ਐਨਆਰਆਈ ਲਾੜਿਆਂ ਦੇ ਧੋਖਾਧੜੀ ਦੇ ਮਾਮਲਿਆਂ ਨਾਲ ਨਜਿੱਠਣ ਲਈ ਡੀਜੀਪੀ ਨਾਲ ਕੀਤੀ ਜਾਵੇਗੀ ਮੀਟਿੰਗ: ਮਨੀਸ਼ਾ ਗੁਲਾਟੀ

ਮਹਿਲਾ ਕਮਿਸ਼ਨ ਦੀ ਮੁਖੀ ਨੇ ਮੁਹਾਲੀ ਵਿੱਚ ਏਡੀਜੀਪੀ (ਐਨਆਰਆਈ ਮਾਮਲੇ) ਨਾਲ ਕੀਤੀ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਗਸਤ:
ਪੰਜਾਬ ਵਿੱਚ ਦਿਨ ਪ੍ਰਤੀ ਦਿਨ ਐਨਆਰਆਈ ਨੌਜਵਾਨਾਂ ਵੱਲੋਂ ਲੜਕੀਆਂ ਨੂੰ ਵਿਆਹ ਦਾ ਸਾਂਝਾ ਦੇ ਕੇ ਕੀਤੀ ਜਾਂਦੀ ਧੋਖਾਧੜੀ ਦੇ ਲਗਤਾਰ ਵਧ ਰਹੇ ਮਾਮਲਿਆਂ ਨੂੰ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੈਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਗੰਭੀਰਤਾ ਨਾਲ ਲਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਾਮਲਿਆਂ ਨਾਲ ਨਜਿੱਠਣ ਲਈ ਰਣਨੀਤੀ ਘੜਨ ਹਿੱਤ ਜਲਦੀ ਹੀ ਡੀਜੀਪੀ ਨਾਲ ਮੀਟਿੰਗ ਕੀਤੀ ਜਾਵੇਗੀ। ਉਨ੍ਹਾਂ ਨੇ ਇਹ ਜਾਣਕਾਰੀ ਅੱਜ ਇੱਥੇ ਮੀਡੀਆ ਨਾਲ ਸਾਂਝੀ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਏਡੀਜੀਪੀ (ਐਨਆਰਆਈ ਮਾਮਲੇ) ਏਐਸ ਰਾਏ ਨਾਲ ਮੀਟਿੰਗ ਕੀਤੀ ਅਤੇ ਐਨਆਰਆਈ ਲਾੜਿਆਂ ਵੱਲੋਂ ਪੰਜਾਬ ਦੀਆਂ ਧੀਆਂ ਨਾਲ ਕੀਤੀ ਜਾਂਦੀ ਧੋਖਾਧੜੀ ਦੇ ਮਾਮਲਿਆਂ ਨਾਲ ਸਖ਼ਤੀ ਨਜਿੱਠਣ ਲਈ ਚਰਚਾ ਕੀਤੀ।
ਸ੍ਰੀਮਤੀ ਗੁਲਾਟੀ ਨੇ ਦੱਸਿਆ ਕਿ ਕੁਝ ਦਿਨਾਂ ਦੌਰਾਨ ਮਹਿਲਾ ਕਮਿਸ਼ਨ ਕੋਲ ਵੱਡੀ ਗਿਣਤੀ ਵਿੱਚ ਐਨਆਰਆਈ ਲਾੜਿਆਂ ਵੱਲੋਂ ਲੜਕੀਆਂ ਨਾਲ ਧੋਖਾਧੜੀ ਕਰਨ ਦੇ ਮਾਮਲਿਆਂ ਸਬੰਧੀ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਰਵਾਸੀ ਪੰਜਾਬੀ ਮੁੰਡਿਆਂ ਵੱਲੋਂ ਸੂਬੇ ਦੀਆਂ ਲੜਕੀਆਂ ਦਾ ਆਰਥਿਕ, ਸਰੀਰਕ ਅਤੇ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਐਨਆਰਆਈ ਵਿੰਗ ਦੇ ਬਾਕੀ ਅਧਿਕਾਰੀਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ ਅਤੇ ਧੋਖਾਧੜੀ ਦੇ ਅਜਿਹੇ ਮਾਮਲਿਆਂ ਨਾਲ ਨਜਿੱਠਣ ਲਈ ਖਾਕਾ ਤਿਆਰ ਕੀਤਾ ਜਾਵੇਗਾ।
ਜਾਣਕਾਰੀ ਅਨੁਸਾਰ ਪੰਜਾਬ ਰਾਜ ਮਹਿਲਾ ਕਮਿਸ਼ਨ ਸਮੇਤ ਪੰਜਾਬ ਪੁਲੀਸ ਦੇ ਮੁਹਾਲੀ ਸਥਿਤ ਐਨਆਰਆਈ ਵਿੰਗ ਵਿੱਚ ਕਾਫ਼ੀ ਸਮੇਂ ਤੋਂ ਐਨਆਰਆਈ ਲਾੜਿਆਂ ਤੋਂ ਪੀੜਤ ਲੜਕੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਉਂਜ ਕਈ ਮਾਮਲਿਆਂ ਵਿੱਚ ਐਨਆਰਆਈ ਕੁੜੀਆਂ ਨੇ ਵੀ ਪੰਜਾਬ ਦੇ ਮੁੰਡਿਆਂ ਨਾਲ ਧੋਖਾਧੜੀ ਕਰਨ ਬਾਰੇ ਪਤਾ ਲੱਗਾ ਹੈ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਧੀ ਨੂੰ ਐਨਆਰਆਈ ਮੁੰਡੇ ਨਾਲ ਵਿਆਹ ਤੋਂ ਪਹਿਲਾਂ ਉਸ ਦੇ ਪਰਿਵਾਰ ਅਤੇ ਸਬੰਧਤ ਵਿਅਕਤੀ ਦੇ ਕੰਮ ਕਾਰ ਅਤੇ ਕਿਰਦਾਰ ਬਾਰੇ ਜ਼ਰੂਰ ਪਤਾ ਲਗਾ ਲੈਣ ਤਾਂ ਜੋ ਉਨ੍ਹਾਂ ਨੂੰ ਬਾਅਦ ਵਿੱਚ ਪਛਤਾਉਣਾ ਨਾ ਪਵੇ। ਉਧਰ, ਐਨਆਰਆਈ ਵਿੰਗ ਵਿੱਚ ਅਜਿਹੀਆਂ ਕਈ ਸ਼ਿਕਾਇਤਾਂ ਪੜਤਾਲ ਅਧੀਨ ਹਨ ਅਤੇ ਹੁਣ ਤੱਕ ਧੋਖੇਬਾਜ਼ ਕਾਫ਼ੀ ਐਨਆਰਆਈ ਲਾੜਿਆਂ ਅਤੇ ਉਨ੍ਹਾਂ ਦੇ ਮਾਪਿਆਂ ਖ਼ਿਲਾਫ਼ ਅਪਰਾਧਿਕ ਪਰਚੇ ਦਰਜ ਹੋ ਚੁੱਕੇ ਹਨ। ਇਹ ਵੀ ਪਤਾ ਲੱਗਾ ਹੈ ਕਿ ਕਈ ਮਾਮਲਿਆਂ ਵਿੱਚ ਐਨਆਰਆਈਜ਼ ਦੀ ਜਾਇਦਾਦ ਵੀ ਅਟੈਚ ਕੀਤੀ ਜਾ ਚੁੱਕੀ ਹੈ। ਉਧਰ, ਉਂਜ ਕਈ ਐਨਆਰਆਈ ਵੀ ਧੋਖਾਧੜੀ ਦਾ ਸ਼ਿਕਾਰ ਹੋਏ ਹਨ। ਕਈ ਪਰਿਵਾਰਾਂ ਦੀਆਂ ਪੰਜਾਬ ਵਿੱਚ ਜ਼ੱਦੀ ਪੁਸ਼ਤੀ ਜਾਇਦਾਦਾਂ ਨੂੰ ਹੜੱਪਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।

Load More Related Articles

Check Also

Good News for Pre-2016 Retirees: AAP Govt Notifies Pension Revision for Teaching Faculty

Good News for Pre-2016 Retirees: AAP Govt Notifies Pension Revision for Teaching Faculty C…