Nabaz-e-punjab.com

ਪੰਜਾਬ ਦੇ ਸਮੂਹ ਬਾਰ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਦੀ ਜੁਡੀਸ਼ਲ ਕੰਪਲੈਕਸ ਮੁਹਾਲੀ ਵਿੱਚ ਹੋਈ ਅਹਿਮ ਮੀਟਿੰਗ

ਜ਼ਿਲ੍ਹਾ ਤੇ ਸਬ ਡਵੀਜ਼ਨਲ ਅਦਾਲਤਾਂ ਵਿੱਚ ਪ੍ਰੈਕਟਿਸ ਕਰਦੇ ਵਕੀਲਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਚਰਚਾ

ਪੰਜਾਬ ਹਾਈ ਕੋਰਟ ਦੀ ਤਰਜ਼ ’ਤੇ ਹੇਠਲੀਆਂ ਅਦਾਲਤਾਂ ਵਿੱਚ 5 ਦਿਨਾਂ ਹਫ਼ਤਾ ਕਰਨ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਕਤੂਬਰ:
ਜ਼ਿਲ੍ਹਾ ਬਾਰ ਐਸੋਸੀਏਸ਼ਨ ਮੁਹਾਲੀ ਦੇ ਸੱਦੇ ’ਤੇ ਪੰਜਾਬ ਦੀਆਂ ਸਮੂਹ ਬਾਰ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਦੀ ਸਾਂਝੀ ਇਕੱਤਰਤਾ ਇੱਥੋਂ ਦੇ ਸੈਕਟਰ76 ਸਥਿਤ ਜ਼ਿਲ੍ਹਾ ਜੁਡੀਸ਼ਲ ਕੰਪਲੈਕਸ ਦੇ ਬਾਰ ਰੂਮ ਵਿੱਚ ਹੋਈ। ਜਿਸ ਵਿੱਚ ਸੂਬੇ ਦੇ ਵਕੀਲਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਚਰਚਾ ਕੀਤੀ ਅਤੇ ਵੱਖ-ਵੱਖ ਬਾਰ ਐਸੋਸੀਏਸ਼ਨਾਂ ਨੇ ਪੰਜ ਦਿਨਾਂ ਹਫ਼ਤੇ ਦੀ ਸਾਂਝੀ ਵਕਾਲਤ ਕਰਦਿਆਂ ਹਾਈ ਕੋਰਟ ਬਾਰ ਕੌਂਸਲ ਵੱਲੋਂ ਇਸ ਮੁੱਦੇ ਨੂੰ ਸਹੀ ਤਰੀਕੇ ਨਾਲ ਨਾ ਚੁੱਕਣ ਦਾ ਵਕੀਲਾਂ ਨੇ ਬੁਰਾ ਮਨਾਇਆ।
ਇਸ ਮੌਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਮੁਹਾਲੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਚਾਹਲ ਨੇ ਕਿਹਾ ਕਿ ਜ਼ਿਲ੍ਹਾ ਅਤੇ ਸਬ ਡਿਵੀਜ਼ਨ ਪੱਧਰੀ ਅਦਾਲਤਾਂ ਵਿੱਚ ਪੰਜ ਦਿਨਾਂ ਹਫ਼ਤੇ ਦੀ ਮੰਗ ਸਬੰਧੀ ਹਰੇਕ ਸ਼ਨਿਚਰਵਾਰ ਨੂੰ ਵਕੀਲਾਂ ਦੀ ਹੜਤਾਲ ਦੇ ਫੈਸਲੇ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ ਅਤੇ ਹੜਤਾਲ ਦੌਰਾਨ ਜੋ ਕੋਈ ਵੀ ਵਕੀਲ ਇਸ ਦੀ ਉਲੰਘਣਾ ਕਰਦੇ ਹਨ। ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਤੇ ਹਰਿਆਣਾ ਬਾਰ ਕੌਂਸਲ ਨੂੰ ਵੀ ਇਸ ਮੁੱਦੇ ’ਤੇ ਬਾਰ ਐਸੋਸੀਏਸ਼ਨਾਂ ਦੇ ਨਾਲ ਖੜਨਾ ਚਾਹੀਦਾ ਹੈ।
ਲੁਧਿਆਣਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਪੰਜਾਬ ਲਾਇਰਜ ਐਸੋਸੀਏਸ਼ਨ ਦੇ ਚੇਅਰਮੈਨ ਅਸ਼ੋਕ ਮਿੱਤਲ ਨੇ ਬਾਰ ਕੌਂਸਲ ਹਾਈ ਕੋਰਟ ਵੱਲੋਂ ਵਕੀਲਾਂ ਦੀਆਂ ਜਾਇਜ਼ ਮੰਗਾਂ ਨੂੰ ਸਹੀ ਤਰੀਕੇ ਨਾਲ ਨਾ ਉਠਾਉਣ ਦਾ ਕਾਫ਼ੀ ਬੁਰਾ ਮਨਾਉਂਦਿਆਂ ਬਾਰ ਕੌਂਸਲ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਹਰੇਕ ਹਫ਼ਤੇ ਸ਼ਨਿਚਵਾਰ ਦੀ ਛੁੱਟੀ ਲਈ ਚੱਲ ਰਹੀ ਹੜਤਾਲ ਸਬੰਧੀ ਬਾਰ ਐਸੋਸੀਏਸ਼ਨਾਂ ਖ਼ਿਲਾਫ਼ ਜਾਣ ਦੀ ਬਜਾਏ, ਹੇਠਲੀ ਅਦਾਲਤਾਂ ਦੇ ਵਕੀਲਾਂ ਦੀ ਹੜਤਾਲ ਦਾ ਸਮਰਥਨ ਕੀਤਾ ਜਾਵੇ।
ਮੀਟਿੰਗ ਵਿੱਚ ਇਕ ਸਾਂਝਾ ਮਤਾ ਪਾਸ ਕਰਕੇ ਚਿਤਾਵਨੀ ਦਿੱਤੀ ਗਈ ਜੇਕਰ ਸ਼ਨਿਚਰਵਾਰ ਦੀ ਹੜਤਾਲ ਦੌਰਾਨ ਕਿਸੇ ਦੂਜੀ ਬਾਰ ਦਾ ਮੈਂਬਰ ਉਲੰਘਣਾ ਕਰਦਾ ਹੈ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਲਾਜ਼ਮੀ ਕੀਤੀ ਜਾਵੇਗੀ। ਉਨ੍ਹਾਂ ਨੇ ਬਾਰ ਕੌਂਸਲ ਤੋਂ ਇਹ ਵੀ ਮੰਗ ਕੀਤੀ ਕਿ ਹੜਤਾਲ ਦੀ ਉਲੰਘਣਾ ਕਰਨ ਵਾਲੇ ਵਕੀਲਾਂ ਦੀ ਕੋਈ ਸ਼ਿਕਾਇਤ ਨਾ ਵਿਚਾਰੀ ਜਾਵੇ ਅਤੇ ਕਿਸੇ ਵੀ ਮੌਜੂਦਾ ਪ੍ਰਧਾਨ ਜਾਂ ਸਕੱਤਰ ਨੂੰ ਕੋਈ ਨੋਟਿਸ ਜਾਰੀ ਨਾ ਕੀਤਾ ਜਾਵੇ। ਬੁਲਾਰਿਆਂ ਨੇ ਹਾਈ ਕੋਰਟ ਬਾਰ ਕੌਂਸਲ ਨੂੰ ਬਾਰ ਐਸੋਸੀਏਸ਼ਨਾਂ ਦੇ ਅੰਦਰੂਨੀ ਕੰਮ ਵਿੱਚ ਦਖ਼ਲਅੰਦਾਜ਼ੀ ਤੋਂ ਗੁਰੇਜ਼ ਕਰਨ ਲਈ ਸੁਚੇਤ ਕਰਦਿਆਂ ਕਿਹਾ ਕਿ ਬਾਰ ਕੌਂਸਲ ਵੱਲੋਂ ਬੇਫਜ਼ੂਲ ਸ਼ਿਕਾਇਤਾਂ ਨੂੰ ਆਧਾਰ ਬਣਾ ਕੇ ਭੇਜੇ ਸਾਰੇ ਨੋਟਿਸ ਵਾਪਸ ਲਏ ਜਾਣ ਸਗੋਂ ਹੜਤਾਲ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਕੀਲਾਂ ਚਿਤਾਵਨੀ ਜਾਰੀ ਕੀਤੀ ਜਾਵੇ।
ਇਸ ਮੀਟਿੰਗ ਉਪਰੰਤ ਸਮੂਹ ਬਾਰ ਐਸੋਸੀਏਸ਼ਨਾਂ ਦੇ ਨੁਮਾਇੰਦੇ ਦੇ ਸਾਂਝੇ ਵਫ਼ਦ ਨੇ ਵਕੀਲਾਂ ਦੀਆਂ ਜਾਇਜ਼ ਮੰਗਾਂ ਸਬੰਧੀ ਬਾਰ ਕੌਂਸਲ ਆਫ਼ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਮੰਗ ਪੱਤਰ ਦਿੱਤਾ ਗਿਆ। ਜਿਸ ਨੂੰ ਬਾਰ ਕੌਂਸਲ ਦੇ ਮੈਂਬਰ ਕਰਨਜੀਤ ਸਿੰਘ ਅਤੇ ਹਰਗੋਬਿੰਦਰ ਸਿੰਘ ਬੱਗਾ ਨੇ ਪ੍ਰਾਪਤ ਕੀਤਾ। ਇਸ ਮੌਕੇ ਮੌਜੂਦ ਵੱਖ-ਵੱਖ ਬਾਰ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਜੇਕਰ ਵਕੀਲਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਛੇਤੀ ਹੱਲ ਨਾ ਕੀਤਾ ਗਿਆ ਤਾਂ ਭਵਿੱਖ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਗਗਨਦੀਪ ਸਿੰਘ ਵਿਰਕ, ਜੇਪੀਐਸ ਘੁੰਮਣ, ਗਗਨਦੀਪ ਸਿੰਘ ਸੀਬੀਆ, ਐਨਕੇ ਨੰਦਾ, ਰਜਿੰਦਰ ਗੋਇਲ, ਅਮਨਦੀਪ ਸਿੰਘ ਧਾਲੀਵਾਲ, ਨਿਤਿਨ ਕੌਸ਼ਲ, ਨਰਪਿੰਦਰ ਸਿੰਘ ਰੰਗੀ, ਸੁੱਚਾ ਸਿੰਘ ਰਠੌਰ, ਸੁਖਦਰਸ਼ਨ ਸਿੰਘ, ਭਵਪ੍ਰੀਤ ਸਿੰਘ ਮੁੰਡੀ, ਰਜਿੰਦਰ ਧੀਮਾਨ ਸਮੇਤ ਵੱਖ ਵੱਖ ਬਾਰ ਐਸੋਸੀਏਸ਼ਨਾਂ ਦੇ ਨੁਮਾਇੰਦੇ ਅਤੇ ਵੱਡੀ ਗਿਣਤੀ ਵਿੱਚ ਮੁਹਾਲੀ ਬਾਰ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਪੁਲਿਸ ਨੇ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦਾ ਕੀਤਾ ਪਰਦਾਫਾਸ਼ ; ਜੱਗੂ ਭਗਵਾਨਪੁਰੀਆ ਗੈਂਗ ਦਾ ਮੈਂਬਰ ਛੇ ਪਿਸਤੌਲਾਂ ਸਮੇਤ ਗ੍ਰਿਫ਼ਤਾਰ

ਪੰਜਾਬ ਪੁਲਿਸ ਨੇ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦਾ ਕੀਤਾ ਪਰਦਾਫਾਸ਼ ; ਜੱਗੂ ਭਗਵਾਨਪੁਰੀਆ ਗੈਂਗ ਦਾ ਮੈ…