ਨਗਰ ਨਿਗਮ ਵੱਲੋਂ ਮਲਬੇ ਤੋਂ ਇੰਟਰਲਾਕ ਟਾਈਲਾਂ, ਪੇਵਰ ਤੇ ਕਰਵ ਚੈਨਲ ਬਣਾਉਣ ਦਾ ਕੰਮ ਸ਼ੁਰੂ

ਕੂੜੇ ਦੇ ਪ੍ਰਬੰਧਨ ਲਈ ਢਾਈ ਕਰੋੜ ਦੀ ਲਾਗਤ ਨਾਲ 5 ਟਿੱਪਰ ਤੇ 3 ਜੇਸੀਬੀ ਮਸ਼ੀਨਾਂ ਖ਼ਰੀਦਣ ਲਈ ਹਰੀ ਝੰਡੀ: ਮੇਅਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਦਸੰਬਰ:
ਮੁਹਾਲੀ ਨਗਰ ਨਿਗਮ ਨੇ ਮਲਬੇ ਤੋਂ ਇੰਟਰਲਾਕ ਟਾਈਲਾਂ, ਪੇਵਰ ਅਤੇ ਕਰਵ ਚੈਨਲ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਪ੍ਰਾਜੈਕਟ ਲਈ ਬਲੌਂਗੀ ਗਊਸ਼ਾਲਾ ਨੇੜੇ ਮਸ਼ੀਨਰੀ ਲਗਾਈ ਗਈ ਹੈ। ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਇਸ ਪਲਾਂਟ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀ ਮੌਜੂਦ ਸਨ।
ਜੀਤੀ ਸਿੱਧੂ ਨੇ ਦੱਸਿਆ ਕਿ ਮਲਬੇ ਤੋਂ ਟਾਈਲਾਂ ਬਣਾਉਣ ਵਾਲੀ ਮਸ਼ੀਨ ’ਤੇ 10 ਲੱਖ ਰੁਪਏ ਦਾ ਖ਼ਰਚ ਆਇਆ ਹੈ। ਇਸ ਤੋਂ ਇਲਾਵਾ ਟਿੱਪਰਾਂ ਅਤੇ ਜੇਸੀਬੀ ਮਸ਼ੀਨਾਂ ਉੱਤੇ ਢਾਈ ਕਰੋੜ ਰੁਪਏ ਤੋਂ ਵੱਧ ਖ਼ਰਚ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੰਸਟਰੱਕਸ਼ਨ ਅਤੇ ਡੈਮੋਲੀਸ਼ਨ ਵੇਸਟ ਦਾ 20 ਫੀਸਦੀ ਹਿੱਸਾ ਇੰਟਰਲਾਕ ਟਾਈਲਾਂ ਬਣਾਉਣ ਵਿੱਚ ਵਰਤਿਆ ਜਾਵੇਗਾ। ਇਸ ਨਾਲ ਸ਼ਹਿਰ ਵਿੱਚ ਗੰਦਗੀ ਨਹੀਂ ਫੈਲੇਗੀ ਅਤੇ ਸਫ਼ਾਈ ਵਿਵਸਥਾ ਬਣੀ ਰਹੇਗੀ। ਉਨ੍ਹਾਂ ਕਿਹਾ ਕਿ ਪਾਇਲਟ ਪ੍ਰਾਜੈਕਟ ਤਹਿਤ ਮਸ਼ੀਨਰੀ ਲਗਾਈ ਗਈ ਹੈ ਅਤੇ ਇੱਥੇ ਟਾਈਲਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਮੇਅਰ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਮੁਹਾਲੀ ਨੂੰ ਸਵੱਛਤਾ ਸਰਵੇਖਣ ਵਿੱਚ ਇੱਕ ਨੰਬਰ ’ਤੇ ਲਿਆਉਣ ਲਈ ਕਾਰਵਾਈ ਤੇਜ਼ ਕਰ ਦਿੱਤੀ ਹੈ। ਜਿਸ ਦੇ ਤਹਿਤ 5 ਟਿੱਪਰ ਅਤੇ ਤਿੰਨ ਜੇਸੀਬੀ ਮਸ਼ੀਨਾਂ ਨਵੀਂਆਂ ਖ਼ਰੀਦੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ 5 ਟਿੱਪਰਾਂ ’ਚੋਂ 3 ਟਿੱਪਰ ਸੈਨੀਟੇਸ਼ਨ ਵਿਭਾਗ ਅਤੇ ਦੋ ਟਿੱਪਰ ਇੰਜੀਨੀਅਰਿੰਗ ਵਿੰਗ ਨੂੰ ਦਿੱਤੇ ਜਾਣਗੇ।

ਇਸੇ ਤਰ੍ਹਾਂ ਦੋ ਜੇਸੀਬੀ ਮਸ਼ੀਨਾਂ ਸੈਨੀਟੇਸ਼ਨ ਵਿਭਾਗ ਅਤੇ ਇਕ ਜੇਸੀਬੀ ਮਸ਼ੀਨ ਇੰਜੀਨੀਅਰਿੰਗ ਵਿੰਗ ਨੂੰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਵਿੰਗਾਂ ਦੇ ਅਧਿਕਾਰੀਆਂ ਨੂੰ ਇਹ ਸਪੱਸ਼ਟ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਸ਼ਹਿਰ ਨੂੰ ਸਵੱਛ ਸਰਵੇਖਣ ਵਿੱਚ ਨੰਬਰ ਇੱਕ ’ਤੇ ਲਿਆਉਣ ਲਈ ਕਿਸੇ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਸ਼ਹਿਰ ਵਿੱਚ ਸਫ਼ਾਈ ਮਾਮਲੇ ਵਿੱਚ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ। ਇਸ ਮੌਕੇ ਨਗਰ ਨਿਗਮ ਦੇ ਐਕਸੀਅਨ ਰਾਜਬੀਰ ਸਿੰਘ, ਐਕਸੀਅਨ ਸੁਨੀਲ ਸ਼ਰਮਾ ਅਤੇ ਸਟਾਰ ਕੰਸਟਰੱਕਸ਼ਨ ਕੰਪਨੀ ਦੇ ਤਾਰਾ ਸਿੰਘ ਸੈਣੀ ਵੀ ਹਾਜ਼ਰ ਸਨ।

Load More Related Articles

Check Also

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 25 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਐਸਐਚਓ ਗ੍ਰਿਫ਼ਤਾਰ

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 25 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਐਸਐਚਓ ਗ੍ਰਿਫ਼ਤਾਰ ਸ਼ਿਕਾਇਤਕਰਤਾ ਅਨੁਸਾਰ ਐਸਐਚਓ…