
ਮੈਡੀਕਲ ਕਾਲਜ ਮੁਹਾਲੀ ਵਿੱਚ ਲਗਾਏ ਜਾਣਗੇ ਤਿੰਨ ਮੈਡੀਕਲ ਆਕਸੀਜਨ ਪਲਾਂਟ: ਆਸ਼ਿਕਾ ਜੈਨ
ਕੰਮ ਨੂੰ ਸਮਾਂਬੱਧ ਤਰੀਕੇ ਨਾਲ ਨੇਪਰੇ ਚੜ੍ਹਾਉਣ ਲਈ ਵਿਸ਼ੇਸ਼ ਤਾਲਮੇਲ ਕਮੇਟੀ ਦਾ ਗਠਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜੂਨ:
ਇੱਥੋਂ ਦੇ ਡਾ. ਬੀ.ਆਰ. ਅੰਬੇਦਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਸਰਕਾਰੀ ਮੈਡੀਕਲ ਕਾਲਜ) ਵਿਖੇ 1000 ਐਲਪੀਐਮ ਦੀ ਸਮਰੱਥਾ ਅਤੇ ਐਲਐਮਓ ਲਾਈਨਜ਼ ਸਮੇਤ ਤਿੰਨ ਮੈਡੀਕਲ ਆਕਸੀਜਨ ਪਲਾਂਟ (ਪੀਐਸਏ ਪਲਾਂਟ) ਸਥਾਪਿਤ ਕਰਨ ਲਈ ਡਿਜ਼ਾਈਨ ਅਤੇ ਲੋੜੀਂਦੀ ਥਾਂ ਦੀ ਯੋਜਨਾਬੰਦੀ ਦੇ ਕੰਮ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਅਗਲੇ ਪੰਦਰਵਾੜੇ ਵਿੱਚ ਇਨ੍ਹਾਂ ਪਲਾਂਟਾਂ ਦੀ ਸਥਾਪਨਾ ਲਈ ਚੁਣੀ ਗਈ ਥਾਂ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾਣਗੀਆਂ।
ਇਹ ਜਾਣਕਾਰੀ ਅੱਜ ਇੱਥੇ ਮੁਹਾਲੀ ਦੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਆਸ਼ਿਕਾ ਜੈਨ ਨੇ ਦਿੱਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਸਮਾਂਬੱਧ ਢੰਗ ਨਾਲ ਇਸ ਕੰਮ ਨੂੰ ਨੇਪਰੇ ਚੜ੍ਹਾਉਣ, ਤਾਲਮੇਲ ਕਰਨ ਅਤੇ ਕੰਮ ਦਾ ਦਿਨ ਪ੍ਰਤੀ ਦਿਨ ਜਾਇਜ਼ਾ ਲੈਣ ਲਈ ਮੈਡੀਕਲ ਕਾਲਜ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ, ਸਿਹਤ ਵਿਭਾਗ, ਲੋਕ ਨਿਰਮਾਣ ਵਿਭਾਗ ਅਤੇ ਇਲੈਕਟ੍ਰੀਕਲ ਵਿੰਗ ਦੇ ਨੁਮਾਇੰਦਿਆਂ ਦੀ ਇਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਪਲਾਂਟ ਸਥਾਪਿਤ ਕਰਨਾ ਯਕੀਨੀ ਬਣਾਇਆ ਜਾ ਸਕੇ। ਪੀਐਸਏ ਪਲਾਂਟ ਲਗਾਉਣ ਲਈ ਲੋੜੀਂਦੇ ਜਰਨੇਟਰ ਸੈੱਟ ਅਤੇ ਬਿਜਲੀ ਦੀਆਂ ਲਾਈਨਾਂ ਪਾਉਣ ਦਾ ਕੰਮ ਨਾਲੋ-ਨਾਲ ਜਾਰੀ ਰਹੇਗਾ। ਇਸ ਦੌਰਾਨ ਆਰਜ਼ੀ ਹਸਪਤਾਲ ਬਣਾਉਣ ਵਾਲੀ ਕੰਪਨੀ ਵੱਲੋਂ ਜ਼ਮੀਨ ਦਾ ਜਾਇਜ਼ਾ ਲੈ ਲਿਆ ਗਿਆ ਹੈ ਅਤੇ ਜੂਨ ਦੇ ਅੰਤ ਤੱਕ 100 ਬੈੱਡਾਂ ਵਾਲੇ ਪਹਿਲਾਂ ਤੋਂ ਬਣਾਏ ਗਏ ਢਾਂਚੇ ਵਾਲੇ ਆਰਜ਼ੀ (ਮੇਕ-ਸ਼ਿਫਟ) ਹਸਪਤਾਲ ਦੀ ਸਥਾਪਨਾ ਦਾ ਕੰਮ ਮੁਕੰਮਲ ਹੋਣ ਦੀ ਆਸ ਹੈ।
ਜ਼ਿਕਰਯੋਗ ਹੈ ਕਿ ਕੋਵਿਡ-19 ਦੇ ਐਕਟਿਵ ਮਾਮਲਿਆਂ ਵਿਚ ਗਿਰਾਵਟ ਦੇ ਨਾਲ ਸਮੇਂ ਅਤੇ ਸਰੋਤਾਂ ਦਾ ਸੁਚੱਜਾ ਉਪਯੋਗ ਕਰਦਿਆਂ, ਤੀਸਰੀ ਸੰਭਾਵੀ ਲਹਿਰ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰਾ ਯਤਨਸ਼ੀਲ ਹੈ। ਇਸ ਸਬੰਧੀ ਸਿਹਤ ਢਾਂਚੇ ਖਾਸ ਕਰਕੇ ਮੈਡੀਕਲ ਆਕਸੀਜਨ ਦੇ ਉਤਪਾਦਨ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਸਿਵਲ ਹਸਪਤਾਲ ਖਰੜ ਵਿਖੇ ਦੋ ਪਲਾਂਟ ਕਮਿਊਨਿਟੀ ਹੈਲਥ ਸੈਂਟਰ ਡਕੋਲੀ ਵਿਖੇ ਇੱਕ ਅਤੇ ਜ਼ਿਲ੍ਹਾ ਹਸਪਤਾਲ ਮੁਹਾਲੀ ਵਿੱਚ 5 ਪੀਐਸਏ ਪਲਾਂਟ ਲਗਾਉਣ ਸਬੰਧੀ ਆਰਡਰ ਦੇ ਦਿੱਤੇ ਗਏ ਹਨ। ਮੀਟਿੰਗ ਵਿੱਚ ਏਡੀਸੀ (ਵਿਕਾਸ) ਰਾਜੀਵ ਗੁਪਤਾ ਤੇ ਹੋਰ ਅਧਿਕਾਰੀ ਹਾਜ਼ਰ ਸਨ।