ਕੁਰਾਲੀ ਨਗਰ ਕੌਂਸਲ ਦੀ ਮੀਟਿੰਗ ਵਿੱਚ 17 ’ਚੋਂ 11 ਕੌਂਸਲਰਾਂ ਨੇ ਦੂਰੀ ਵੱਟੀ

ਮੀਟਿੰਗ ਵਿੱਚ ਪ੍ਰਧਾਨ ਤੇ ਮੀਤ ਪ੍ਰਧਾਨ ਸਮੇਤ 6 ਮੈਂਬਰਾਂ ਵੱਲੋਂ ਕਈ ਵਿਕਾਸ ਮਤਿਆਂ ਨੂੰ ਹਰੀ ਝੰਡੀ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 31 ਅਕਤੂਬਰ:
ਕੁਰਾਲੀ ਨਗਰ ਕੌਂਸਲ ਦੀ ਮਹੀਨਾਵਾਰ ਮੀਟਿੰਗ ਕੌਂਸਲ ਦੀ ਪ੍ਰਧਾਨ ਸ੍ਰੀਮਤੀ ਕ੍ਰਿਸ਼ਨਾ ਦੇਵੀ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਦੌਰਾਨ ਏਜੰਡੇ ਦੇ ਸਾਰੇ ਮਤੇ ਸਰਬਸੰਮਤੀ ਨਾਲ ਪਾਸ ਕਰ ਦਿੱਤੇ ਗਏ। ਹਾਲਾਂਕਿ ਬਹੁਗਿਣਤੀ ਕੌਂਸਲਰਾਂ ਨੇ ਮੀਟਿੰਗ ਤੋਂ ਦੂਰੀ ਬਣਾਈ ਰੱਖੀ। ਮੀਟਿੰਗ ਵਿੱਚ ਖੁਦ ਨਗਰ ਕੌਂਸਲ ਦੀ ਪ੍ਰਧਾਨ ਸਮੇਤ ਮੀਤ ਪ੍ਰਧਾਨ ਗੁਰਚਰਨ ਸਿੰਘ ਰਾਣਾ, ਕੌਂਸਲਰ ਪਰਮਜੀਤ ਪੰਮੀ, ਕੌਂਸਲਰ ਲਾਡੀ, ਕੌਂਸਲਰ ਕੁਲਵੰਤ ਕੌਰ ਪਾਬਲਾ, ਸ਼ਿਵ ਵਰਮਾ ਨੇ ਹੀ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਪਾਸ ਕੀਤੇ ਮਤਿਆਂ ਵਿੱਚ ਸਭ ਤੋਂ ਪਹਿਲਾਂ ਸਥਾਨਕ ਲੋਕਾਂ ਨੂੰ ਨਕਸ਼ੇ ਪਾਸ ਕਰਵਾਉਣ ਅਤੇ ਉਨ੍ਹਾਂ ਦੀਆਂ ਬਣਦੀਆਂ ਉਜਰਤਾਂ ਤਾਰਨ ਲਈ ਆ ਰਹੀ ਪ੍ਰੇਸ਼ਾਨੀ ਤੋਂ ਨਿਜਾਤ ਦਿਵਾਉਣ ਲਈ ਹਾਊਸ ਨੇ ਇਕ ਨਿੱਜੀ ਕੰਪਨੀ ਨਾਲ ਇਕਰਾਰ ਕਰਕੇ ਸ਼ਹਿਰ ਵਿੱਚ ਇਕ ਕੋਰ ਸੈਂਟਰ ਸਥਾਪਿਤ ਕਰਨ ਨੂੰ ਪ੍ਰਵਾਨਗੀ ਦਿੱਤੀ ਹੈ।
ਸ਼ਹਿਰ ਵਿੱਚ ਗੰਦਗੀ ਦੀ ਸਮੱਸਿਆ ਨਾਲ ਨਜਿੱਠਣ ਦੇ ਮਨੋਰਥ ਨਾਲ 54.500 ਪ੍ਰਤੀ ਕੀਮਤ ਦੇ 10 ਕੰਨਟੇਨਰ ਖ਼ਰੀਦਣ ਤੋਂ ਇਲਾਵਾ ਘਰੋਂ ਘਰੀ ਕੂੜਾ ਇਕੱਠਾ ਕਰਨ ਲਈ 5 ਲੱਖ ਦੀ ਕੀਮਤ ਦੀਆਂ 26 ਹੱਥ ਰੇਹੜੀਆਂ ਅਤੇ 15 ਰਿਕਸ਼ਾ ਰੇਹੜੀਆਂ ਖ਼ਰੀਦਣ ਦਾ ਮਤਾ ਪਾਸ ਕੀਤਾ ਗਿਆ। ਮੀਟਿੰਗ ਦੌਰਾਨ ਪੀਐਮਆਈਡੀਸੀ ਚੰਡੀਗੜ੍ਹ ਦੇ ਨਿਰਦੇਸ਼ਾਂ ਜਿਨ੍ਹਾਂ ‘ਚ ਸ਼ਹਿਰ ਦੇ ਅਧਿਕਾਰ ਖੇਤਰਾਂ ਨੂੰ ਹਾਜਤ ਮੁਕਤ ਕਰਨ ਲਈ ਕਿਹਾ ਗਿਆ ਹੈ, ਉਨ੍ਹਾਂ ਆਦੇਸ਼ਾਂ ’ਤੇ ਵੀ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਮਤਾ ਪਾਸ ਕੀਤਾ ਗਿਆ ਕਿ ਕੌਂਸਲ ਦੇ ਕੁੱਲ 17 ਵਾਰਡ ਹਨ ਅਤੇ 16 ਵਾਰਡਾਂ ਪਹਿਲਾਂ ਤੋਂ ਹੀ ਹਾਜਤ ਮੁਕਤ ਹਨ ਅਤੇ ਇੱਕ ਵਾਰਡ ਵਿਅਕਤੀਗਤ ਅਤੇ ਜਨਤਕ ਪਖਾਨੇ ਤਿਆਰ ਕਰਨ ਲਈ ਮਤਾ ਪਾਸ ਕੀਤਾ ਗਿਆ। ਇਸੇ ਤਰ੍ਹਾਂ ਸਵੱਛ ਭਾਰਤ ਮੁਹਿੰਮ ਦੇ ਤਹਿਤ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਤੇ 2.88 ਲੱਖ ਦੀ ਲਾਗਤ ਨਾਲ 10 ਪਬਲਿਕ ਪਖਾਨੇ ਬਣਾਉਣ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਅੱਜ ਦੀ ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਗੁਰਦੀਪ ਸਿੰਘ, ਅਨਿਲ ਕੁਮਾਰ ਅਤੇ ਰੋਗਾਣੂ ਇੰਸਪੈਕਟਰ ਰਣਜੀਤ ਕੁਮਾਰ ਸ਼ਰਮਾ ਵੀ ਮੌਜੂਦ ਰਹੇ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…