ਮੁਹਾਲੀ ਨਿਗਮ ਅਧੀਨ ਆਉਂਦੇ ਪਿੰਡਾਂ ਦੇ ਅਕਾਲੀ ਤੇ ਭਾਜਪਾ ਕੌਂਸਲਰਾਂ ਨੇ ਕਮਿਸ਼ਨਰ ਨਾਲ ਕੀਤੀ ਮੀਟਿੰਗ

ਪਿੰਡਾਂ ਵਿੱਚ ਨਕਸ਼ਾ ਪਾਸ ਕੀਤੇ ਬਿਨਾਂ ਹੋਈਆਂ ਉਸਾਰੀਆਂ ਢਾਹੇ ਜਾਣ ਦੀ ਕਾਰਵਾਈ ਅੱਗੇ ਟਲਣ ਦੇ ਆਸਾਰ, ਕੌਂਸਲਰ ਤੋਂ ਸੁਝਾਅ ਮੰਗੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਪਰੈਲ:
ਮੁਹਾਲੀ ਨਗਰ ਨਿਗਮ ਅਧੀਨ ਆਉਂਦੇ ਪਿੰਡਾਂ ਵਿੱਚ ਨਕਸ਼ਾ ਪਾਸ ਕੀਤੇ ਬਿਨਾਂ ਕੀਤੀਆਂ ਗਈਆਂ (70 ਦੇ ਕਰੀਬ) ਉਸਾਰੀਆਂ ਨੂੰ ਢਾਹੇ ਜਾਣ ਦੀ ਨਗਰ ਨਿਗਮ ਦੀ 9 ਅਪ੍ਰੈਲ ਤੋਂ ਆਰੰਭ ਹੋਣ ਵਾਲੀ ਪ੍ਰਸਤਾਵਿਤ ਕਾਰਵਾਈ ਟਲਦੀ ਦਿਖ ਰਹੀ ਹੈ। ਇਸ ਸੰਬੰਧੀ ਅੱਜ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਸੰਦੀਪ ਹੰਸ ਵਲੋੱ ਇਹਨਾਂ ਪਿੰਡਾਂ ਦੇ ਕੌਂਸਲਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਕੌਂਸਲਰਾਂ ਨੂੰ ਨਿਗਮ ਵਲੋੱ ਪਿੰਡਾਂ ਵਾਸਤੇ ਬਣਾਏ ਜਾ ਰਹੇ ਬਾਈ ਲਾਜ (ਜਿਹੜੇ ਸਰਕਾਰ ਨੂੰ ਪ੍ਰਵਾਨਗੀ ਲਈ ਭੇਜੇ ਗਏ ਹਨ) ਦੀ ਕਾਪੀ ਦੇ ਕੇ ਇਸ ਸੰਬੰਧੀ ਆਪਣੇ ਵਿਚਾਰ ਦੇਣ ਲਈ ਕਿਹਾ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮੀਟਿੰਗ ਵਿੱਚ ਕੌਂਸਲਰਾਂ ਵਲੋੱ 9 ਅਪ੍ਰੈਲ ਦੀ ਪ੍ਰਸਤਾਵਿਤ ਕਾਰਵਾਈ ਤੇ ਰੋਕ ਲਗਾਉਣ ਸੰਬੰਧੀ ਕੀਤੀ ਗਈ ਮੰਗ ਤੇ ਕਮਿਸ਼ਨਰ ਵਲੋੱ ਹਾਂ ਪੱਖੀ ਰਵਈਆ ਅਖਤਿਆਰ ਕਰਦਿਆਂ ਕੌਂਸਲਰਾਂ ਨੂੰ ਭਰੋਸਾ ਦਿੱਤਾ ਗਿਆ ਕਿ ਇਸ ਸਬੰਧੀ ਕੋਈ ਵੀ ਫੈਸਲਾ ਮੈਂਬਰਾਂ ਨੂੰ ਭਰੋਸੇ ਵਿੱਚ ਲੈ ਕੇ ਕੀਤਾ ਜਾਵੇਗਾ। ਇਸ ਬਾਰੇ ਜਾਣਕਾਰੀ ਕੌਂਸਲਰ ਪਰਵਿੰਦਰ ਸਿੰਘ ਸੋਹਾਣਾ ਨੇ ਦੱਸਿਆ ਕਿ ਬੀਤੇ ਦਿਨੀਂ ਉਹਨਾਂ ਨੇ ਕੌਂਸਲਰ ਸ੍ਰੀ ਅਸ਼ੋਕ ਝਾਅ ਦੇ ਨਾਲ ਨਗਰ ਨਿਗਮ ਦੇ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਸੀ ਅਤੇ ਪਿੰਡਾਂ ਵਿੱਚ ਨਕਸ਼ਾ ਪਾਸ ਕਰਵਾਏ ਬਿਨਾਂ ਹੋਈਆਂ ਉਸਾਰੀਆਂ ਢਾਹੇ ਜਾਣ ਦੀ ਪ੍ਰਸਤਾਵਿਤ ਕਾਰਵਾਈ ਤੇ ਰੋਕ ਲਗਾਉਣ ਮੰਗ ਕੀਤੀ ਸੀ ਜਿਸਤੇ ਕਮਿਸ਼ਨਰ ਨੇ ਕਿਹਾ ਸੀ ਕਿ ਉਹ ਇਸ ਸੰਬੰਧੀ ਪਿੰਡਾਂ ਦੇ ਸਮੂਹ ਕੌਂਸਲਰਾਂ ਦੀ ਮੀਟਿੰਗ ਬੁਲਾਉਣਗੇ ਅਤੇ ਅੱਜ ਦੀ ਮੀਟਿੰਗ ਇਸੇ ਸਬੰਧੀ ਵਿੱਚ ਹੋਈ ਸੀ। ਉਹਨਾਂ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਸਮੂਹ ਕੌਂਸਲਰਾਂ ਨੇ ਮੰਗ ਕੀਤੀ ਕਿ ਇਹ ਉਸਾਰੀਆਂ ਨਾ ਢਾਹੀਆਂ ਜਾਣ ਅਤੇ ਪਿੰਡਾਂ ਦੇ ਵੱਖਰੇ ਬਾਈ ਲਾਜ ਬਣਾ ਕੇ ਪਿੰਡਾਂ ਦੇ ਵਸਨੀਕਾਂ ਨੂੰ ਨਕਸ਼ਾ ਪਾਸ ਕਰਵਾਉਣ ਦੀ ਕਾਰਵਾਈ ਤੋਂ ਛੋਟ ਦਿੱਤੀ ਜਾਵੇ।
ਉਹਨਾਂ ਦੱਸਿਆ ਕਿ ਕਮਿਸ਼ਨਰ ਨੇ ਉਹਨਾਂ ਨੂੰ ਦੱਸਿਆ ਕਿ ਨਗਰ ਨਿਗਮ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਜਿਹਨਾਂ ਲੋਕਾਂ ਵੱਲੋਂ ਇਮਾਰਤੀ ਨਿਯਮਾਂ ਦੀ ਉਲੰਘਣਾ ਕਰਦਿਆਂ ਤਿੰਨ ਮੰਜਿਲਾ ਮਕਾਨਾਂ ਦੀ ਥਾਂ ਵਪਾਰਕ ਵਰਤੋਂ ਲਈ ਕਈ ਮੰਜਿਲਾ ਮਕਾਨ ਬਣਾਏ ਗਏ ਹਨ ਉਹਨਾਂ ਦੇ ਖ਼ਿਲਾਫ਼ ਕਾਰਵਾਈ ਦੀ ਤਜਵੀਜ ਹੈ। ਉਹਨਾਂ ਦੱਸਿਆ ਕਿ ਕਮਿਸ਼ਨਰ ਨੇ ਉਹਨਾਂ ਨੂੰ ਯਕੀਨ ਦਿਵਾਇਆ ਹੈ ਕਿ ਇਸ ਸਬੰਧੀ ਕੀਤੀ ਜਾਣ ਵਾਲੀ ਕਿਸੇ ਵੀ ਕਾਰਵਾਈ ਤੋਂ ਪਹਿਲਾਂ ਕੌਂਸਲਰਾਂ ਨੂੰ ਭਰੋਸੇ ਵਿੱਚ ਲਿਆ ਜਾਵੇਗਾ। ਉਹਨਾਂ ਕਿਹਾ ਕਿ ਕਮਿਸ਼ਨਰ ਵੱਲੋਂ ਕੌਂਸਲਰਾਂ ਨੂੰ ਅਪੀਲ ਵੀ ਕੀਤੀ ਗਈ ਕਿ ਉਹ ਆਪਣੇ ਆਪਣੇ ਵਾਰਡਾਂ ਵਿੱਚ ਵਸਨੀਕਾਂ ਨੂੰ ਉਸਾਰੀ ਕਰਨ ਤੋਂ ਪਹਿਲਾਂ ਨਕਸ਼ਾ ਪਾਸ ਕਰਵਾਉਣ ਲਈ ਜਾਗਰੂਕ ਕਰਨ ਕਿਉੱਕਿ ਜੇਕਰ ਕਿਸੇ ਵਿਅਕਤੀ ਵੱਲੋਂ ਨਿਯਮਾ ਦੀ ਉਲੰਘਣਾ ਕਰਕੇ ਉਸਾਰੀ ਕੀਤੀ ਜਾਂਦੀ ਹੈ ਤਾਂ ਇਸ ਦਾ ਮਾੜਾ ਅਸਰ ਪੂਰੇ ਖੇਤਰ ’ਤੇ ਪੈਂਦਾ ਹੈ।
ਮੀਟਿੰਗ ਵਿੱਚ ਨਿਗਮ ਦੀ ਜਾਇੰਟ ਕਮਿਸ਼ਨਰ ਸ੍ਰੀਮਤੀ ਅਵਨੀਤ ਕੌਰ ਅਤੇ ਕੌਂਸਲਰ ਅਸ਼ੋਕ ਝਾਅ, ਹਰਪਾਲ ਸਿੰਘ ਚੰਨਾ, ਸੁਰਿੰਦਰ ਸਿੰਘ ਰੋਡਾ, ਸ੍ਰੀਮਤੀ ਕਮਲਜੀਤ ਕੌਰ, ਸ੍ਰੀਮਤੀ ਰਮਨਪ੍ਰੀਤ ਕੌਰ ਤੋਂ ਇਲਾਵਾ ਨੰਬਰਦਾਰ ਹਰਸੰਗਤ ਸਿੰਘ ਸੋਹਾਣਾ, ਜਸਪਾਲ ਸਿੰਘ ਮਟੌਰ ਅਤੇ ਹਰਮੇਸ਼ ਸਿੰਘ ਕੁੰਭੜਾ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…