
ਸਿੱਖਿਆ ਮੰਤਰੀ ਨਾਲ ਮੀਟਿੰਗ ਬੇਸਿੱਟਾ ਰਹੀ, ਅਧਿਆਪਕਾਂ ਦਾ ਧਰਨਾ ਜਾਰੀ
ਕੱਚੇ ਅਧਿਆਪਕਾਂ ਦਾ ਧਰਨਾ ਪ੍ਦਰਸ਼ਨ ਦੂਜੇ ਦਿਨ ਵਿੱਚ ਦਾਖਲ
ਕਿਸਾਨ ਵੀ ਝੰਡੇ ਲੈ ਕੇ ਅਧਿਆਪਕਾਂ ਦੇ ਧਰਨੇ ਵਿੱਚ ਪਹੁੰਚੇ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ 17 ਜੂਨ:
ਕੱਚੇ ਅਧਿਆਪਕ ਯੂਨੀਅਨ ਪੰਜਾਬ ਅਤੇ ਸਿੱਖਿਆ ਪਰੋਵਾਈਡਰ ਸਮੇਤ ਹੋਰਨਾਂ ਅਧਿਆਪਕ ਯੂਨੀਅਨਾਂ ਦੇ ਮੈਂਬਰਾਂ ਦਾ ਧਰਨਾ ਪ੍ਦਰਸ਼ਨ ਅੱਜ ਦੂਜੇ ਦਿਨ ਵੀ ਜਾਰੀ ਹੈ।
ਕੱਚੇ ਅਧਿਆਪਕਾਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਸਕੱਤਰ ਦੇ ਖਿਲਾਫ ਜਬਰਦਸਤ ਨਾਅਰੇਬਾਜ਼ੀ ਕਰਦਿਆਂ ਮੁੱਖ ਮੰਤਰੀ ਨੂੰ ਝੂਠਿਆਂ ਦਾ ਪੀਰ ਦੱਸਦਿਆਂ ਰੱਜ ਕੇ ਕੋਸਿਆ।
ਸਿੱਖਿਆ ਮੰਤਰੀ ਨਾਲ ਮੀਟਿੰਗ ਬੇਸਿੱਟਾ ਰਹੀ। ਧਰਨਾ ਜਾਰੀ ਰਹੇਗਾ। ਯੂਪੀ ਪੈਟਨਰ ‘ਤੇ ਕੱਚੇ ਅਧਿਆਪਕ ਨੂੰ ਤੁਰੰਤ ਪੱਕਾ ਕੀਤਾ ਜਾਵੇਗਾ। ਤਜਰਬੇ ਦੇ ਘੱਟੋ-ਘੱਟ 25 ਅੰਕ ਦਿੱਤੇ ਜਾਣ। ਪਰ ਸਰਕਾਰ ਕੋਈ ਵੀ ਮੰਗ ਮੰਗਣ ਨੂੰ ਤਿਆਰ ਨਹੀਂ ਹੈ। ਉਂਜ ਸਿੱਖਿਆ ਮੰਤਰੀ ਨੇ ਆਉਣ ਵਾਲੇ ਦਿਨਾਂ ਵਿੱਚ ਮਾਮਲੇ ਦਾ ਵਿਚਲਾ ਹੱਲ ਕੱਢਿਆ ਜਾਵੇਗਾ। ਮੀਟਿੰਗ ਵਿੱਚ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੈਪਟਨ ਸੰਧੂ ਵੀ ਹਾਜ਼ਰ ਸੀ।
ਇਸ ਮੌਕੇ ਸੁਬਾ ਪ੍ਧਾਨ ਅਜਮੇਰ ਸਿੰਘ ਅੌਲਖ, ਰੀਤੂ ਬਾਲਾ ਕਪੂਰਥਲਾ, ਅਮਨਦੀਪ ਕੌਰ, ਰਵਨੀਤ ਕੌਰ, ਗਗਨਦੀਪ ਕੌਰ ਅਬੋਹਰ, ਗੁਰਪ੍ਰੀਤ ਕੌਰ ਨੇ ਕਿਹਾ ਕਿ ਹੁਣ ਉਹ ਸਰਕਾਰ ਦੇ ਝੂਠੇ ਲਾਰਿਆਂ ਵਿੱਚ ਆਉਣ ਵਾਲੇ ਨਹੀਂ। ਬਲਕਿ ਇਹ ਉਹਨਾਂ ਦੀ ਆਖਰੀ ਅਤੇ ਫੈਸਲਾਕੁਨ ਲੜਾਈ ਹੈ।
ਉਧਰ, ਯੂਨੀਅਨ ਦੇ ਮੋਹਰੀ ਆਗੂਆਂ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ ਚੱਲ ਰਹੀ ਹੈ। ਧਰਨੇ ‘ਤੇ ਬੈਠੇ ਅਧਿਆਪਕਾਂ ਨੇ ਧਮਕੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਜੇਕਰ ਅੱਜ ਦੀ ਮੀਟਿੰਗ ਬੇਸਿੱਟਾ ਰਹੀ ਤਾਂ ਮੀਟਿੰਗ ਖਤਮ ਹੁੰਦੇ ਸਾਰ ਹੀ ਸੰਘਰਸ਼ ਨੂੰ ਤੇਜ ਕੀਤਾ ਜਾਵੇਗਾ ਅਤੇ ਉਹ ਕੋਈ ਵੀ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਜਟਣਗੇ।
ਉਧਰ, ਕਈ ਅਧਿਆਪਕ ਬੀਤੇ ਕੱਲ੍ਹ ਤੋਂ ਪੈਟਰੋਲ ਦੀਆਂ ਬੋਤਲਾਂ ਲੈ ਕੇ ਸਿੱਖਿਆ ਸਕੱਤਰ ਦਫ਼ਤਰ ਦੀ ਛੱਤ ‘ਤੇ ਡਟੇ ਹੋਏ ਹਨ। ਇਸੇ ਦੌਰਾਨ ਅੱਜ ਕਿਸਾਨਾਂ ਨੇ ਕੱਚੇ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਕਿਸਾਨੀ ਝੰਡੇ ਲੈ ਕੇ ਧਰਨੇ ਵਿੱਚ ਪਹੁੰਚੇ।