
ਨਵੇਂ ਸਿੱਖਿਆ ਮੰਤਰੀ ਨਾਲ 15 ਜਥੇਬੰਦੀਆਂ ਦੀ ਮੀਟਿੰਗ ਬੇਸਿੱਟਾ, ਸਾਰਾ ਦਿਨ ਖੱਜਲ-ਖੁਆਰ ਹੋਏ ਮੁਲਾਜ਼ਮ
ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ ਨਵਾਂ ਹੋਣ ਦਾ ਬਹਾਨਾ ਲਗਾ ਕੇ ਸਮਾਂ ਮੰਗਿਆ, ਮੁਲਾਜ਼ਮਾਂ ਵਿੱਚ ਭਾਰੀ ਰੋਸ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਕਤੂਬਰ:
ਪੰਜਾਬ ਦੇ ਨਵੇਂ ਸਿੱਖਿਆ ਮੰਤਰੀ ਪ੍ਰਗਟ ਸਿੰਘ ਨਾਲ ਅੱਜ ਕੱਚੇ ਅਧਿਆਪਕਾਂ ਸਮੇਤ ਵੱਖ-ਵੱਖ 15 ਮੁਲਾਜ਼ਮ ਜਥੇਬੰਦੀਆਂ ਅਤੇ ਬੇਰੁਜ਼ਗਾਰ ਨੌਜਵਾਨ ਯੂਨੀਅਨਾਂ ਦੀ ਮੀਟਿੰਗ ਬੇਸਿੱਟਾ ਰਹੀ। ਸਿੱਖਿਆ ਭਵਨ ਫੇਜ਼-8 ਦੇ ਬਾਹਰ ਲੜੀਵਾਰ ਧਰਨੇ ’ਤੇ ਬੈਠੇ ਕੱਚੇ ਅਧਿਆਪਕਾਂ, ਗਣਿਤ ਸਾਇੰਸ ਟੀਚਰ ਈਟੀਟੀ ਟੈੱਟ, ਆਲ ਪੰਜਾਬ ਆਂਗਨਵਾੜੀ ਯੂਨੀਅਨ, 1558 ਮੁੱਖ ਅਧਿਆਪਕ ਵੇਟਿੰਗ ਯੂਨੀਅਨ, ਨਵੀਂ ਬੇਰੁਜ਼ਗਾਰ ਪੀਟੀਆਈ ਯੂਨੀਅਨ ਪੰਜਾਬ, 2364 ਈਟੀਟੀ ਸਲੈਕਟਿਡ ਟੀਚਰ ਯੂਨੀਅਨ, ਵਿਸ਼ੇਸ਼ ਅਧਿਆਪਕ ਆਈਐਫਆਰਟੀ ਯੂਨੀਅਨ, ਬੇਰੁਜ਼ਗਾਰ ਪੀਟੀਆਈ 646 ਯੂਨੀਅਨ 2011, ਈਟੀਟੀ ਟੈੱਟ ਪਾਸ ਐਂਡ ਬੀਐੱਡ ਟੈੱਟ ਪਾਸ ਯੂਨੀਅਨ, ਆਲ ਪੰਜਾਬ ਡੀਪੀ ਬੇਰੁਜ਼ਗਾਰ ਯੂਨੀਅਨ, ਕੰਪਿਊਟਰ ਯੂਨੀਅਨ, ਨਵੀਂ ਬੇਰੁਜ਼ਗਾਰ ਡੀਪੀਆਈ ਯੂਨੀਅਨ ਪੰਜਾਬ, ਬੇਰੁਜ਼ਗਾਰ ਆਰਟ ਐਂਡ ਕਰਾਫ਼ਟ ਯੂਨੀਅਨ, ਬੀਐੱਡ ਟੈੱਟ ਪਾਸ ਯੂਨੀਅਨ ਅਤੇ ਓਵਰਏਜ ਬੇਰੁਜ਼ਗਾਰ ਯੂਨੀਅਨ ਦੇ ਮੋਹਰੀ ਆਗੂ ਅੱਜ ਦਿਨ ਭਰ ਇੱਧਰ ਉਧਰ ਖੱਜਲ-ਖੁਆਰ ਹੁੰਦੇ ਰਹੇ।
ਆਗੂਆਂ ਨੇ ਦੱਸਿਆ ਕਿ ਉਕਤ ਸਾਰੀਆਂ ਨੂੰ ਅੱਜ ਸਵੇਰੇ 9 ਵਜੇ ਨਵੇਂ ਸਿੱਖਿਆ ਮੰਤਰੀ ਪ੍ਰਗਟ ਸਿੰਘ ਨਾਲ ਮੀਟਿੰਗ ਲਈ ਮੁਹਾਲੀ ਸਥਿਤ ਸਿੱਖਿਆ ਭਵਨ ਸੱਦਿਆ ਗਿਆ ਅਤੇ ਉਨ੍ਹਾਂ ਨੂੰ ਨਵੇਂ ਸਿੱਖਿਆ ਮੰਤਰੀ ਤੋਂ ਕਾਫ਼ੀ ਉਮੀਦਾਂ ਵੀ ਸਨ ਕਿਉਂਕਿ ਸੁਣਨ ਵਿੱਚ ਆਇਆ ਹੈ ਕਿ ਉਹ ਕਹਿਣੀ ਅਤੇ ਕਥਨੀ ਦੇ ਪੱਕੇ ਹਨ ਪ੍ਰੰਤੂ ਅੱਜ ਪਹਿਲੀ ਮੁਲਾਕਾਤ ਦੌਰਾਨ ਨਿਰਾਸ਼ਾ ਹੀ ਉਨ੍ਹਾਂ ਦੇ ਪੱਲੇ ਪਈ। ਸਾਰੀਆਂ ਜਥੇਬੰਦੀਆਂ ਦੇ ਮੋਹਰੀ ਆਗੂ ਅੱਜ ਸਵੇਰੇ ਸਾਢੇ 8 ਵਜੇ ਹੀ ਮੁਹਾਲੀ ਪਹੁੰਚ ਗਏ ਸੀ ਅਤੇ ਸਾਢੇ 12 ਵਜੇ ਤੱਕ ਮੰਤਰੀ ਨਹੀਂ ਆਏ। ਫਿਰ ਉਨ੍ਹਾਂ ਨੂੰ ਫੋਨ ’ਤੇ ਸੁਨੇਹਾ ਲਾਇਆ ਗਿਆ ਕਿ ਉਹ ਪੰਜਾਬ ਸਿਵਲ ਸਕੱਤਰੇਤ ਆ ਜਾਣ। ਇਸ ਤਰ੍ਹਾਂ ਸਾਰੀਆਂ ਯੂਨੀਅਨ ਦੇ ਆਗੂ ਉੱਥੇ ਪਹੁੰਚ ਗਏ ਅਤੇ 3 ਵਜੇ ਤੱਕ ਮੰਤਰੀ ਨਹੀਂ ਮਿਲੇ। ਜਿਸ ਕਾਰਨ ਸਵੇਰ ਤੋਂ ਖੱਜਲ-ਖੁਆਰ ਹੋ ਰਹੇ ਯੂਨੀਅਨ ਆਗੂਆਂ ਨੇ ਨਾਅਰੇਬਾਜ਼ੀ ਵੀ ਕੀਤੀ।
ਫਿਰ 4 ਵਜੇ ਉਨ੍ਹਾਂ ਨੂੰ ਪੰਜਾਬ ਭਵਨ ਆਉਣ ਲਈ ਕਿਹਾ ਗਿਆ। ਲੇਕਿਨ ਕੋਈ ਗੱਲ ਨਹੀਂ ਬਣੀ। ਇਸ ਮਗਰੋਂ ਉਨ੍ਹਾਂ ਨੂੰ ਮੰਤਰੀ ਨੇ ਆਪਣੀ ਰਿਹਾਇਸ਼ ’ਤੇ ਸੱਦ ਲਿਆ ਅਤੇ ਸਾਰੀਆਂ ਜਥੇਬੰਦੀਆਂ ਨੂੰ ਮਹਿਜ਼ 5 ਤੋਂ 10 ਮਿੰਟ ਗੱਲ ਕਰਨ ਦਾ ਸਮਾਂ ਦਿੱਤਾ ਗਿਆ। ਇਸ ਦੌਰਾਨ ਪ੍ਰਗਟ ਸਿੰਘ ਸਾਰਿਆਂ ਨੂੰ ਇਹੀ ਗੱਲ ਕਹਿੰਦੇ ਰਹੇ ਕਿ ਉਹ ਹਾਲੇ ਨਵੇਂ ਮੰਤਰੀ ਬਣੇ ਹਨ ਅਤੇ ਸਿੱਖਿਆ ਸਕੱਤਰ ਵੀ ਨਵੇਂ ਆਏ ਹਨ। ਲਿਹਾਜ਼ਾ ਉਨ੍ਹਾਂ ਨੂੰ ਥੋੜ੍ਹਾ ਸਮਾਂ ਦਿੱਤਾ ਜਾਵੇ। ਉਂਜ ਮੰਤਰੀ ਨੇ ਏਨੀ ਗੱਲ ਜ਼ਰੂਰ ਆਖੀ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਸਮੂਹ ਮੁਲਾਜ਼ਮ ਵਰਗ ਦੀਆਂ ਜਾਇਜ਼ ਮੰਗਾਂ ਨੂੰ ਹਮਦਰਦੀ ਨਾਲ ਵਿਚਾਰਿਆ ਜਾਵੇਗਾ। ਇਸ ਮਗਰੋਂ ਮੰਤਰੀ ਦੀਆਂ ਮਿੱਠੀਆਂ-ਮਿੱਠੀਆਂ ਗੱਲਾਂ ਸੁਣ ਕੇ ਸ਼ਾਮ ਨੂੰ ਸਾਰੇ ਜਣੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਅਤੇ ਕੁੱਝ ਵਾਪਸ ਲੜੀਵਾਰ ਧਰਨਿਆਂ ’ਤੇ ਆ ਕੇ ਬੈਠ ਗਏ।
ਕੱਚੇ ਅਧਿਆਪਕ ਯੂਨੀਅਨ ਦੇ ਸੂਬਾ ਕਨਵੀਨਰ ਅਜਮੇਰ ਸਿੰਘ ਅੌਲਖ, ਦਵਿੰਦਰ ਸਿੰਘ ਸੰਧੂ, ਸਤਿੰਦਰ ਸਿੰਘ ਕੰਗ ਅਤੇ ਗੁਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਸਰਕਾਰ ਭਾਵੇਂ ਕੋਈ ਵੀ ਹੋਵੇ ਮੁਲਾਜ਼ਮ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਬੀਤੀ 26 ਸਤੰਬਰ ਨੂੰ ਕੱਚੇ ਅਧਿਆਪਕਾਂ ਵੱਲੋਂ ਨਵੇਂ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਲਈ ਚੰਡੀਗੜ੍ਹ ਵੱਲ ਕੂਚ ਕੀਤਾ ਸੀ ਪ੍ਰੰਤੂ ਮੁੱਖ ਮੰਤਰੀ ਦੇ ਪ੍ਰਾਈਵੇਟ ਸੈਕਟਰੀ ਨੇ ਪੈਨਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਸੀ। ਬੀਤੇ ਦਿਨੀਂ ਯੂਨੀਅਨ ਆਗੂ ਮੋਰਿੰਡਾ ਵਿੱਚ ਮੁੱਖ ਮੰਤਰੀ ਨੂੰ ਮਿਲੇ ਸੀ ਅਤੇ ਨਵੇਂ ਸਿੱਖਿਆ ਮੰਤਰੀ ਨੇ ਮੀਟਿੰਗ ਲਈ ਸੱਦਿਆ ਸੀ ਅਤੇ ਉਨ੍ਹਾਂ ਨੂੰ ਸਾਰੇ ਮਸਲੇ ਹੱਲ ਹੋਣ ਦੀ ਉਮੀਦ ਸੀ ਪ੍ਰੰਤੂ ਉਹ ਨਿਰਾਸ਼ ਹੋ ਕੇ ਵਾਪਸ ਪਰਤੇ ਹਨ।
ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਕੱਚੇ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਪ੍ਰਵਾਨ ਕਰਕੇ ਬੀਤੀ 7 ਸਤੰਬਰ ਨੂੰ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਰਾਹੀਂ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀਆਂ 8393 ਅਸਾਮੀਆਂ ਦੀ ਭਰਤੀ ਲਈ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੀ, ਪ੍ਰੰਤੂ ਹੁਣ ਤੱਕ ਅੱਗੇ ਕਾਰਵਾਈ ਨਹੀਂ ਤੁਰੀ ਜਿਸ ਕਾਰਨ ਕੱਚੇ ਅਧਿਆਪਕਾਂ ਦਾ ਲੜੀਵਾਰ ਧਰਨਾ ਜਾਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਮਸਲਾ ਹੱਲ ਨਹੀਂ ਹੋਇਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਪਹਿਲਾਂ ਵਾਂਗ ਗੁਪਤ ਐਕਸ਼ਨ ਕੀਤੇ ਜਾਣਗੇ।