
ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਦੀ ਹੁਣ ਮੁੜ ਸ਼ੁਰੂ ਹੋਵੇਗੀ ਮਸ਼ੀਨੀ ਸਫ਼ਾਈ: ਕੁਲਵੰਤ ਸਿੰਘ
ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਨੂੰ ਮਿਲ ਕੇ ਨਵੀਆਂ ਮਸ਼ੀਨਾਂ ਦਾ ਪ੍ਰਬੰਧ ਕਰਵਾਇਆ
ਨਬਜ਼-ਏ-ਪੰਜਾਬ, ਮੁਹਾਲੀ, 8 ਨਵੰਬਰ:
ਮੁਹਾਲੀ ਨਗਰ ਨਿਗਮ ਵੱਲੋਂ ਸ਼ਹਿਰ ਦੀਆਂ ਸੜਕਾਂ ਦੀ ਮਕੈਨੀਕਲ ਸਫ਼ਾਈ ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇਗਾ। ਇਸ ਸਬੰਧੀ ਚਾਰ ਨਵੀਆਂ ਮਸ਼ੀਨਾਂ ਦੀ ਖ਼ਰੀਦ ਲਈ ਮੰਗੇ ਗਏ ਟੈਂਡਰ ਪ੍ਰਕਿਰਿਆ ਜਲਦ ਮੁਕੰਮਲ ਹੋ ਜਾਵੇਗੀ। ਅੱਜ ਇੱਥੇ ਇਹ ਜਾਣਕਾਰੀ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਮੀਡੀਆ ਨੂੰ ਦਿੱਤੀ। ਇਸ ਤੋਂ ਪਹਿਲਾਂ ਨਗਰ ਨਿਗਮ ਵੱਲੋਂ ਸ਼ਹਿਰ ਦੀਆਂ ‘ਏ’ ਸ਼੍ਰੇਣੀ ਦੀਆਂ ਸੜਕਾਂ ਦੀ ਮਕੈਨੀਕਲ ਸਵੀਪਿੰਗ ਰਾਹੀਂ ਸਫ਼ਾਈ ਕੀਤੀ ਜਾਂਦੀ ਸੀ ਪਰ ਫਰਵਰੀ 2022 ਵਿੱਚ ਠੇਕਾ ਖ਼ਤਮ ਹੋਣ ਬਾਅਦ ਫਿਰ ਤੋਂ ਮੈਨੂਅਲ ਸਫ਼ਾਈ ਕੀਤੀ ਜਾ ਰਹੀ ਸੀ।
ਕੁਲਵੰਤ ਸਿੰਘ ਨੇ ਕਿਹਾ ਕਿ ਸ਼ਹਿਰ ਦੀਆਂ ਸੜਕਾਂ ਦੀ ਸਫ਼ਾਈ ਮਸ਼ੀਨੀ ਤਰੀਕੇ ਨਾਲ ਮੁੜ ਸ਼ੁਰੂ ਕਰਨ ਦੀ ਲੋੜ ਨੂੰ ਦੇਖਦੇ ਹੋਏ ਇਸ ਸਮੱਸਿਆ ਦੇ ਹੱਲ ਲਈ ਨਗਰ ਨਿਗਮ ਵੱਲੋਂ ਸ਼ਹਿਰ ਦੀਆਂ ‘ਏ’ ਅਤੇ ‘ਬੀ’ ਸ਼੍ਰੇਣੀ ਦੀਆਂ ਸੜਕਾਂ ਦੀ ਮਸ਼ੀਨੀ ਸਫ਼ਾਈ ਲਈ ਪ੍ਰਸਤਾਵ ਤਿਆਰ ਕੀਤਾ ਗਿਆ ਸੀ। ਇਸ ਤਜਵੀਜ਼ ਵਿੱਚ ਮਸ਼ੀਨਾਂ ਦੀ ਸਪਲਾਈ ਦੇ ਨਾਲ ਕੰਪਨੀ ਵੱਲੋਂ 5 ਸਾਲ ਦਾ ਸੰਚਾਲਨ ਅਤੇ ਰੱਖ-ਰਖਾਓ ਵੀ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਫੰਡਾਂ ਦਾ ਪ੍ਰਬੰਧ ਕਰਨ ਲਈ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਹੈ ਕਿ ਮੁਹਾਲੀ ਦੀਆਂ ‘ਏ’ ਅਤੇ ‘ਬੀ’ ਸੜਕਾਂ ਦੀ ਸਫ਼ਾਈ ਮਕੈਨੀਕਲ ਸਵੀਪਿੰਗ ਰਾਹੀਂ ਕਰਵਾਈ ਜਾਵੇ ਕਿਉਂਕਿ ਪਿਛਲੇ ਸਮੇਂ ਵਿੱਚ ਮਸ਼ੀਨੀ ਸਵੀਪਿੰਗ ਨਾਲ ਸਫ਼ਾਈ ਬਹੁਤ ਹੀ ਸੁਚਾਰੂ ਢੰਗ ਨਾਲ ਕੀਤੀ ਜਾ ਰਹੀ ਸੀ ਅਤੇ ਲੋਕਾਂ ਵੱਲੋਂ ਸਫ਼ਾਈ ਸਬੰਧੀ ਕੋਈ ਸ਼ਿਕਾਇਤ ਵੀ ਨਹੀਂ ਸੀ। ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਮਕੈਨੀਕਲ ਸਵੀਪਿੰਗ ਲਈ ਚਾਰ ਇੰਪੋਰਟਡ ਮਸ਼ੀਨਾਂ ਦੀ ਖ਼ਰੀਦ ਲਈ ਨਗਰ ਨਿਗਮ ਨੂੰ ਵੱਖਰੇ ਤੌਰ ’ਤੇ ਫੰਡ ਉਪਲਬਧ ਕਰਵਾਏ ਜਾਣਗੇ।
ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ ਨੇ ਦੱਸਿਆ ਕਿ ਮਸ਼ੀਨਾਂ ਦੀ ਖ਼ਰੀਦ ਲਈ ਦੋ ਵਾਰ ਟੈਂਡਰ ਮੰਗੇ ਗਏ ਹਨ ਅਤੇ ਦੂਜੀ ਵਾਰ ਦੋ ਕੰਪਨੀਆਂ ਨੇ ਬੋਲੀ ਲਗਾਈ ਹੈ। ਉਨ੍ਹਾਂ ਕਿਹਾ ਕਿ ਵਿੱਤੀ ਬੋਲੀ ਵੀ ਖੋਲ੍ਹ ਦਿੱਤੀ ਗਈ ਹੈ, ਜਿੱਥੇ ਯੋਗ ਕੰਪਨੀ ਨੂੰ ਜਲਦੀ ਹੀ ਮਸ਼ੀਨਾਂ ਦੀ ਸਪਲਾਈ ਲਈ ਰਿਲੀਜ਼ ਆਰਡਰ ਦੇ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ 10 ਕਰੋੜ ਦੀ ਲਾਗਤ ਵਾਲਾ ਇਹ ਪ੍ਰਾਜੈਕਟ ਜਲਦੀ ਹੀ ਮੁੜ ਮਕੈਨੀਕਲ ਸਫ਼ਾਈ (ਸਵੀਪਿੰਗ) ਦਾ ਰਾਹ ਖੋਲ੍ਹ ਦੇਵੇਗਾ। ਇਸ ਨਾਲ ਸ਼ਹਿਰ ਵਾਸੀਆਂ ਨੂੰ ਸਫ਼ਾਈ ਪੱਖੋਂ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ‘ਏ’ ਅਤੇ ‘ਬੀ’ ਸ਼੍ਰੇਣੀ ਦੀਆਂ ਸੜਕਾਂ ਦੀ ਮਸ਼ੀਨੀ ਸਫ਼ਾਈ ਕੀਤੀ ਜਾਵੇਗੀ।