
ਮੁਹਾਲੀ ਨਗਰ ਨਿਗਮ ਦੀ ਟੀਮ ਨੇ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਕੀਤਾ ਵਿਕਾਸ ਕੰਮਾਂ ਦਾ ਨਿਰੀਖਣ
ਟੀਮ ਨੇ ਠੇਕੇਦਾਰ ਤੇ ਅਧਿਕਾਰੀਆਂ ਨੂੰ ਕਮੀਆਂ ਦੂਰ ਕਰਨ ਲਈ ਮੌਕੇ ’ਤੇ ਹੀ ਦਿੱਤੀਆਂ ਹਦਾਇਤਾਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਨਵੰਬਰ:
ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀਆਂ ਹਦਾਇਤਾਂ ’ਤੇ ਸੋਮਵਾਰ ਨੂੰ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਕਮਿਸ਼ਨਰ ਕਮਲ ਗਰਗ ਦੀ ਅਗਵਾਈ ਹੇਠ ਨਗਰ ਨਿਗਮ ਦੀ ਟੀਮ ਵੱਲੋਂ ਵੱਖ-ਵੱਖ ਥਾਵਾਂ ’ਤੇ ਚੱਲ ਰਹੇ ਵਿਕਾਸ ਕੰਮਾਂ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਐਸਈ ਸੰਜੇ ਕੰਵਰ, ਐਕਸੀਅਨ ਰਾਜਬੀਰ ਸਿੰਘ ਤੇ ਸੁਨੀਲ ਕੁਮਾਰ ਤੇ ਹੋਰ ਅਧਿਕਾਰੀ ਹਾਜ਼ਰ ਸਨ।
ਇਸ ਮੌਕੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਅਤੇ ਨਿਗਮ ਅਧਿਕਾਰੀਆਂ ਦੀ ਸਾਂਝੀ ਟੀਮ ਨੇ ਸ਼ਹਿਰ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ। ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਨੇ ਕੰਮਾਂ ਦੀ ਜਾਂਚ ਤੋਂ ਬਾਅਦ ਠੇਕੇਦਾਰਾਂ ਨੂੰ ਤੁਰੰਤ ਸਾਰੀਆਂ ਕਮੀਆਂ ਦੂਰ ਕਰਨ ਦੀਆਂ ਹਦਾਇਤਾਂ ਦਿੰਦਿਆਂ ਵਿਕਾਸ ਕੰਮ ਸਮੇਂ ਸਿਰ ਮੁਕੰਮਲ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਜੇਕਰ ਮਿੱਥੇ ਸਮੇਂ ਅੰਦਰ ਵਿਕਾਸ ਕੰਮਾਂ ਖ਼ਤਮ ਨਹੀਂ ਕੀਤੇ ਗਏ ਤਾਂ ਸਬੰਧਤ ਠੇਕੇਦਾਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਅਧਿਕਾਰੀਆਂ ਨੂੰ ਇਹ ਵੀ ਹਦਾਇਤਾਂ ਦਿੱਤੀਆਂ ਕਿ ਉਹ ਖ਼ੁਦ ਵਿਕਾਸ ਕੰਮਾਂ ਦੀ ਲਗਾਤਾਰ ਨਜ਼ਰਸਾਨੀ ਅਤੇ ਨਿਰੀਖਣ ਕਰਨ ਅਤੇ ਵਿਕਾਸ ਕੰਮਾਂ ਵਿੱਚ ਵਰਤੇ ਜਾ ਰਹੇ ਮਟੀਰੀਅਲ ਦੇ ਸੈਂਪਲ ਲਏ ਜਾਣ ਤਾਂ ਜੋ ਗੜਬੜੀ ਦੀ ਕੋਈ ਗੁਜਾਇੰਸ ਨਾ ਰਹੇ। ਇਸ ਮੌਕੇ ਨਿਗਮ ਕਮਿਸ਼ਨਰ ਨੇ ਵੀ ਅਧਿਕਾਰੀਆਂ ਨੂੰ ਕਿਹਾ ਕਿ ਉਹ ਮੇਅਰ ਜੀਤੀ ਸਿੱਧੂ ਵੱਲੋਂ ਜਾਰੀ ਹਦਾਇਤਾਂ ਦੇ ਅਨੁਸਾਰ ਵਿਕਾਸ ਕਾਰਜਾਂ ਦੀ ਜਾਂਚ ਕਰਦੇ ਰਹਿਣ ਅਤੇ ਇਸ ਕੰਮ ਵਿੱਚ ਕਿਸੇ ਤਰ੍ਹਾਂ ਦੀ ਅਣਦੇਖੀ ਨਾ ਕੀਤੀ ਜਾਵੇ।