
ਗੁਰਦੁਆਰਾ ਅੰਬ ਸਾਹਿਬ ਵਿਖੇ ਹੋਈ ਐਸਜੀਪੀਸੀ ਜਾਇਦਾਦ ਸਬ ਕਮੇਟੀ ਦੀ ਮੀਟਿੰਗ
ਗੁਰੂਘਰ ਦੀਆਂ ਜ਼ਮੀਨਾਂ ਦੇ ਮਾਮਲੇ ਵਿੱਚ ਸਿਆਸੀ ਦਖ਼ਲਅੰਦਾਜ਼ੀ ਮੰਦਭਾਗੀ: ਐਸਜੀਪੀਸੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਈ:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਾਇਦਾਦ ਸਬ ਕਮੇਟੀ ਦੀ ਮੀਟਿੰਗ ਅੱਜ ਇੱਥੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਫੇਜ਼-8 ਵਿੱਚ ਹੋਈ। ਮੀਟਿੰਗ ਵਿੱਚ ਐਸਜੀਪੀਸੀ ਦੇ ਮੈਂਬਰ ਅਜਮੇਰ ਸਿੰਘ ਖੇੜਾ, ਚਰਨਜੀਤ ਸਿੰਘ ਕਾਲੇਵਾਲ, ਬੀਬੀ ਪਰਮਜੀਤ ਕੌਰ ਲਾਂਡਰਾਂ, ਸੁਰਜੀਤ ਸਿੰਘ ਗੜੀ, ਐਸਜੀਪੀਸੀ ਦੇ ਮੈਨੇਜਰ ਰਜਿੰਦਰ ਸਿੰਘ ਟਿਵਾਣਾ, ਜੇਈ ਮੁਬਾਰਕ ਸਿੰਘ, ਬਾਬਾ ਬਲਬੀਰ ਸਿੰਘ ਕਾਰ ਸੇਵਾ ਵਾਲੇ ਸ਼ਾਮਲ ਹੋਏ। ਜਿਨ੍ਹਾਂ ਨੇ ਪਿੰਡ ਸੈਣੀ ਮਾਜਰਾ ਅਤੇ ਤਸੌਲੀ ਵਿੱਚ ਵਿਵਾਦਿਤ ਜ਼ਮੀਨਾਂ ਦੀ ਸਾਂਭ-ਸੰਭਾਲ ਸਮੇਤ ਉਧਾਰੀ ਅਧੀਨ ਮਾਡਰਨ ਸਰਾਂ ਅਤੇ ਮਲਟੀਪਰਪਜ਼ ਹਾਲ ਦੀ ਉਸਾਰੀ ਬਾਰੇ ਚਰਚਾ ਕੀਤੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਜੀਪੀਸੀ ਦੇ ਮੈਂਬਰ ਅਜਮੇਰ ਸਿੰਘ ਖੇੜਾ, ਚਰਨਜੀਤ ਸਿੰਘ ਕਾਲੇਵਾਲ ਅਤੇ ਪਰਮਜੀਤ ਕੌਰ ਲਾਂਡਰਾਂ ਨੇ ਦੱਸਿਆ ਕਿ 27 ਅਪਰੈਲ 2018 ਨੂੰ ਅਦਾਲਤ ਨੇ ਤਸੌਲੀ ਪਿੰਡ ਵਿਚਲੀ ਜ਼ਮੀਨ ਦਾ ਫੈਸਲਾ ਐਸਜੀਪੀਸੀ ਦੇ ਹੱਕ ਵਿੱਚ ਕਰ ਦਿੱਤਾ ਸੀ। ਜਿਸ ਦੀ ਮਾਲਕੀ ਗੁਰੂ ਗ੍ਰੰਥ ਸਾਹਿਬ ਅਤੇ ਗਿਰਦਾਵਰੀ ਐਸਜੀਪੀਸੀ ਦੇ ਨਾਂ ’ਤੇ ਦਰਜ ਹੈ। ਪ੍ਰੰਤੂ ਸਿਆਸੀ ਦਖ਼ਲਅੰਦਾਜ਼ੀ ਕਾਰਨ ਇਹ ਮਸਲਾ ਲਗਾਤਾਰ ਲਮਕਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਐਸਜੀਪੀਸੀ ਉੱਥੇ ਕਰਨ ਬਾਰੇ ਸੋਚਦੀ ਤਾਂ ਕੁੱਝ ਲੋਕ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਗੁਰੂਘਰ ਦੀਆਂ ਜ਼ਮੀਨਾਂ ਦੇ ਮਾਮਲੇ ਵਿੱਚ ਸਿਆਸੀ ਦਖ਼ਲਅੰਦਾਜ਼ੀ ਬਹੁਤ ਮੰਦਭਾਗੀ ਗੱਲ ਹੈ।
ਪਿੰਡ ਸੈਣੀ ਮਾਜਰਾ ਦੀ ਜ਼ਮੀਨ ਵਿਵਾਦ ਬਾਰੇ ਉਨ੍ਹਾਂ ਸਪੱਸ਼ਟ ਕੀਤਾ ਕਿ ਇਹ 12 ਏਕੜ ਜ਼ਮੀਨ ਐਸਜੀਪੀਸੀ ਵੱਲੋਂ ਵੇਚੀ ਨਹੀਂ ਜਾ ਰਹੀ ਹੈ ਬਲਕਿ ਸਰਕਾਰ ਵੱਲੋਂ ਗਮਾਡਾ ਰਾਹੀਂ ਐਕਵਾਇਰ ਕੀਤੀ ਜਾ ਰਹੀ ਹੈ ਅਤੇ 9 ਏਕੜ ਰਕਬੇ ਸਬੰਧੀ ਨੋਟਿਸ ਵੀ ਜਾਰੀ ਹੋ ਚੁੱਕਾ ਹੈ। ਇਸ ਸਬੰਧੀ ਐਸਜੀਪੀਸੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਵਫ਼ਦ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਉਕਤ ਜ਼ਮੀਨ ਨੂੰ ਐਕਵਾਇਰ ਨਾ ਕਰਨ ਦੀ ਮੰਗ ਕੀਤੀ ਹੈ ਅਤੇ ਮੁੱਖ ਮੰਤਰੀ ਵੱਲੋਂ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਮੈਂਬਰਾਂ ਨੇ ਦੱਸਿਆ ਕਿ ਗੁਰਦੁਆਰਾ ਅੰਬ ਸਾਹਿਬ ਵਿਖੇ ਮਾਡਰਨ ਸਰਾਂ ਅਤੇ ਧਾਰਮਿਕ ਸਮਾਗਮ ਅਤੇ ਅੰਤਿਮ ਅਰਦਾਸ ਲਈ ਇੱਥੇ ਮਲਟੀਪਰਪਜ਼ ਹਾਲ ਬਣਾਇਆ ਜਾ ਰਿਹਾ ਹੈ। ਕਾਰ ਸੇਵਾ ਵਾਲੇ ਬਾਬਾ ਬਲਬੀਰ ਸਿੰਘ ਨੂੰ ਇਕ ਸਾਲ ਦੀ ਹੋਰ ਮੋਹਲਤ ਦਿੰਦੇ ਹੋਏ ਕਿਹਾ ਗਿਆ ਹੈ ਕਿ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਸੰਗਤ ਦੀ ਸੁਵਿਧਾ ਲਈ ਦੋ ਮੰਜ਼ਲਾਂ ਦੀ ਉਸਾਰੀ ਜਿੰਨੀ ਛੇਤੀ ਹੋ ਸਕੇ ਕੀਤੀ ਜਾਵੇ। ਐਸਜੀਪੀਸੀ ਦੇ ਮੈਨੇਜਰ ਰਜਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਸਰਾਂ ਅਤੇ ਹਾਲ ਦੀ ਉਸਾਰੀ ਨਵੇਂ ਮਾਸਟਰ ਪਲਾਨ ਮੁਤਾਬਕ ਕੀਤੀਆਂ ਜਾ ਰਹੀਆਂ ਹਨ ਅਤੇ ਗੁਰੂਘਰ ਦੀਆਂ ਜ਼ਮੀਨਾਂ ਸੰਭਾਲ ਕੀਤੀ ਜਾਵੇਗੀ।
ਗੁਰਦੁਆਰਾ ਕੰਪਲੈਕਸ ਦੀ ਚਾਰਦੀਵਾਰੀ ਅੰਦਰ ਚੱਲ ਰਹੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਾਰੇ ਗੱਲ ਕਰਦਿਆਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਕਿਹਾ ਕਿ ਸਕੂਲ ਦੀ ਇਮਾਰਤ ਹਾਲਤ ਕਾਫ਼ੀ ਖਸਤਾ ਹੋ ਚੁੱਕੀ ਹੈ। ਇਸ ਸਬੰਧੀ ਸਕੂਲ ਪ੍ਰਬੰਧਕਾਂ ਨੂੰ ਇਹ ਥਾਂ ਛੱਡਣ ਬਦਲੇ ਹੋਰ ਢੁਕਵੀਂ ਜ਼ਮੀਨ ਮੁਹੱਈਆ ਕਰਵਾਉਣ ਦੀ ਗੱਲ ਕਹੀ ਗਈ ਹੈ ਪ੍ਰੰਤੂ ਉਹ ਦੋ ਏਕੜ ਜ਼ਮੀਨ ਮੰਗ ਰਹੇ ਹਨ। ਜਿਸ ਕਾਰਨ ਇਹ ਮਸਲਾ ਹੁਣ ਤੱਕ ਕਿਸੇ ਕੰਢੇ ਲਗਦਾ ਨਜ਼ਰ ਨਹੀਂ ਆ ਰਿਹਾ ਹੈ।