Nabaz-e-punjab.com

ਸਿੱਖਿਆ ਸਕੱਤਰ ਅਤੇ ਜ਼ਿਲ੍ਹਾ ਅਧਿਕਾਰੀਆਂ ਦੀ ਮੀਟਿੰਗ ਵਿੱਚ ਖੜਕੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਦਸੰਬਰ:
ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਲਈ ਪੜ੍ਹੋ ਪੰਜਾਬ ਤੇ ਪੜ੍ਹਾਓ ਪੰਜਾਬ ਪ੍ਰਾਜੈਕਟ ਦੇ ਤਹਿਤ ਅੱਜ ਸਿੱਖਿਆ ਭਵਨ ਵਿੱਚ ਸੱਦੀ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਜ਼ਿਲ੍ਹਾ ਕੋਆਰਡੀਨੇਟਰਾਂ ਦੀ ਸੱਦੀ ਮੀਟਿੰਗ ਵਿੱਚ ਜ਼ਿਲ੍ਹਿਆਂ ਦੀ ਪੇਸ਼ਕਾਰੀ ਨੂੰ ਲੈ ਕੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਜ਼ਿਲ੍ਹਾ ਅਧਿਕਾਰੀਆਂ ਵਿੱਚ ਤਲਖ਼ੀ ਹੋ ਗਈ। ਜਿਸ ਦਾ ਕਈ ਜ਼ਿਲ੍ਹਾ ਅਧਿਕਾਰੀਆਂ ਨੇ ਬੁਰਾ ਮਨਾਉਂਦੇ ਹੋਏ ਮੀਟਿੰਗ ਹਾਲ ’ਚੋਂ ਬਾਹਰ ਆ ਗਏ ਅਤੇ ਉੱਚ ਅਧਿਕਾਰੀਆਂ ਪ੍ਰਤੀ ਰੋਸ ਪ੍ਰਗਟਾਇਆ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਕਈ ਜ਼ਿਲ੍ਹਾ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਦੀ ਮੀਟਿੰਗ-ਕਮ-ਵਰਕਸ਼ਾਪ ਸਬੰਧੀ ਬੀਤੀ 27 ਦਸੰਬਰ ਨੂੰ ਚਿੱਠੀ ਕੱਢੀ ਗਈ ਸੀ। ਇਹ ਚਿੱਠੀ ਉਨ੍ਹਾਂ ਨੂੰ ਸ਼ਾਮ ਤੱਕ ਮਿਲੀ ਅਤੇ ਅਗਲੇ ਦੋ ਦਿਨ ਛੁੱਟੀ ਦੇ ਸਨ। ਜਿਸ ਕਾਰਨ ਸਲਾਈਡਾਂ ਦੀ ਪੇਸ਼ਕਾਰੀ ਸਬੰਧੀ ਪੂਰੀ ਤਿਆਰੀ ਨਹੀਂ ਹੋ ਸਕੀ ਲੇਕਿਨ ਮੀਟਿੰਗ ਵਿੱਚ ਸਿੱਖਿਆ ਸਕੱਤਰ ਨੇ ਉਨ੍ਹਾਂ ਨੂੰ ਖਰੀਆਂ ਖੋਟੀਆਂ ਸੁਣਾਉਂਦਿਆਂ ਬਾਹਰ ਜਾਣ ਲਈ ਕਹਿੰਦਿਆਂ ਉਨ੍ਹਾਂ ਨੂੰ ਚਾਰਜਸ਼ੀਟ ਕਰਨ ਦੀ ਘੁਰਕੀ ਦਿੱਤੀ ਗਈ। ਲੇਕਿਨ ਮੀਡੀਆ ਕੋਲ ਮਾਮਲਾ ਚਲੇ ਜਾਣ ਕਾਰਨ ਨਾਰਾਜ਼ ਅਧਿਕਾਰੀਆਂ ਨੂੰ ਮੁੜ ਮੀਟਿੰਗ ਲਈ ਸੱਦਿਆ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੇ ਸਕੱਤਰ ਨੂੰ ਲਿਖਤੀ ਰੂਪ ਵਿੱਚ ਗੁਹਾਰ ਲਗਾਈ ਕਿ ਉਨ੍ਹਾਂ ਨੂੰ ਪੂਰੀ ਤਿਆਰੀ ਕਰਨ ਲਈ ਘੱਟੋ ਘੱਟ 10 ਦਿਨਾਂ ਦੀ ਮੋਹਲਤ ਦਿੱਤੀ ਜਾਵੇ।
ਜਾਣਕਾਰੀ ਅਨੁਸਾਰ ਐਸਸੀਈਆਰਟੀ ਦੇ ਡਾਇਰੈਕਟਰ ਵੱਲੋਂ ਬੀਤੀ 27 ਦਸੰਬਰ ਨੂੰ ਰਾਜ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈਕੰਡਰੀ\ਐਲੀਮੈਂਟਰੀ) ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰਾਜੈਕਟ ਦੇ ਜ਼ਿਲ੍ਹਾ ਕੋਆਰਡੀਨੇਟਰਾਂ ਦੀ ਪ੍ਰਾਇਮਰੀ ਸਕੂਲਾਂ ਵਿੱਚ ਸਿੱਖਿਆ ਦੀ ਗੁਣਵੱਤਾ ਵਿੱਚ ਹੋਰ ਸੁਧਾਰ ਲਿਆਉਣ ਲਈ ਅੱਜ ਡੀਜੀਐਸਈ ਦਫ਼ਤਰ ਵਿੱਚ ਸਵੇਰੇ 10 ਵਜੇ ਮੀਟਿੰਗ-ਕਮ-ਵਰਕਸ਼ਾਪ ਸੱਦੀ ਗਈ ਸੀ। ਜਿਸ ਵਿੱਚ ਸਮੂਹ ਜ਼ਿਲ੍ਹਾ ਅਧਿਕਾਰੀਆਂ ਨੂੰ ਭੇਜੇ ਗਏ ਏਜੰਡੇ ਮੁਤਾਬਕ ਹਰ ਜ਼ਿਲ੍ਹੇ ਵੱਲੋਂ ਆਪੋ ਆਪਣੇ ਜ਼ਿਲ੍ਹੇ ਦੀ ਪ੍ਰਗਤੀ ਬਾਰੇ ਪੀਪੀਟੀ ਰਾਹੀਂ ਪੇਸ਼ਕਾਰੀ ਦਿੱਤੀ ਜਾਣੀ ਸੀ।
(ਬਾਕਸ ਆਈਟਮ)
ਡੀਪੀਆਈ (ਐਲੀਮੈਂਟਰੀ) ਇੰਦਰਜੀਤ ਸਿੰਘ ਨੇ ਦੱਸਿਆ ਕਿ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪਿਛਲੇ ਦਿਨੀਂ ਅਧਿਆਪਕਾਂ ਦੀਆਂ ਤਰੱਕੀਆਂ ਸਬੰਧੀ ਸੀਨੀਆਰਤਾ ਸੂਚੀਆਂ ਤਿਆਰ ਕਰਨ ਲਈ ਵਾਰ-ਵਾਰ ਕਿਹਾ ਜਾ ਰਿਹਾ ਸੀ ਤਾਂ ਜੋ ਅਧਿਆਪਕਾਂ ਦੀਆਂ ਹੈੱਡ ਟੀਚਰਾਂ, ਸੈਂਟਰ ਹੈੱਡ ਟੀਚਰਾਂ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀਆਂ ਤਰੱਕੀਆਂ ਕੀਤੀਆਂ ਜਾ ਸਕਣ ਅਤੇ ਨਵੀਂ ਭਰਤੀ ਲਈ ਆਖਰੀ ਅਸਾਮੀਆਂ ਦੀ ਸਥਿਤੀ ਪਤਾ ਲਗ ਸਕੇ। ਕੁਝ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵੱਲੋਂ ਕੰਮ ਕੀਤਾ ਗਿਆ ਅਤੇ ਜਿਨ੍ਹਾਂ ਦਾ ਪੂਰਾ ਨਹੀਂ ਸੀ, ਉਨ੍ਹਾਂ ਨੂੰ ਸੋਮਵਾਰ ਤੱਕ ਦੀ ਮੋਹਲਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਸਬੰਧਤ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦਾ ਹੈ ਅਤੇ ਕੰਮ ਸਹੀ ਸਮੇਂ ’ਤੇ ਨਾ ਹੋਣ ਨਾਲ ਵਿਭਾਗ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਅਜਿਹੀ ਸਥਿਤੀ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਦੀ ਜ਼ਿੰਮੇਵਾਰੀ ਹੀ ਫਿਕਸ ਹੁੰਦੀ ਹੈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…