ਸਿੱਖਿਆ ਮੰਤਰੀ ਤੇ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਵਿਚਕਾਰ ਮੀਟਿੰਗ

ਬੇਰੁਜ਼ਗਾਰ ਅਧਿਆਪਕਾਂ ਵੱਲੋਂ ਸੰਗਰੂਰ ਵਿੱਚ 5 ਮਹੀਨਿਆਂ ਤੋਂ ਚੱਲ ਰਿਹਾ ਪੱਕਾ-ਮੋਰਚਾ ਜਾਰੀ ਰੱਖਣ ਦਾ ਐਲਾਨ

ਫਰਵਰੀ ਮਹੀਨੇ ਵਿੱਚ ਭਰਤੀ ਪ੍ਰਕਿਰਿਆ ਸ਼ੁਰੂ ਨਾ ਹੋਣ ’ਤੇ ਤਿੱਖਾ ਸੰਘਰਸ਼ ਕਰਨ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਫਰਵਰੀ:
ਪਿਛਲੇ ਪੰਜ ਮਹੀਨਿਆਂ ਤੋਂ ਸੰਗਰੂਰ ਵਿੱਚ ਪੱਕਾ-ਮੋਰਚਾ ਲਗਾਈ ਬੈਠੇ ਅਤੇ 5 ਵਾਰ ਲਾਠੀਚਾਰਜ ਦੀ ਮਾਰ ਝੱਲ ਚੁੱਕੇ ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਅਤੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਵਿਚਕਾਰ ਪੈੱਨਲ-ਮੀਟਿੰਗ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਦਿਆ ਭਵਨ ਹੋਈ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਸਮੇਤ ਸਿੱਖਿਆ ਵਿਭਾਗ ਦੇ ਉੱਚ-ਅਧਿਕਾਰੀ ਵੀ ਮੀਟਿੰਗ ‘ਚ ਸ਼ਾਮਲ ਰਹੇ। ਲੰਮੇ ਸੰਘਰਸ਼ ਉਪਰੰਤ ਬੇਰੁਜ਼ਗਾਰ ਅਧਿਆਪਕਾਂ ਨੂੰ ਮੀਟਿੰਗ ਤੋਂ ਬਹੁਤ ਆਸਾਂ ਸਨ, ਪ੍ਰੰਤੂ ਮੰਗਾਂ ਸਬੰਧੀ ਕੋਈ ਠੋਸ ਹੱਲ ਨਹੀਂ ਨਿਕਲਿਆ, ਇਸ ਕਰਕੇ ਬੇਰੁਜ਼ਗਾਰ ਅਧਿਆਪਕਾਂ ‘ਚ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪਾਇਆ ਜਾ ਰਿਹਾ ਹੈ। ਯੂਨੀਅਨ ਨੇ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ ਵਿੱਚ ਚੱਲ ਰਹੇ ਪੱਕਾ-ਧਰਨੇ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਫਰਵਰੀ ਦੇ ਮਹੀਨੇ ਅੰਦਰ ਭਰਤੀ ਪ੍ਰਕਿਰਿਆ ਨਹੀਂ ਸ਼ੁਰੂ ਨਹੀਂ ਹੁੰਦੀ ਤਾਂ ਤਿੱਖਾ-ਸੰਘਰਸ਼ ਕੀਤਾ ਜਾਵੇਗਾ।
ਮੀਟਿੰਗ ਦੌਰਾਨ ਵਫ਼ਦ ਵਿੱਚ ਸ਼ਾਮਲ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਅਤੇ ਪ੍ਰੈੱਸ ਸਕੱਤਰ ਰਣਦੀਪ ਸੰਗਤਪੁਰਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਬੇਸ਼ੱਕ ਸਿੱਖਿਆ ਮੰਤਰੀ 31 ਮਾਰਚ ਤੱਕ ਭਰਤੀ ਪੂਰੀ ਕਰਨ ਦੀ ਗੱਲ ਕਰਦੇ ਰਹੇ, ਪ੍ਰੰਤੂ ਉਹਨਾਂ ਅਸਾਮੀਆਂ ਦੀ ਕੁੱਲ ਗਿਣਤੀ ਅਤੇ ਵਿਸ਼ਿਆਂ ਮੁਤਾਬਕ ਗਿਣਤੀ ਸਬੰਧੀ ਕੋਈ ਠੋਸ ਜਾਣਕਾਰੀ ਨਹੀਂ ਦਿੱਤੀ, ਸਗੋਂ ਭਰਤੀ ਬਾਰਡਰ-ਏਰੀਏ ਲਈ ਵੱਖਰਾ ਕੇਡਰ ਬਣਾਕੇ ਕਰਨ ਦੀ ਗੱਲ ਦੁਹਰਾਈ, ਜਦੋਂਕਿ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨੇ 15 ਹਜ਼ਾਰ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਨ ਦੀ ਮੰਗ ਕੀਤੀ। 19 ਦਸੰਬਰ 2019 ਨੂੰ ਪੰਜਾਬ ਕੈਬਨਿਟ ਵੱਲੋਂ ਮਾਸਟਰ ਕਾਡਰ ਦੀ ਭਰਤੀ ਲਈ ਗ੍ਰੈਜੂਏਸ਼ਨ ’ਚੋਂ 55 ਫੀਸਦੀ ਅੰਕਾਂ ਦੀ ਸ਼ਰਤ ਖ਼ਤਮ ਕੀਤੇ ਜਾਣ ਸਬੰਧੀ ਨੋਟੀਫਿਕੇਸ਼ਨ ਦੀ ਕਾਪੀ ਵੀ ਬੇਰੁਜ਼ਗਾਰ ਅਧਿਆਪਕਾਂ ਨੂੰ ਵਾਅਦੇ ਮੁਤਾਬਕ ਨਹੀਂਂ ਸੌਂਪੀ ਗਈ, ਜਦੋਂਕਿ 2 ਫਰਵਰੀ ਨੂੰ ਧੂਰੀ (ਸੰਗਰੂਰ) ਵਿੱਚ ਰੋਸ-ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਨੂੰ ਸੰਗਰੂਰ ਜਿਲ੍ਹਾ ਪ੍ਰਸ਼ਾਸਨ ਨੇ ਲਿਖਤੀ ਭਰੋਸਾ ਦਿੱਤਾ ਸੀ ਕਿ ਸਿੱਖਿਆ ਮੰਤਰੀ ਨਾਲ ਹੋਣ ਵਾਲੀ ਪੈੱਨਲ-ਮੀਟਿੰਗ ਦੌਰਾਨ ਕੈਬਨਿਟ ਵੱਲੋਂ ਅਧਿਆਪਕ ਭਰਤੀ ਸਬੰਧੀ ਕੀਤੀਆਂ ਸੋਧਾਂ ਦੀ ਕਾਪੀ ਯੂਨੀਅਨ ਨੂੰ ਸੌਂਪੀ ਜਾਵੇਗੀ। ਨੌਕਰੀ ਉਡੀਕਦਿਆਂ ਆਪਣੀ ਉਮਰ-ਹੱਦ ਲੰਘਾ ਚੁੱਕੇ ਉਮੀਦਵਾਰਾਂ ਲਈ ਉਮਰ-ਹੱਦ 37 ਤੋਂ 42 ਸਾਲ ਕਰਨ ਸਬੰਧੀ ਵੀ ਸਿੱਖਿਆ ਮੰਤਰੀ ਨੇ ਅਸਮਰੱਥਾ ਜਾਹਰ ਕੀਤੀ।
ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਬਾਰਡਰ ਏਰੀਆ/ਜ਼ਿਲ੍ਹਾ ਕਾਡਰ ਬਣਾਉਣ ਦੀ ਯੋਜਨਾ ਤੁਰੰਤ ਰੱਦ ਕੀਤੀ ਜਾਵੇ, ਕਿਉਕਿ ਇਹ ਤਜਰਬਾ ਪਹਿਲਾਂ ਪ੍ਰਾਇਮਰੀ ਅਸਾਮੀਆਂ ਲਈ ਕੀਤਾ ਗਿਆ ਸੀ ਪਰ ਇਸ ਦੇ ਸਾਰਥਕ ਸਿੱਟੇ ਨਹੀਂ ਨਿਕਲੇ ਅਤੇ ਇਹ ਤਿੰਨ ਸਾਲਾਂ ਦੇ ਪਰਖ ਕਾਲ ਦੌਰਾਨ ਨਵ ਨਿਯੁਕਤ ਅਧਿਆਪਕਾਂ ਦੇ ਆਰਥਿਕ ਅਤੇ ਮਾਨਸਿਕ ਸ਼ੋਸਣ ਹੋਵੇਗਾ। ਦੋ ਸਾਲਾਂ ਦੀ ਐਕਸਟੈਨਸ਼ਨ ’ਤੇ ਚੱਲ ਰਹੇ ਮੁਲਾਜ਼ਮਾਂ ਨੂੰ ਤੁਰੰਤ ਸੇਵਾਮੁਕਤ ਕਰਦਿਆਂ ਬੇਰੁਜ਼ਗਾਰਾਂ ਲਈ ਰਾਹ ਪੱਧਰਾ ਕੀਤਾ ਜਾਵੇ। ਨਿੱਜੀਕਰਨ ਦੀ ਨੀਤੀ ਬੰਦ ਕਰਕੇ ਅਧਿਆਪਕਾਂ ਦੀ ਗਿਣਤੀ ਨੂੰ ਮੁੱਖ ਰੱਖਦਿਆਂ ਨਵੀਆਂ ਅਸਾਮੀਆਂ ਸਿਰਜੀਆਂ ਜਾਣ। ਭਰਤੀ ਰੈਗੂਲਰ ਆਧਾਰ ’ਤੇ ਕੀਤੀ ਜਾਵੇ।
ਇੱਕ ਅਧਿਆਪਕ ਤੋਂ ਸਿਰਫ਼ ਉਸ ਦੇ ਸਬੰਧਤ ਵਿਸ਼ੇ ਦਾ ਹੀ ਕੰਮ ਲਿਆ ਜਾਵੇ। ਜਦੋਂ ਤੱਕ ਉਮੀਦਵਾਰਾਂ ਦੀ ਨਿਯੁਕਤੀ ਨਹੀਂ ਹੁੰਦੀ, ਚੋਣਾਂ ਸਮੇਂ ਕੀਤੇ ਵਾਧੇ ਮੁਤਾਬਕ 2500 ਰੁਪਏ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ। ਗ੍ਰੈਜੂਏਸ਼ਨ 55 ਫੀਸਦੀ ਨੀਤੀ ਕਾਰਨ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋਣ ਕਾਰਨ ਖ਼ੁਦਕੁਸ਼ੀ ਕਰ ਗਏ ਜਗਸੀਰ ਸਿੰਘ, ਚੱਕ ਭਾਈ ਕਾ (ਮਾਨਸਾ) ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਅਤੇ ਇਕ ਪਰਿਵਾਰਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ। ਵਫ਼ਦ ਵਿੱਚ ਜਨਰਲ ਸਕੱਤਰ ਗੁਰਜੀਤ ਕੌਰ ਖੇੜੀ, ਸੂਬਾ ਕਮੇਟੀ ਮੈਂਬਰ ਰਣਬੀਰ ਨਦਾਮਪੁਰ ਅਤੇ ਯੁੱਧਜੀਤ ਸਿੰਘ ਬਠਿੰਡਾ ਸ਼ਾਮਲ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…