
ਬ੍ਰਹਮਾਕੁਮਾਰੀਜ਼ ਸੁੱਖ ਸ਼ਾਂਤੀ ਭਵਨ ਵਿੱਚ ਮੈਡੀਟੇਸ਼ਨ ਪ੍ਰੋਗਰਾਮ ਕਰਵਾਇਆ
ਤਨ, ਮਨ ਤੇ ਆਪਸੀ ਸਬੰਧਾਂ ਦੀ ਦਰਾੜ ਭਰਨ ਦਾ ਹੱਲ ਹੈ ਰਾਜਯੋਗ ਮੈਡੀਟੇਸ਼ਨ: ਪ੍ਰੇਮਲਤਾ
ਦਿਨ ਭਰ ਵਟਸਐਪ ਅਤੇ ਇੰਸਟਾਗਰਾਮ ’ਤੇ ਸਰਗਰਮ ਰਹਿਣਾ ਨੁਕਸਾਨਦਾਇਕ: ਅਦਿੱਤੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਅਕਤੂਬਰ:
ਇੱਥੋਂ ਦੇ ਫੇਜ਼-7 ਸਥਿਤ ਬ੍ਰਹਮਾਕੁਮਾਰੀਜ਼ ਸੁੱਖ-ਸ਼ਾਂਤੀ ਭਵਨ ਵਿਖੇ ਅੰਦਰੂਨੀ ਸ਼ਕਤੀ ਪੁਨਰ ਨਿਰਮਾਣ ਵਿਸ਼ੇ ’ਤੇ ਮੈਡੀਟੇਸ਼ਨ ਰਿਟਰੀਟ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁਹਾਲੀ ਸਮੇਤ ਕੁਰਾਲੀ, ਰੂਪਨਗਰ, ਖਰੜ, ਨੂਰਪੂਰਬੇਦੀ ਰਾਜਯੋਗ ਕੇਂਦਰਾਂ ਨਾਲ ਜੁੜੇ ਸੈਂਕੜੇ ਵਿਅਕਤੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਗਮਾਡਾ ਦੇ ਮਿਲਖ ਅਫ਼ਸਰ ਅਵਿਕੇਸ ਗੁਪਤਾ ਮੁੱਖ ਮਹਿਮਾਨ ਸਨ ਜਦੋਂ ਕਿ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ ਮੁਹਾਲੀ ਦੇ ਨਿਰਦੇਸ਼ਕ ਨਿਤਿਨ ਸਾਠੇ ਵਿਸ਼ੇਸ਼ ਮਹਿਮਾਨ ਸਨ। ਪ੍ਰਧਾਨਗੀ ਮੁਹਾਲੀ-ਰੂਪਨਗਰ ਦੇ ਰਾਜਯੋਗ ਕੇਂਦਰਾਂ ਦੀ ਸੰਚਾਲਕਾ ਬ੍ਰਹਮਾਕੁਮਾਰੀ ਭੈਣ ਪ੍ਰੇਮਲਤਾ ਨੇ ਕੀਤੀ। ਬ੍ਰਹਮਾਕੁਮਾਰੀ ਬੀਕੇ ਅਦਿੱਤੀ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ।
ਬ੍ਰਹਮਾਕੁਮਾਰੀ ਭੈਣ ਪ੍ਰੇਮਲਤਾ ਨੇ ਕਿਹਾ ਕਿ ਅੱਜ ਤਨ ਦੇ ਰੋਗਾਂ, ਮਨ ਦੀ ਕਮਜ਼ੋਰੀਆਂ ਅਤੇ ਆਪਸੀ ਸਬੰਧਾਂ ਵਿੱਚ ਅਪਵਿੱਤਰਤਾ ਕਾਰਨ ਦਰਾੜ ਪੈ ਰਹੀ ਹੈ। ਜਿਸ ਕਾਰਨ ਮਨੁੱਖ ਦੇ ਸੋਚਣ ਦਾ ਤੰਤਰ ਨਕਾਰਾਤਮਿਕ ਹੋ ਗਿਆ ਹੈ, ਉਸ ਨੂੰ ਭਰਨ ਦਾ ਰਾਜਯੋਗ ਮੈਡੀਟੇਸ਼ਨ ਹੀ ਇੱਕੋ ਇੱਕ ਉਪਾਅ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਮਨੁੱਖ ਅਨੇਕਾਂ ਸਮਾਜਿਕ ਕੁਰੀਤੀਆਂ ਦਾ ਸਿਕਾਰ ਹੋ ਗਿਆ ਜਾਪਦਾ ਹੈ ਅਤੇ ਇਨਸਾਨੀਅਤ ਖ਼ਤਮ ਹੁੰਦੀ ਜਾ ਰਹੀ ਹੈ ਜਦੋਂਕਿ ਹੈਵਾਨੀਅਤ ਭਾਰੂ ਹੈ। ਗਮਾਡਾ ਅਧਿਕਾਰੀ ਅਵਿਕੇਸ ਗੁਪਤਾ ਨੇ ਬ੍ਰਹਮਾਕੁਮਾਰੀਜ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਹਰੇਕ ਨਾਗਰਿਕ ਨੂੰ ਆਤਮ ਉੱਨਤੀ ਅਤੇ ਸਮਾਜ ਸੁਧਾਰ ਲਈ ਰੋਜ਼ਾਨਾ ਘੱਟੋ-ਘੱਟ ਇੱਕ ਘੰਟਾ ਰਾਜਯੋਗ ਮੈਡੀਟੇਸ਼ਨ ਨੂੰ ਦੇਣ ਦੀ ਅਪੀਲ ਕੀਤੀ।
ਰਾਜਯੋਗ ਸਿੱਖਿਅਕਾ ਬ੍ਰਹਮਾਕੁਮਾਰੀ ਭੈਣ ਅਦਿੱਤੀ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਅਸਰ ਬਹੁਤ ਨੁਕਸਾਨਦਾਇਕ ਹੁੰਦੇ ਜਾ ਰਹੇ ਹਨ ਕਿਉਂਕਿ ਅਜੋਕੇ ਸਮੇਂ ਵਿੱਚ ਜ਼ਿਆਦਾਤਰ ਲੋਕ ਦਿਨ ਭਰ ਵਟਸਐਪ ਅਤੇ ਇੰਸਟਾਗਰਾਮ ’ਤੇ ਸਰਗਰਮ ਰਹਿੰਦੇ ਹਨ। ਇਸ ਬੁਰੀ ਆਦਤ ਤੋਂ ਬਚਣ ਲਈ ਹਫ਼ਤੇ ਵਿੱਚ ਘੱਟੋ-ਘੱਟ ਇਕ ਦਿਨ ਡਿਜੀਟਲ ਫਾਸਟ (ਵਰਤ) ਰੱਖਣਾ ਚਾਹੀਦਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਮਨੁੱਖ ਅਜਿਹੀ ਜੁਗਤਾਂ ਅਤੇ ਰਾਜਯੋਗ ਨੂੰ ਅਪਣਾ ਕੇ ਆਪਣੀ ਅੰਦਰੂਨੀ ਸ਼ਕਤੀਆਂ ਦਾ ਪੁਨਰ ਨਿਰਮਾਣ ਕਰ ਸਕਦਾ ਹੈ।
ਉਨ੍ਹਾਂ ਨੇ ਬਾਹੁਬਲ, ਬੁਧੀਬਲ, ਆਤਮਬਲ ਅਤੇ ਅਧਿਆਤਮ ਬਲ ਦੀ ਵਿਸਥਾਰ ਨਾਲ ਵਿਆਖਿਆ ਕਰਦਿਆਂ ਕਿਹਾ ਕਿ ਆਮ ਤੌਰ ’ਤੇ ਵਿਅਕਤੀ 5 ਤੋਂ 10 ਪ੍ਰਤੀਸ਼ਤ ਬੁੱਧੀ ਦਾ ਇਸਤੇਮਾਲ ਕਰਦਾ ਹੈ। ਅਜੋਕੇ ਸਮੇਂ ਵਿੱਚ ਮਨੁੱਖ ਦਾ ਸਾਰਾ ਸਮਾਂ ਆਪਣੇ ਕਿੱਤੇ ਅਤੇ ਘਰ ਦੇ ਕੰਮਾਂ ਵਿੱਚ ਖਰਚ ਹੋ ਜਾਂਦਾ ਹੈ, ਉਹ ਆਪਣੇ ਲਈ ਜਾਂ ਆਤਮਿਕ ਤਰੱਕੀ ਲਈ ਕੋਈ ਸਮਾਂ ਨਹੀਂ ਬਚਾ ਪਾਉਂਦਾ। ਅਦਿੱਤੀ ਨੇ ਕਿਹਾ ਕਿ 90 ਫੀਸਦੀ ਲੋਕ ਮਨ ਦੇ ਰੋਗ ਨਾਲ ਪੀੜਤ ਹਨ ਅਤੇ ਗੁੱਸੇ ਕਾਰਨ ਦਿਲ ਦੀ ਬਿਮਾਰੀਆਂ ਦੀ ਸੰਭਾਵਨਾ ਕਈ ਗੁਣਾ ਵੱਧ ਜਾਂਦੀ ਹੈ। ਇਸ ਲਈ ਸਾਨੂੰ ਗੁੱਸੇ ’ਤੇ ਕਾਬੂ ਪਾਉਣਾ ਚਾਹੀਦਾ ਹੈ। ਕੁਮਾਰੀ ਪਾਇਲ ਨੇ ਸਵਾਗਤੀ ਡਾਂਸ, ਕੁਮਾਰ ਸਿਧਾਰਥ ਨੇ ਡਾਂਸ ਅਤੇ ਪ੍ਰਵੀਨ ਤੇ ਸਾਥੀਆਂ ਨੇ ਗਰੁੱਪ ਸਾਂਗ ਪੇਸ਼ ਕੀਤਾ।