Nabaz-e-punjab.com

54 ਹਜ਼ਾਰ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਸਬੰਧੀ ਵਫ਼ਦ ਨੇ ਡਾਇਰੈਕਟਰ ਨਾਲ ਕੀਤੀ ਮੀਟਿੰਗ

ਐਨਜੀਓ ਅਧੀਨ ਚੱਲ ਰਹੇ 8 ਬਲਾਕਾਂ ਦੀਆਂ ਆਂਗਨਵਾੜੀ ਵਰਕਰਾਂ ਨੂੰ ਪਿਛਲੇ ਤਿੰਨ ਮਹੀਨੇ ਤੋਂ ਨਹੀਂ ਮਿਲਿਆ ਮਾਣਭੱਤਾ

ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪ੍ਰੀ ਨਰਸਰੀ ਕਲਾਸਾਂ ਸ਼ੁਰੂ ਹੋਣ ਨਾਲ ਆਂਗਨਵਾੜੀ ਸੈਂਟਰਾਂ ’ਚ ਸਨਾਟਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਮਈ:
ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਿੱਚ ਆਈਸੀਡੀਐਸ ਸਕੀਮ ਅਧੀਨ ਕੰਮ ਕਰਦੀਆਂ ਸੂਬੇ ਦੀਆਂ 54 ਹਜ਼ਾਰ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਹੱਕੀ ਮੰਗਾਂ ਅਤੇ ਭਖਦੇ ਮਸਲਿਆਂ ਸਬੰਧੀ ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੇ ਸੱਤ ਮੈਂਬਰੀ ਵਫ਼ਦ ਨੇ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਵਿਭਾਗ ਦੀ ਡਾਇਰੈਕਟਰ ਅੰਮ੍ਰਿਤ ਕੌਰ ਗਿੱਲ ਨਾਲ ਮੀਟਿੰਗ ਕੀਤੀ। ਉਨ੍ਹਾਂ ਮੰਗ ਕੀਤੀ ਕਿ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਜਾਇਜ਼ ਮੰਗਾਂ ਨੂੰ ਅੱਖੋਂ ਪਰੋਖੇ ਨਾ ਕਰਦਿਆਂ ਸਾਰੀਆਂ ਮੰਗਾਂ ਮੰਨੀਆਂ ਜਾਣ।
ਅੱਜ ਇੱਥੇ ਹਰਗੋਬਿੰਦ ਕੌਰ ਨੇ ਦੱਸਿਆ ਕਿ ਯੂਨੀਅਨ ਨੇ ਡਾਇਰੈਕਟਰ ਦੇ ਧਿਆਨ ਵਿੱਚ ਲਿਆਂਦਾ ਕਿ ਅੱਠ ਮਹੀਨੇ ਪਹਿਲਾਂ ਕੇਂਦਰ ਸਰਕਾਰ ਵੱਲੋਂ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦੇ ਮਾਣਭੱਤੇ ਵਿੱਚ ਕ੍ਰਮਵਾਰ 1500 ਅਤੇ 750 ਰੁਪਏ ਦਾ ਵਾਧਾ ਕੀਤਾ ਗਿਆ ਸੀ ਪ੍ਰੰਤੂ ਸੂਬਾ ਸਰਕਾਰ ਨੇ ਪੂਰੇ ਪੈਸੇ ਦੇਣ ਦੀ ਥਾਂ 900 ਰੁਪਏ ਤੇ 600 ਰੁਪਏ ਵਾਲੀ ਚਿੱਠੀ ਜਾਰੀ ਕਰਕੇ ਉਨ੍ਹਾਂ ਨਾਲ ਕੋਝਾ ਮਜ਼ਾਕ ਕੀਤਾ ਹੈ। ਡਾਇਰੈਕਟਰ ਨੇ ਭਰੋਸਾ ਦਿੱਤਾ ਕਿ 40 ਫੀਸਦੀ ਬਕਾਇਆ ਪੈਸਿਆਂ ਬਾਰੇ ਉਹ ਜਲਦੀ ਹੀ ਵਿੱਤ ਵਿਭਾਗ ਨੂੰ ਲਿਖ ਰਹੇ ਹਨ ਤਾਂ ਜੋ ਇਹ ਪੈਸੇ ਵਰਕਰਾਂ, ਹੈਲਪਰਾਂ ਨੂੰ ਛੇਤੀ ਮਿਲ ਸਕਣ। ਉਨ੍ਹਾਂ ਮੰਗ ਕੀਤੀ ਕਿ ਐਨਜੀਓ ਅਧੀਨ ਚੱਲ ਰਹੇ 8 ਬਲਾਕਾਂ ਦੀਆਂ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਮਾਣਭੱਤਾ ਨਹੀਂ ਦਿੱਤਾ ਗਿਆ। ਇਸ ਬਾਰੇ ਡਾਇਰੈਕਟਰ ਦਾ ਕਹਿਣਾ ਸੀ ਕਿ ਬਿੱਲ ਬਣ ਗਏ ਹਨ, ਜੋ ਖਜ਼ਾਨੇ ਵਿੱਚ ਭੇਜੇ ਜਾ ਰਹੇ ਹਨ। ਕਰੈਚ ਵਰਕਰਾਂ ਨੂੰ ਪਿਛਲੇ ਇਕ ਸਾਲ ਤੋਂ ਨਾ ਮਾਣਭੱਤਾ ਮਿਲਿਆ ਅਤੇ ਨਾ ਲਾਭਪਾਤਰੀਆਂ ਲਈ ਰਾਸ਼ਨ ਅਤੇ ਨਾ ਹੀ ਸੈਂਟਰਾਂ ਦਾ ਕਿਰਾਇਆ ਦਿੱਤਾ ਗਿਆ।
ਆਂਗਨਵਾੜੀ ਸੈਂਟਰਾਂ ’ਚੋਂ 3 ਤੋਂ 6 ਸਾਲ ਤੱਕ ਦੇ ਬੱਚਿਆਂ ਨੂੰ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪ੍ਰੀ ਨਰਸਰੀ ਜਮਾਤਾਂ ਵਿੱਚ ਦਾਖ਼ਲ ਕਰਨ ਤੋਂ ਬਾਅਦ ਆਂਗਨਵਾੜੀ ਸੈਂਟਰ ਵਿਹਲੇ ਪਏ ਹਨ। ਇਸ ਮੰਗ ’ਤੇ ਅਧਿਕਾਰੀਆਂ ਨੇ ਕਿਹਾ ਕਿ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ ਤੋਂ ਰਿਪੋਰਟ ਤਲਬ ਕੀਤੀ ਜਾਵੇਗੀ ਕਿ ਸੈਂਟਰਾਂ ਵਿੱਚ ਕਿੰਨੇ ਬੱਚੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਵਰਕਰਾਂ ਨੂੰ ਹਾਲੇ ਤੱਕ ਨਾ ਤਾਂ ਸਮਾਰਟ ਫੋਨ ਦਿੱਤੇ ਗਏ ਹਨ ਅਤੇ ਨਾ ਹੀ ਮੋਬਾਈਲ ਭੱਤਾ ਦਿੱਤਾ ਜਾ ਰਿਹਾ ਹੈ। ਮੀਟਿੰਗ ਵਿੱਚ ਲੋਕ ਸਭਾ ਚੋਣਾਂ ਦੌਰਾਨ ਵਰਕਰਾਂ ਦੀਆਂ ਲਗਾਈਆਂ ਡਿਊਟੀਆਂ ਦਾ ਮਸਲਾ ਵੀ ਚੁੱਕਿਆ ਗਿਆ। ਆਗੂਆਂ ਨੇ ਕਿਹਾ ਕਿ ਚੋਣਾਂ ਦੌਰਾਨ ਆਂਗਨਵਾੜੀ ਵਰਕਰਾਂ ਨੂੰ ਕਾਫੀ ਖੱਜਲ ਖੁਆਰ ਹੋਣਾ ਪਿਆ ਹੈ। ਇਸ ਲਈ ਉਹ ਭਵਿੱਖ ਵਿੱਚ ਦੁਬਾਰਾ ਚੋਣ ਡਿਊਟੀ ਨਹੀਂ ਕੀਤੀ ਜਾਵੇਗੀ। ਵਫ਼ਦ ਨੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਕਿ ਪਿਛਲੇ 3 ਸਾਲਾਂ ਤੋਂ ਸੁਪਰਵਾਈਜ਼ਰ ਦੀ ਭਰਤੀ ਵਾਲਾ ਕੰਮ ਲਟਕ ਰਿਹਾ ਹੈ ਅਤੇ ਇਸ ਕੰਮ ਨੂੰ ਨੇਪਰੇ ਚਾੜ੍ਹਿਆ ਜਾਵੇ। ਮੀਟਿੰਗ ਵਿੱਚ ਯੂਨੀਅਨ ਦੀ ਸੀਨੀਅਰ ਆਗੂ ਜਸਵੀਰ ਕੌਰ ਦਸੂਹਾ, ਸ਼ਿੰਦਰਪਾਲ ਕੌਰ ਭੂੰਗਾ ਅਤੇ ਰੀਮਾ ਰਾਣੀ ਰੂਪਨਗਰ ਸਮੇਤ ਵਿਭਾਗ ਦੀ ਡਿਪਟੀ ਡਾਇਰੈਕਟਰ ਲਿੱਲੀ ਚੌਧਰੀ ਤੇ ਪ੍ਰਬੰਧਕੀ ਡਾਇਰੈਕਟਰ ਦਮਨਵੀਰ ਕੌਰ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…