
ਮਸ਼ੀਨੀ ਸਫ਼ਾਈ ਦਾ ਠੇਕਾ ਖ਼ਤਮ ਹੋਣ ਕਾਰਨ ਕਿਰਾਏ ’ਤੇ ਗੱਡੀਆਂ ਲੈ ਕੇ ਸ਼ੁਰੂ ਕਰਵਾਈ ਮਸ਼ੀਨੀ ਸਫ਼ਾਈ
ਮੇਅਰ ਜੀਤੀ ਸਿੱਧੂ ਤੇ ਡਿਪਟੀ ਮੇਅਰ ਕੁਲਜੀਤ ਬੇਦੀ ਨੇ ਸ਼ਹਿਰ ਦਾ ਦੌਰਾ ਕਰਕੇ ਲਿਆ ਸਫ਼ਾਈ ਦਾ ਜਾਇਜ਼ਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਮਾਰਚ:
ਮੁਹਾਲੀ ਨਗਰ ਨਿਗਮ ਨੇ ਮਕੈਨੀਕਲ ਸਵੀਪਿੰਗ ਦਾ ਠੇਕਾ ਖ਼ਤਮ ਹੋਣ ਕਾਰਨ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਹੇਠ ਫੈਸਲਾ ਲੈ ਕੇ ਕਿਰਾਏ ’ਤੇ ਗੱਡੀਆਂ ਲੈ ਕੇ ਸ਼ਹਿਰ ਵਿੱਚ ਮਸ਼ੀਨੀ ਸਫ਼ਾਈ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਅੱਜ ਇੱਥੋਂ ਦੇ ਸੈਕਟਰ-68 ਤੇ ਸੈਕਟਰ-69 ਦੀ ਮੁੱਖ ਸੜਕ ਉੱਤੇ ਮੇਅਰ ਜੀਤੀ ਸਿੱਧੂ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮਸ਼ੀਨੀ ਸਫ਼ਾਈ ਦਾ ਜਾਇਜ਼ਾ ਲਿਆ।
ਇਸ ਮੌਕੇ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਪਿਛਲੇ ਦਿਨੀਂ ਵੱਡੀ ਗਿਣਤੀ ਵਿੱਚ ਸਫ਼ਾਈ ਕਰਮਚਾਰੀ ਭਰਤੀ ਕੀਤੇ ਗਏ ਸਨ ਅਤੇ ਸ਼ਹਿਰ ਵਿੱਚ ਮਾਰਕੀਟਾਂ ਅਤੇ ਰਿਹਾਇਸ਼ੀ ਖੇਤਰ ਦੀ ਸਫ਼ਾਈ ਦਾ ਕੰਮ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਪ੍ਰੰਤੂ ਮੁੱਖ ਸੜਕਾਂ ਦੀ ਸਫ਼ਾਈ ਕਰਨ ਵਿੱਚ ਦਿੱਕਤਾਂ ਆ ਰਹੀਆਂ ਸਨ ਕਿਉਂਕਿ ਮਕੈਨੀਕਲ ਸਵੀਪਿੰਗ ਦਾ ਠੇਕਾ ਖ਼ਤਮ ਹੋ ਗਿਆ ਹੈ। ਹਾਲਾਂਕਿ ਪਹਿਲਾਂ ਵੀ ਮਕੈਨੀਕਲ ਸਵੀਪਿੰਗ ਦਾ ਠੇਕਾ ਆਰਜ਼ੀ ਤੌਰ ’ਤੇ ਵਧਾਇਆ ਗਿਆ ਸੀ ਪ੍ਰੰਤੂ ਜਦੋਂ ਤੱਕ ਕਿਸੇ ਕੰਪਨੀ ਨੂੰ ਪੱਕਾ ਠੇਕਾ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਨਿਗਮ ਨੇ ਪਹਿਲਕਦਮੀ ਕਰਦਿਆਂ ਕਿਰਾਏ ’ਤੇ ਗੱਡੀਆਂ ਲੈ ਕੇ ਸ਼ਹਿਰ ਵਿੱਚ ਮਸ਼ੀਨੀ ਸਫ਼ਾਈ ਦਾ ਫੈਸਲਾ ਲਿਆ ਹੈ। ਜਿਸ ’ਤੇ ਅੱਜ ਕੰਮ ਸ਼ੁਰੂ ਹੋ ਗਿਆ ਹੈ ਅਤੇ ਉਹ ਖ਼ੁਦ ਵੀ ਮਸ਼ੀਨੀ ਸਫ਼ਾਈ ਦੀ ਨਜ਼ਰਸਾਨੀ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਪਤਝੜ ਕਾਰਨ ਪੂਰੇ ਸ਼ਹਿਰ ਵਿੱਚ ਸੜਕਾਂ ਕਿਨਾਰੇ ਦਰਖਤਾਂ ਤੋਂ ਟੁੱਟ ਕੇ ਜ਼ਮੀਨ ’ਤੇ ਡਿੱਗੇ ਪਏ ਹਨ। ਜਿਸ ਨਾਲ ਸ਼ਹਿਰ ਦੀ ਖ਼ੂਬਸੂਰਤੀ ਵੀ ਗ੍ਰਹਿਣ ਲੱਗ ਗਿਆ ਸੀ ਪ੍ਰੰਤੂ ਹੁਣ ਮੁੱਖ ਸੜਕਾਂ ਦੀ ਮਸ਼ੀਨੀ ਸਫ਼ਾਈ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਗੰਦਗੀ ਨਾ ਫੈਲੇ ਇਸ ਕਰਕੇ ਮੁੱਖ ਸੜਕਾਂ ਉੱਤੇ ਮਕੈਨੀਕਲ ਸਵੀਪਿੰਗ ਕਿਰਾਏ ਤੇ ਗੱਡੀਆਂ ਲੈ ਕੇ ਕਰਵਾਉਣ ਦਾ ਫੈਸਲਾ ਕੀਤਾ ਗਿਆ ਤੇ ਇਹ ਕੰਮ ਹੁਣ ਤਸੱਲੀਬਖ਼ਸ਼ ਢੰਗ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਠੇਕੇਦਾਰ ਨੂੰ ਰੋਜ਼ਾਨਾ ਪ੍ਰਤੀ ਗੱਡੀ ਪ੍ਰਤੀ ਕਿੱਲੋਮੀਟਰ ਅਦਾ ਕੀਤੇ ਜਾਂਦੇ ਪੈਸੇ ਨਾਲੋਂ ਕਿਰਾਏ ’ਤੇ ਗੱਡੀਆਂ ਲੈ ਕੇ ਬਹੁਤ ਘੱਟ ਕੀਮਤ ਵਿੱਚ ਇਹ ਕੰਮ ਕਰਵਾਇਆ ਜਾ ਰਿਹਾ ਹੈ। ਸ਼ਹਿਰ ਵਿੱਚ ਸਫ਼ਾਈ ਦੀ ਜ਼ਿੰਮੇਵਾਰੀ ਨਗਰ ਨਿਗਮ ਦੀ ਹੈ ਅਤੇ ਸਫ਼ਾਈ ਅਮਲਾ ਪੂਰੀ ਤਨਦੇਹੀ ਨਾਲ ਸਫ਼ਾਈ ਦਾ ਕੰਮ ਕਰ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸਫ਼ਾਈ ਵਿਵਸਥਾ ’ਚ ਹੋਰ ਸੁਧਾਰ ਲਿਆਂਦਾ ਜਾਵੇਗਾ।