
ਜਲ ਸਪਲਾਈ ਵਿਭਾਗ ਦੇ ਫੀਲਡ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਐਕਸੀਅਨ ਨਾਲ ਹੋਈ ਅਹਿਮ ਮੀਟਿੰਗ
ਅਧਿਕਾਰੀ ਵੱਲੋਂ ਦਰਜਾ ਚਾਰ ਮੁਲਾਜ਼ਮਾਂ ਦੀ ਸਪੈਸ਼ਲ ਇੰਕਰੀਮੈਂਟ ਸਬੰਧੀ ਕਾਰਵਾਈ ਕਰਨ ਦਾ ਭਰੋਸਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਸਤੰਬਰ:
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਡਵੀਜ਼ਨ-3 ਮੁਹਾਲੀ ਦੇ ਫੀਲਡ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਮੁਲਾਜ਼ਮ ਜਥੇਬੰਦੀ ਟੈਕਨੀਕਲ ਐਂਡ ਮਕੈਨੀਕਲ ਐਂਪਲਾਈਜ਼ ਯੂਨੀਅਨ ਦੀ ਜ਼ੋਨਲ ਕਮੇਟੀ ਦੇ ਆਗੂਆਂ ਨੇ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਮਾਈਕਲ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਮੰਡਲ ਸੁਪਰਡੈਂਟ ਮਨਦੀਪ ਸਿੰਘ, ਲੇਖਾ ਅਫ਼ਸਰ ਅਨੁਰਾਗ ਪੁਸ਼ਪਮ, ਉਪ ਮੰਡਲ ਇੰਜੀਨੀਅਰ ਰਜਿੰਦਰ ਗੁਪਤਾ ਵੀ ਹਾਜ਼ਰ ਸਨ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਜ਼ੋਨਲ ਪ੍ਰਧਾਨ ਮਲਾਗਰ ਸਿੰਘ ਖਮਾਣੋਂ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਨੇ ਦਰਜਾ ਚਾਰ ਮੁਲਾਜ਼ਮਾਂ ਦੀ ਸਪੈਸ਼ਲ ਇੰਕਰੀਮੈਂਟ ਹਫ਼ਤੇ ਦੇ ਅੰਦਰ-ਅੰਦਰ ਲਗਾਉਣ ਦਾ ਭਰੋਸਾ ਦਿੱਤਾ ਹੈ। ਮੁਲਾਜ਼ਮਾਂ ਦੇ ਮੈਡੀਕਲ ਬਿੱਲਾਂ ਸਮੇਤ 20-30-50 ਅਨੁਪਾਤ ਟੈਕਨੀਸ਼ੀਅਨ ਸਕੇਲਾ ਦੇ ਬਕਾਏ ਜਾਰੀ ਕਰਨ, ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਵੱਲੋਂ ਜਾਰੀ ਨੋਟੀਫ਼ਿਕੇਸ਼ਨ ਮੁਤਾਬਕ ਦਰਜਾ ਚਾਰ ਕਰਮਚਾਰੀਆਂ ਦੇ ਪਦ-ਉੱਨਤੀ ਸਬੰਧੀ ਸਪੈਸ਼ਲ ਕੇਸ ਤਿਆਰ ਕਰਕੇ ਸਰਕਾਰ ਨੂੰ ਭੇਜਣ, ਜੀਪੀਐਫ਼ ਦੀਆਂ ਸਟੇਟਮੈਂਟਾਂ ਸਬੰਧੀ ਕੋਡ ਜਾਰੀ ਕਰਨ ਦਾ ਭਰੋਸਾ ਦਿੱਤਾ।
ਫੀਲਡ ਮੁਲਾਜ਼ਮਾਂ ਦੀ ਘਾਟ ਸਬੰਧੀ ਅਧਿਕਾਰੀ ਨੇ ਦੱਸਿਆ ਕਿ ਛੱਤਬੀੜ ਚਿੜੀਆਘਰ ਅਤੇ ਮੁਹਾਲੀ ਨਗਰ ਨਿਗਮ ਅਧੀਨ ਵਾਟਰ ਸਪਲਾਈ ਸਕੀਮਾਂ ਹੈਂਡ ਓਵਰ ਕਾਰਨ ਵਾਧੂ ਸਟਾਫ਼ ਨੂੰ ਲੋੜੀਂਦੀਆਂ ਅਤੇ ਅਤੀ ਜ਼ਰੂਰੀ ਖ਼ਾਸ ਕਰਕੇ ਨੀਮ ਪਹਾੜੀ ਖੇਤਰ ਵਿੱਚ ਤਾਇਨਾਤ ਕੀਤਾ ਜਾਵੇਗਾ।
ਮੀਟਿੰਗ ਵਿੱਚ ਪੇਂਡੂ ਜਲ ਸਪਲਾਈ ਸਕੀਮਾਂ ਦੀ ਮੁਰੰਮਤ ਕਰਨ ਲਈ ਲੋੜੀਂਦਾ ਸਮਾਨ ਉਪਲਬਧ ਕਰਵਾਉਣ ਲਈ ਉਪ ਮੰਡਲ ਇੰਜੀਨੀਅਰ ਨੂੰ ਮੌਕੇ ’ਤੇ ਹੀ ਹਦਾਇਤਾਂ ਜਾਰੀ ਕੀਤੀਆਂ ਗਈਆਂ। ਮੀਟਿੰਗ ਵਿੱਚ ਮੁਹਾਲੀ ਦੇ ਪ੍ਰਧਾਨ ਬਲਜਿੰਦਰ ਸਿੰਘ ਕਜੌਲੀ, ਅਮਰੀਕ ਸਿੰਘ ਖ਼ਿਜ਼ਰਾਬਾਦ, ਸੁਖਦੇਵ ਸਿੰਘ ਕੁੱਬਾਹੇੜੀ, ਤਰਲੋਚਨ ਸਿੰਘ ਵੀ ਹਾਜ਼ਰ ਸਨ।