ਮੁਹਾਲੀ ਨਗਰ ਨਿਗਮ ਵੱਲੋਂ ਸਫ਼ਾਈ ਸੇਵਕਾਂ ਦੀ ਸਿੱਧੀ ਭਰਤੀ ਤੇ ਸ਼ਹਿਰ ਨੂੰ ਜ਼ੋਨਾਂ ਵਿੱਚ ਵੰਡਣ ਦਾ ਮਤਾ ਪਾਸ

ਸਰਕਾਰੀ ਗਊਸ਼ਾਲਾ ’ਚੋਂ ਸ਼ਿਫ਼ਟ ਕੀਤੇ ਜਾਣਗੇ ਬਾਲ ਗੋਪਾਲ ਗਊ ਬਸੇਰਾ ਵੈਲਫੇਅਰ ਸੁਸਾਇਟੀ ਵਿੱਚ ਲਾਵਾਰਿਸ ਪਸ਼ੂ

ਆਵਾਰਾ ਕੁੱਤਿਆਂ ਦੀ ਨਸਬੰਦੀ ’ਤੇ ਜ਼ੋਰ, ਵਿਰੋਧੀ ਧਿਰ ਦੀਆਂ ਮਹਿਲਾ ਕੌਂਸਲਰਾਂ ਨੇ ਲਾਇਆ ਪੱਖਪਾਤ ਦਾ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਗਸਤ:
ਮੁਹਾਲੀ ਵਿੱਚ ਸਫ਼ਾਈ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਸਫ਼ਾਈ ਕਾਮਿਆਂ ਦੀ ਠੇਕੇ ’ਤੇ ਸਿੱਧੀ ਭਰਤੀ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ। ਇਸ ਸਬੰਧੀ ਅੱਜ ਬਾਅਦ ਦੁਪਹਿਰ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਮੁਹਾਲੀ ਨਗਰ ਨਿਗਮ ਮੀਟਿੰਗ ਵਿੱਚ 1244 ਸਫ਼ਾਈ ਸੇਵਕਾਂ, 19 ਸੈਨੇਟਰੀ ਜਮਾਦਾਰਾਂ ਅਤੇ 67 ਸੀਵਰਮੈਨਾਂ ਦੀ ਠੇਕੇ ’ਤੇ ਸਿੱਧੀ ਭਰਤੀ ਦਾ ਮਤਾ ਪਾਸ ਕੀਤਾ ਗਿਆ। ਸਰਕਾਰ ਦੀ ਪ੍ਰਵਾਨਗੀ ਤੋਂ ਬਾਅਦ ਸਫ਼ਾਈ ਕਾਮਿਆਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਮੀਟਿੰਗ ਵਿੱਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਮਿਸ਼ਨਰ ਡਾ. ਕਮਲ ਗਰਗ ਵੀ ਹਾਜ਼ਰ ਸਨ। ਮੀਟਿੰਗ ਦੀ ਆਰੰਭਤਾ ਤੋਂ ਪਹਿਲਾਂ ਮਹਾਨ ਖਿਡਾਰੀ ਮਿਲਖਾ ਸਿੰਘ, ਉਨ੍ਹਾਂ ਦੀ ਧਰਮ ਪਤਨੀ ਨਿਰਮਲ ਕੌਰ, 105 ਸਾਲਾਂ ਅਥਲੀਟ ਮਾਨ ਕੌਰ, ਕਾਂਗਰਸੀ ਕੌਂਸਲਰ ਜਸਪ੍ਰੀਤ ਸਿੰਘ ਮਣਕੂ ਦੇ ਮਾਤਾ ਸਮੇਤ ਦੋ ਸੀਵਰਮੈਨਾਂ ਜਿਨ੍ਹਾਂ ਦੀ ਹਾਦਸੇ ਵਿੱਚ ਮੌਤ ਹੋ ਗਈ ਸੀ, ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ।
ਇਸ ਸਬੰਧੀ ਮੀਟਿੰਗ ਵਿੱਚ ਮਤਾ ਪੇਸ਼ ਕਰਕੇ ਲੋੜੀਂਦੇ ਕਰਮਚਾਰੀਆਂ ਅਨੁਸਾਰ ਅਸਾਮੀਆਂ ਨੂੰ ਪ੍ਰਵਾਨਗੀ ਦੇਣ ਅਤੇ ਇਨ੍ਹਾਂ ਕਰਮਚਾਰੀਆਂ ਦੀ ਸਿੱਧੀ ਭਰਤੀ ਕਰਨ ਦੀ ਤਜਵੀਜ਼ ਹੈ। ਜਿਸ ਦੇ ਚੱਲਦਿਆਂ ਸਫ਼ਾਈ ਸੇਵਕਾਂ ਦੀਆਂ 884 ਅਤੇ ਸੈਨੇਟਰੀ ਜਮਾਦਾਰਾਂ ਦੀਆਂ 17 ਹੋਰ ਅਸਾਮੀਆਂ ਨੂੰ ਮਨਜ਼ੂਰੀ ਦੇ ਕੇ ਲੋੜ ਅਨੁਸਾਰ ਕਰਮਚਾਰੀ ਭਰਤੀ ਕੀਤੇ ਜਾਣਗੇ। ਇਸ ਨਾਲ ਸ਼ਹਿਰ ਦੀ ਸਫ਼ਾਈ ਅਤੇ ਜਨਤਕ ਪਖਾਨਿਆਂ ਦਾ ਕੰਮ ਕਰਨ ਵਾਲੇ ਠੇਕੇਦਾਰਾਂ ਕੋਲ ਕੰਮ ਕਰਦੇ ਕਰਮਚਾਰੀਆਂ ਦੀ ਠੇਕੇ ’ਤੇ ਸਿੱਧੀ ਭਰਤੀ ਕਰਨ ਦੀ ਮੰਗ ਵੀ ਪੂਰੀ ਹੋ ਜਾਵੇਗੀ। ਮੇਅਰ ਨੇ ਐਲਾਨ ਕੀਤਾ ਕਿ ਸੀਵਰੇਜ ਲਾਈਨ ਦੀ ਸਫ਼ਾਈ ਦੌਰਾਨ ਵਾਪਰੇ ਹਾਦਸੇ ਵਿੱਚ ਮਾਰੇ ਗਏ ਸੀਵਰਮੈਨਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ ਗਰਾਂਟ ਦਿੱਤੀ ਜਾਵੇਗੀ। ਆਜ਼ਾਦ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ ਸਫ਼ਾਈ ਕਾਮਿਆਂ ਦੀ ਭਰਤੀ ’ਤੇ ਬਹਿਸ ਕਰਦਿਆਂ ਹਾਊਸ ਦਾ ਪੁਰਾਣੇ ਫੈਸਲਿਆਂ ਵੱਲ ਧਿਆਨ ਖਿੱਚਿਆਂ।
ਗਊਸ਼ਾਲਾ ਦੀ ਸੰਭਾਲ ਕਰਨ ਵਾਲੀ ਸੰਸਥਾ ਸ੍ਰੀ ਗੌਰੀ ਸ਼ੰਕਰ ਸੇਵਾ ਦਲ ਨੂੰ ਪ੍ਰਤੀ ਜਾਨਵਰ 22 ਰੁਪਏ ਦੇਣ ਦਾ ਮਤਾ ਪਾਸ ਗਿਆ ਹੈ ਜਦੋਂਕਿ ਪਹਿਲਾਂ ਪ੍ਰਤੀ ਜਾਨਵਰ 13 ਰੁਪਏ ਦਿੱਤੇ ਜਾਂਦੇ ਸੀ। ਪੰਜਾਬ ਅਰਬਨ ਇਨਵਾਇਰਨਮੈਂਟ ਇੰਪਰੂਵਮੈਂਟ ਪ੍ਰੋਗਰਾਮ ਅਧੀਨ ਪ੍ਰਾਪਤ ਹੋਣ ਵਾਲੀ ਸਾਢੇ ਚਾਰ ਕਰੋੜ ਰੁਪਏ ਦੀ ਗਰਾਂਟ ’ਚੋਂ ਕਰਵਾਏ ਜਾਣ ਵਾਲੇ ਕੰਮਾਂ ’ਤੇ 5 ਕਰੋੜ 41 ਲੱਖ ਰੁਪਏ ਦੇ ਖਰਚੇ ਦਾ ਮਤਾ ਵੀ ਪਾਸ ਕੀਤਾ ਗਿਆ। ਜਦੋਂਕਿ ਗਰਾਂਟ ਤੋਂ ਵੱਧ ਹੋਣ ਵਾਲਾ ਖਰਚਾ ਨਿਗਮ ਵੱਲੋਂ ਆਪਣੇ ਪੱਧਰ ’ਤੇ ਕੀਤਾ ਜਾਵੇਗਾ। ਆਵਾਰਾ ਕੁੱਤਿਆਂ ਦੀ ਨਸਬੰਦੀ ਕਰਨ ਲਈ ਟੈਂਡਰ ਜਾਰੀ ਕਰਨ ਸਮੇਤ ਗਊਸ਼ਾਲਾ ਵਿੱਚ ਪਸ਼ੂਆਂ ਦੀ ਗਿਣਤੀ ਵੱਧ ਜਾਣ ਕਾਰਨ 300 ਪਸ਼ੂ ਬਾਲ ਗੋਪਾਲ ਗਊ ਬਸੇਰਾ ਵੈਲਫੇਅਰ ਸੁਸਾਇਟੀ ਵਿੱਚ ਸ਼ਿਫ਼ਟ ਕਰਨ ਸਮੇਤ ਸੁਸਾਇਟੀਆਂ ਦੇ ਵਿਕਾਸ ਕੰਮਾਂ ਦੇ ਤਖ਼ਮੀਨਿਆਂ ਨੂੰ ਪ੍ਰਵਾਨਗੀ ਦੇਣ ਅਤੇ ਸਨਅਤੀ ਖੇਤਰ ਫੇਜ਼-8ਬੀ ਦੀਆਂ ਸੜਕਾਂ ਦੀ ਉਸਾਰੀ ਢਾਈ ਕਰੋੜ ਰੁਪਏ ਦਾ ਮਤਾ ਪਾਸ ਕੀਤਾ ਗਿਆ।

ਮੀਟਿੰਗ ਵਿੱਚ ਇੱਕ ਹੋਰ ਅਹਿਮ ਮਤਾ ਪਾਸ ਕਰਕੇ ਸ਼ਹਿਰ ਦੇ ਵਿਕਾਸ ਅਤੇ ਸਵੱਛ ਭਾਰਤ ਮਿਸ਼ਨ ਦੇ ਕੰਮਾਂ ਨੂੰ ਬਿਹਤਰ ਤਰੀਕੇ ਨਾਲ ਕਰਨ ਲਈ ਸ਼ਹਿਰ ਨੂੰ ਜ਼ੋਨਾਂ ਵਿੱਚ ਵੰਡਿਆ ਗਿਆ। ਜ਼ੋਨ ਨੰਬਰ-1 (ਉੱਤਰੀ) ਵਿੱਚ ਵਾਰਡ ਨੰਬਰ-1, 3, 4, 5, 7, 41 ਅਤੇ 43 ਤੋਂ 50 ਤੱਕ ਦਾ ਇਲਾਕਾ ਸ਼ਾਮਲ ਕੀਤਾ ਜਾਵੇਗਾ ਜਦੋਂਕਿ ਜੋਨ ਨੰਬਰ 2 (ਪੂਰਬੀ) ਵਿੱਚ ਵਾਰਡ ਨੰਬਰ-2, 6, 8, 9 ਤੋਂ 12, 29, 34 ਤੋਂ 39 ਅਤੇ 42 ਦਾ ਖੇਤਰ ਹੋਵੇਗਾ। ਜੋਨ ਨੰਬਰ-3 (ਦੱਖਣੀ) ਵਿੱਚ ਵਾਰਡ ਨੰਬਰ-13 ਤੋਂ 28 ਅਤੇ 30 ਨੂੰ ਸ਼ਾਮਲ ਕੀਤਾ ਗਿਆ ਹੈ। ਜੋਨ ਨੰਬਰ-4 (ਪੱਛਮੀ) ਵਿੱਚ ਵਾਰਡ ਨੰਬਰ-31 ਤੋਂ 33, ਵਾਰਡ ਨੰਬਰ-40 ਤੇ 41 ਦਾ ਇਲਾਕਾ ਸ਼ਾਮਲ ਹੈ। ਇਸ ਨਾਲ ਨਿਗਮ ਦੇ ਕੰਮ ਵਿੱਚ ਸੁਧਾਰ ਆਵੇਗਾ।
ਇਸ ਮੌਕੇ ਵਿਰੋਧੀ ਧਿਰ ਦੀ ਕੌਂਸਲਰ ਬੀਬੀ ਗੁਰਮੀਤ ਕੌਰ ਅਤੇ ਰਮਨਪ੍ਰੀਤ ਕੌਰ ਕੁੰਭੜਾ ਨੇ ਵਿਕਾਸ ਪੱਖੋਂ ਉਨ੍ਹਾਂ ਦੇ ਵਾਰਡਾਂ ਨੂੰ ਅਣਗੌਲਿਆ ਕਰਨ ਦਾ ਦੋਸ਼ ਲਾਇਆ। ਇਸ ਦੇ ਜਵਾਬ ਵਿੱਚ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਵਿਕਾਸ ਪੱਖੋਂ ਕਿਸੇ ਵਾਰਡ ਦੀ ਅਣਦੇਖੀ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਤਰਤੀਬਵਾਰ ਮੁਹਾਲੀ ਵਿੱਚ ਵਾਰਡਵਾਈਜ਼ ਵਿਕਾਸ ਕੰਮ ਕੀਤੇ ਜਾ ਰਹੇ ਹਨ।

Load More Related Articles
Load More By Nabaz-e-Punjab
Load More In Business

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…