nabaz-e-punjab.com

ਪੰਜਾਬ ਦੀ ਆਰਥਿਕਤ ਨੂੰ ਹੁਲਾਰਾ ਦੇਣ ਲਈ ਬਣੇਗੀ ਮੈਡੀਕਲ ਟੂਰਿਜ਼ਮ ਨੀਤੀ: ਨਵਜੋਤ ਸਿੱਧੂ

ਬਿਹਤਰ ਤੇ ਸਸਤੀਆਂ ਸਹੂਲਤਾਂ ਕਾਰਨ ਵਿਦੇਸ਼ੀਆਂ ਦਾ ਕੇਂਦਰ ਬਣੇਗਾ ਪੰਜਾਬ

ਮੈਡੀਕਲ ਟੂਰਿਜ਼ਮ ਦਾ ਖਾਕਾ ਤਿਆਰ, ਮੁੱਖ ਮੰਤਰੀ ਕੋਲੋਂ ਜਲਦ ਕਰਵਾਇਆ ਜਾਵੇਗਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 1 ਨਵੰਬਰ:
ਪੰਜਾਬ ਦੇ ਸੱਭਿਆਚਾਰ ਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਅਤੇ ਵਿਦੇਸ਼ੀਆਂ ਨੂੰ ਬਿਹਤਰ ਤੇ ਸਸਤੀਆਂ ਸਿਹਤ ਸੇਵਾਵਾਂ ਦੇਣ ਲਈ ‘ਮੈਡੀਕਲ ਟੂਰਿਜ਼ਮ ਨੀਤੀ’ ਤਿਆਰ ਕੀਤੀ ਗਈ ਹੈ। ਇਸ ਸਬੰਧੀ ਨੀਤੀ ਦਾ ਖਾਕਾ ਤਿਆਰ ਹੈ ਅਤੇ ਜਲਦ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਨੀਤੀ ਦਾ ਐਲਾਨ ਕੀਤਾ ਜਾਵੇਗਾ। ਅੱਜ ਇਥੇ ਸੈਕਟਰ-35 ਸਥਿਤ ਮਿਉਂਸਪਲ ਭਵਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਸੰਬੋਧਨ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਪੰਜਾਬ ਨੂੰ ਮੁੜ ਪੈਰਾਂ ’ਤੇ ਖੜ੍ਹਾ ਕਰਨ ਅਤੇ ਸੂਬੇ ਦੀ ਕਮਜ਼ੋਰ ਆਰਥਿਕਤ ਨੂੰ ਵੱਡਾ ਹੁਲਾਰਾ ਦੇਣ ਲਈ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ।
ਇਨ੍ਹਾਂ ਯੋਜਨਾਵਾਂ ਤਹਿਤ ਸੈਲਾਨੀਆਂ ਨੂੰ ਪੰਜਾਬ ਖਿੱਚਣ ਲਈ ਜਿੱਥੇ ਸੈਰ ਸਪਾਟਾ ਨੀਤੀ ਤਿਆਰ ਕੀਤੀ ਜਾ ਰਹੀ ਹੈ ਉਥੇ ਵਿਦੇਸ਼ਾਂ ਵਿੱਚ ਮਹਿੰਗੀਆਂ ਸਿਹਤ ਸਹੂਲਤਾਂ ਨੂੰ ਧਿਆਨ ਵਿੱਚ ਰੱਖਦਿਆਂ ਪਰਵਾਸੀ ਭਾਰਤੀਆਂ ਸਣੇ ਵਿਦੇਸ਼ੀਆਂ ਨੂੰ ਪੰਜਾਬ ਵਿੱਚ ਬਿਹਤਰ ਅਤੇ ਵਿਦੇਸ਼ਾਂ ਨਾਲੋਂ ਸਸਤੀਆਂ ਸਿਹਤ ਸੇਵਾਵਾਂ ਦੇਣ ਲਈ ਮੈਡੀਕਲ ਟੂਰਿਜ਼ਮ ਨੀਤੀ ਦਾ ਖਾਕਾ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਮੌਜੂਦ ਬਿਹਤਰ ਹਸਪਤਾਲ, ਹਵਾਈ ਤੇ ਸੜਕੀ ਸੰਪਰਕ ਮੈਡੀਕਲ ਟੂਰਿਜ਼ਮ ਨੂੰ ਪ੍ਰਫੁੱਲਤ ਕਰਨ ਵਿੱਚ ਬਹੁਤ ਕਾਰਗਾਰ ਸਿੱਧ ਹੋਵੇਗਾ। ਸ. ਸਿੱਧੂ ਨੇ ਪਾਵਰ ਪੁਆਇੰਟ ਪੇਸ਼ਕਾਰੀ ਰਾਹੀਂ ਮੈਡੀਕਲ ਟੂਰਿਜ਼ਮ ਦੇ ਵਿਸ਼ਵ ਪੱਧਰੀ ਅੰਕੜੇ ਦਿਖਾਉਂਦਿਆਂ ਦੱਸਿਆ ਕਿ ਸਿਹਤ ਸੇਵਾਵਾਂ ਭਾਰਤ ਵਿੱਚ ਵਿਦੇਸ਼ਾਂ ਮੁਕਾਬਲੇ ਬਹੁਤ ਸਸਤੀਆਂ ਹਨ ਜਿਸ ਲਈ ਭਾਰਤ ਵਿੱਚ ਇਸ ਖੇਤਰ ਵਿੱਚ ਬਹੁਤ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਇਸ ਸੰਭਾਵਨਾਵਾਂ ਭਰਪੂਰ ਖੇਤਰ ਵਿੱਚ ਸਿਰਫ ਸੁਵਿਧਾਵਾਂ ਦੇਣ ਦੀ ਲੋੜ ਹੈ ਜਿਸ ਨਾਲ ਵਿਦੇਸ਼ੀ ਮੈਡੀਕਲ ਟੂਰਿਸਟ ਵੱਡੀ ਗਿਣਤੀ ਵਿੱਚ ਪੰਜਾਬ ਵੱਲ ਰੁਖ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਇਸ ਖੇਤਰ ਨਾਲ ਆਰਥਿਕ ਵਿਕਾਸ ਹੋਵੇਗਾ ਜਿਸ ਦਾ ਸਿੱਧਾ ਫਾਇਦਾ ਪੰਜਾਬ ਵਿੱਚ ਰੋਜ਼ਗਾਰ ਉਤਪਤੀ ਨੂੰ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਡੀ.ਐਮ.ਸੀ., ਸੀ.ਐਮ.ਸੀ., ਹੀਰੋ ਹਾਰਟ, ਮੈਕਸ, ਅਪੋਲੋ ਜਿਹੇ ਵੱਡੇ ਹਸਪਤਾਲ ਸਥਾਪਤ ਹਨ ਅਤੇ ਆਉਂਦੇ ਸਮੇਂ ਵਿੱਚ ਏਮਜ਼ ਅਤੇ ਟਾਟਾ ਕੈਂਸਰ ਜਿਹੇ ਹੋਰ ਵੱਡੇ ਹਸਪਤਾਲ ਸਥਾਪਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਜਿੱਥੇ ਇਲਾਜ ਮਹਿੰਗਾ ਹੈ ਉਥੇ ਨਵੀਂ ਦਿੱਲੀ ਵਰਗੇ ਸ਼ਹਿਰਾਂ ਵਿੱਚ ਮਰੀਜ਼ਾਂ ਦੀ ਵੱਡੀ ਗਿਣਤੀ ਕਾਰਨ ਇਲਾਜ ਲਈ ਬਹੁਤ ਉਡੀਕ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਭ ਪੱਖਾਂ ਨੂੰ ਦੇਖਣ ਤੋਂ ਬਾਅਦ ਵਿਭਾਗ ਵੱਲੋਂ ਮੈਡੀਕਲ ਟੂਰਿਜ਼ਮ ਨੀਤੀ ਬਣਾਉਣ ਦਾ ਫੈਸਲਾ ਕੀਤਾ ਗਿਆ।
ਸ੍ਰੀ ਸਿੱਧੂ ਨੇ ਕਿਹਾ ਕਿ ਮੈਡੀਕਲ ਟੂਰਿਜ਼ਮ ਨੀਤੀ ਤਹਿਤ ਸੈਰ ਸਪਾਟਾ ਤੇ ਸਿਹਤ ਵਿਭਾਗ ਤੋਂ ਇਲਾਵਾ ਹਵਾਬਾਜ਼ੀ, ਹੋਟਲ ਸਨਅਤ, ਹਸਪਤਾਲ ਸੈਕਟਰ ਅਤੇ ਟੂਰ ਐਂਡ ਟਰੈਵਲਜ਼ ਖੇਤਰ ਮਿਲ ਕੇ ਕੰਮ ਕਰਨਗੇ। ਇਸ ਲਈ ਪੰਜਾਬ ਮੈਡੀਕਲ ਟੂਰਿਜ਼ਮ ਕੌਂਸਲ ਅਤੇ ਪੰਜਾਬ ਐਸੋਸੀਏਸ਼ਨ ਆਫ ਹੈਲਥ ਟੂਰਿਜ਼ਮ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਦੋ ਕੌਮਾਂਤਰੀ ਹਵਾਈ ਅੱਡੇ ਹਨ ਅਤੇ ਦੁਨੀਆਂ ਦੇ 67 ਮੁਲਕਾਂ ਵਿੱਚ ਪੰਜਾਬੀ ਮੂਲ ਦੇ ਲੋਕ ਵਸਦੇ ਹਨ। ਉਨ੍ਹਾਂ ਵਿੱਚ ਵਿਦੇਸ਼ਾਂ ਵਿੱਚ ਬੈਠੇ ਭਾਰਤੀਆਂ ਵਿੱਚੋਂ ਇਕ ਤਿਹਾਈ ਇਕੱਲੇ ਪੰਜਾਬੀ ਹਨ ਅਤੇ ਜਿਨ੍ਹਾਂ ਵਿੱਚੋਂ ਅੱਧੇ ਸਿੱਖ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਸੈਲਾਨੀਆਂ ਨੂੰ ਸਹੂਲਤਾਂ ਦੇਣ ਲਈ ਸਰਕਾਰੀ ਹੋਟਲਾਂ ਨੂੰ ਜਿੱਥੇ ਮੁੜ ਸੁਰਜੀਤ ਕੀਤਾ ਜਾਵੇਗਾ ਉਥੇ ਘੱਟ ਬਜਟ ਦੇ ਹੋਟਲ ਵੀ ਬਣਾਏ ਜਾਣਗੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਸੈਰ ਸਪਾਟਾ ਖੇਤਰ ਵਿੱਚ ਅਸੀਮਤ ਸੰਭਾਵਨਾਵਾਂ ਹਨ ਅਤੇ ਇਹ ਇਕੱਲਾ ਆਪਣੇ ਦਮ ’ਤੇ ਪੂਰੇ ਪੰਜਾਬ ਦੀ ਆਰਥਿਕ ਤੌਕ ’ਤੇ ਖੜ੍ਹਾ ਕਰਨ ਦੀ ਸਮਰੱਥਾ ਰੱਖਦਾ ਹੈ। ਉਨ੍ਹਾਂ ਕਿਹਾ ਕਿ ਦੋ ਹਫਤਿਆਂ ਦੇ ਅੰਦਰ ਵਿਭਾਗ ਦੀ ਖਿੱਚ ਭਰਪੂਰ ਵੈਬਸਾਈਟ ਲਾਂਚ ਕੀਤੀ ਜਾਵੇਗੀ ਜੋ ਸੈਲਾਨੀਆਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗੀ। ਇਸ ਮੌਕੇ ਸਲਾਹਕਾਰ ਡਾ. ਅਮਰ ਸਿੰਘ, ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਜਸਪਾਲ ਸਿੰਘ ਤੇ ਡਾਇਰੈਕਟਰ ਸ੍ਰੀ. ਸ਼ਿਵ ਦੁਲਾਰ ਸਿੰਘ ਢਿੱਲੋਂ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Development and Work

Check Also

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ ਮੁਕਾਬਲਾ ਪ੍ਰ…