ ਰਹੀ ਹੈ ਵਿਰੋਧੀ ਧਿਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜੁਲਾਈ:
ਮੁਹਾਲੀ ਨਗਰ ਨਿਗਮ ਦੀ ਵਿੱਤੀ ਤੇ ਠੇਕਾ ਕਮੇਟੀ ਨੂੰ ਆਪਣੇ ਪੱਧਰ ’ਤੇ 1 ਕਰੋੜ ਰੁਪਏ ਦੇ ਕੰਮ ਪਾਸ ਕਰਨ ਦੇ ਦਿੱਤੇ ਅਧਿਕਾਰਾਂ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਅੱਜ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਨਗਰ ਨਿਗਮ ਭਵਨ ਵਿਖੇ ਪੱਤਰਕਾਰ ਸੰਮੇਲਨ ਬੁਲਾ ਕੇ ਵਿਰੋਧੀ ਧਿਰ ’ਤੇ ਦੋਸ਼ ਲਗਾਇਆ ਕਿ ਉਹ ਲੋਕਾਂ ਨੂੰ ਗੁਮਰਾਹ ਕਰਨ ਲਈ ਗਲਤ ਬਿਆਨਬਾਜ਼ੀ ਕਰ ਰਹੇ ਹਨ। ਇਸ ਮੌਕੇ ਕਮਿਸ਼ਨਰ ਡਾ. ਕਮਲ ਗਰਗ ਅਤੇ ਐਸਈ ਸੰਜੇ ਕੰਵਰ ਵੀ ਹਾਜ਼ਰ ਸਨ।
ਮੇਅਰ ਜੀਤੀ ਸਿੱਧੂ ਨੇ ਦਾਅਵਾ ਕੀਤਾ ਕਿ ਵਿੱਤ ਤੇ ਠੇਕਾ ਕਮੇਟੀ ਕੋਲ ਪਹਿਲਾਂ ਵਾਂਗ ਪੂਰੀ ਤਾਕਤ ਬਰਕਰਾਰ ਰਹੇਗੀ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਇਹ ਅਹਿਮ ਕਮੇਟੀ ਪਹਿਲਾਂ ਵਿਕਾਸ ਕੰਮਾਂ ਦੇ ਮਤੇ ਪਾਸ ਕਰਦੀ ਰਹੀ ਸੀ, ਓਵੇਂ ਅੱਗੇ ਵੀ ਕਰਦੀ ਰਹੇਗੀ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਉਹ ਛੇਤੀ ਹੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਸੱਦ ਕੇ ਵਿਰੋਧੀ ਧਿਰ ਦੇ ਸਾਰੇ ਭੁਲੇਖੇ ਦੂਰ ਕਰਨਗੇ। ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਕਹਿਣ ਤੇ ਕਰਨ ਨੂੰ ਕੁੱਝ ਨਹੀਂ ਰਹਿ ਗਿਆ ਹੈ। ਜਿਸ ਕਾਰਨ ਉਹ ਲੋਕਾਂ ਨੂੰ ਗੁਮਰਾਹ ਕਰਨ ਲਈ ਝੂਠ ਦਾ ਸਹਾਰਾ ਲੈ ਰਹੇ ਹਨ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ 28 ਜੂਨ ਨੂੰ ਜਾਰੀ ਪੱਤਰ ਦੀ ਵਿਰੋਧੀ ਧਿਰ ਨੇ ਗਲਤ ਵਿਆਖਿਆ ਕਰਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ ਜਦੋਂਕਿ ਅਸਲੀਅਤ ਇਹ ਹੈ ਕਿ ਚਿੱਠੀ ਵਿੱਚ ਪੁਰਾਣੇ ਦੋ ਪੱਤਰਾਂ ਦਾ ਵੇਰਵਾ ਅਤੇ ਮਿਉਂਸਪਲ ਐਕਟ ਦੀ ਧਾਰਾ 42/1 ਅਤੇ 42/4 ਦਾ ਜ਼ਿਕਰ ਕੀਤਾ ਗਿਆ ਹੈ। ਜਿਸ ਦੇ ਤਹਿਤ ਵਿੱਤ ਤੇ ਠੇਕਾ ਕਮੇਟੀ ਜਾਂ ਹੋਰ ਕਮੇਟੀਆਂ ਬਣਦੀਆਂ ਹਨ ਅਤੇ ਉਨ੍ਹਾਂ ਨੂੰ ਵਿੱਤੀ ਤਾਕਤ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਵੱਲੋਂ ਇਹ ਕਹਿਣਾ ਕਿ ਵਿੱਤ ਤੇ ਠੇਕਾ ਕਮੇਟੀ ਨੂੰ ਦਿੱਤੀ ਇੱਕ ਕਰੋੜ ਰੁਪਏ ਦੀ ਵਿੱਤੀ ਪਾਵਰ ਖੋਹ ਲਈ ਗਈ ਹੈ, ਬਿਲਕੁਲ ਗਲਤ ਹੈ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਕਿ ਜੋ ਕੰਮ ਪਿਛਲੀ ਨਿਗਮ ਦੇ ਮੇਅਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਪੰਜ ਸਾਲਾਂ ਵਿੱਚ ਨਹੀਂ ਕੀਤਾ ਜਾ ਸਕਿਆ ਉਸ ਤੋਂ ਕਿਤੇ ਵੱਧ ਨਵੀਂ ਚੁਣੀ ਨਿਗਮ ਦੀ ਟੀਮ ਨੇ ਤਿੰਨ ਮਹੀਨਿਆਂ ਵਿੱਚ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਇਸ ਤੋਂ ਬੁਖਲਾਈ ਪਈ ਹੈ ਅਤੇ ਜਿਸ ਤਰ੍ਹਾਂ ਮੋਹਾਲੀ ਦੇ ਲੋਕਾਂ ਵੱਲੋਂ ਨਗਰ ਨਿਗਮ ਚੋਣਾਂ ਵਿੱਚ ਵਿਰੋਧੀ ਧਿਰ ਨਕਾਰੀ ਗਈ ਹੈ ਉਸੇ ਤਰ੍ਹਾਂ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਵਿਰੋਧੀ ਧਿਰ ਦਾ ਹਸ਼ਰ ਮਾੜਾ ਹੋਣਾ ਹੈ।
ਉਨ੍ਹਾਂ ਕਿਹਾ ਕਿ ਪੂਰੇ ਸ਼ਹਿਰ ਦੀ ਵਿਕਾਸ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੈ ਅਤੇ ਉਹ ਦਿਨ ਰਾਤ ਉਪਰਾਲੇ ਕਰ ਕੇ ਮੁਹਾਲੀ ਦੇ ਵਿਕਾਸ ਨੂੰ ਨਵੀਂ ਗਤੀ ਦੇਣ ਵੱਲ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਮੁਹਾਲੀ ਸ਼ਹਿਰ ਅਤੇ ਮੁਹਾਲੀ ਹਲਕੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ ਨੇ ਕਿਹਾ ਕਿ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੱਲੋਂ ਦੱਸੀ ਗਈ ਗੱਲ ਨਾਲ ਉਹ ਸਹਿਮਤ ਹਨ ਅਤੇ ਮਿਊਂਸਪਲ ਐਕਟ ਅਨੁਸਾਰ ਵਿੱਤ ਤੇ ਠੇਕਾ ਕਮੇਟੀ ਪਹਿਲਾਂ ਵਾਂਗ ਕਦੇ ਵੀ ਮੀਟਿੰਗ ਕਰ ਸਕਦੀ ਹੈ ਅਤੇ ਵਿਕਾਸ ਮਤੇ ਪਾਸ ਕਰ ਸਕਦੀ ਹੈ।
ਇਸ ਮੌਕੇ ਸ਼ਹਿਰ ਦੇ ਹੋਰਨਾਂ ਵਿਕਾਸ ਕਾਰਜਾਂ ਬਾਰੇ ਜ਼ਿਕਰ ਕਰਦਿਆਂ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਆਉਂਦੇ ਬਰਸਾਤੀ ਮੌਸਮ ਨੂੰ ਦੇਖਦਿਆਂ ਡਰੇਨੇਜ ਸਿਸਟਮ ਨੂੰ ਚੁਸਤ ਦਰੁਸਤ ਕੀਤਾ ਗਿਆ ਹੈ ਅਤੇ ਬਰਸਾਤ ਦੌਰਾਨ ਲੋਕਾਂ ਨੂੰ ਕਿਸੇ ਵੀ ਤੁਰੰਤ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਮੇਅਰ ਨੇ ਇਹ ਵੀ ਕਿਹਾ ਕਿ ਸ਼ਹਿਰ ’ਚੋਂ ਪਸ਼ੂਆਂ ਨੂੰ ਬਾਹਰ ਕੱਢਣ ਲਈ ਛੇਤੀ ਹੀ ਨਗਰ ਨਿਗਮ ਅਧੀਨ ਪਿੰਡਾਂ ਵਿੱਚ ਪੋਸਟਰ ਲਗਾਏ ਜਾ ਰਹੇ ਹਨ ਕਿ ਲੋਕ ਆਪਣੇ ਪਸ਼ੂ ਜੇਕਰ ਉਨ੍ਹਾਂ ਕੋਲ ਆਪਣੀ ਥਾਂ ਹੈ ਤਾਂ ਉੱਥੇ ਲਿਜਾ ਸਕਦੇ ਹਨ ਨਹੀਂ ਤਾਂ ਉਹ ਨਗਰ ਨਿਗਮ ਨੂੰ ਦੱਸ ਸਕਦੇ ਹਨ, ਉਨ੍ਹਾਂ ਲਈ ਸ਼ਹਿਰ ਤੋਂ ਬਾਹਰ ਜ਼ਮੀਨ ਮੁਹੱਈਆ ਕਰਵਾਈ ਜਾਏਗੀ।
ਜ਼ਿਕਰਯੋਗ ਹੈ ਕਿ ਵਿਰੋਧੀ ਧਿਰ (ਆਜ਼ਾਦ ਗਰੁੱਪ) ਵੱਲੋਂ ਕੀਤੇ ਗਏ ਪੱਤਰਕਾਰ ਸੰਮੇਲਨ ਵਿੱਚ ਬੀਤੇ ਕੱਲ੍ਹ ਵਿਰੋਧੀ ਧਿਰ ਦੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਤੇ ਸਰਬਜੀਤ ਸਿੰਘ ਸਮਾਣਾ ਸਮੇਤ ਹੋਰਨਾਂ ਕੌਂਸਲਰਾਂ ਨੇ ਇਕ ਚਿੱਠੀ ਪੱਤਰਕਾਰਾਂ ਨੂੰ ਜਾਰੀ ਕਰਦੇ ਹੋਏ ਕਿਹਾ ਸੀ ਕਿ ਸਥਾਨਕ ਸਰਕਾਰ ਵਿਭਾਗ ਨੇ ਹੁਣ ਹਾਊਸ ਦੀ ਮੀਟਿੰਗ ਵਿੱਚ ਪਾਸ ਕੀਤੇ ਬਗੈਰ ਵਿੱਤ ਅਤੇ ਠੇਕਾ ਕਮੇਟੀ ਵਿੱਚ ਕੋਈ ਵੀ ਕੰਮ ਨਾ ਜਾਣ ਬਾਰੇ ਨਿਰਦੇਸ਼ ਦਿੱਤੇ ਹਨ। ਵਿਰੋਧੀ ਧਿਰ ਨੇ ਇਸ ਨੂੰ ਮੰਤਰੀ ਬਲਬੀਰ ਸਿੰਘ ਸਿੱਧੂ ਲਈ ਵੱਡਾ ਝਟਕਾ ਵੀ ਦੱਸਿਆ ਸੀ।