Share on Facebook Share on Twitter Share on Google+ Share on Pinterest Share on Linkedin ਮੁਹਾਲੀ ਨਗਰ ਨਿਗਮ ਦੀ ਮੀਟਿੰਗ ਵਿੱਚ ਲੋਕਾਂ ਨਾਲ ਜੁੜੇ ਮੁੱਦਿਆਂ ’ਦੇ ਭਖਵੀਂ ਬਹਿਸ ਮੇਅਰ ਕੁਲਵੰਤ ਸਿੰਘ ਨੇ ਬੜੇ ਹੀ ਠਰੰ੍ਹਮੇ ਨਾਲ ਦਿੱਤੇ ਕੌਂਸਲਰਾਂ ਦੇ ਸੁਆਲਾਂ ਦੇ ਜਵਾਬ, ਮੇਅਰ ਧੜੇ ਦੇ ਕੌਂਸਲਰਾਂ ਨੇ ਸਰਕਾਰ ’ਤੇ ਸੇਧਿਆ ਨਿਸ਼ਾਨਾ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਨਵੰਬਰ: ਨਗਰ ਨਿਗਮ ਐਸ ਏ ਐਸ ਨਗਰ ਦੀ ਅੱਜ ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਜਿੱਥੇ ਕਈ ਮਤਿਆਂ ਤੇ ਖੁੱਲੀ ਬਹਿਸ ਹੋਈ ਉੱਥੇ ਜਿਆਦਾਤਰ ਮਤੇ ਅਜਿਹੇ ਸਨ ਜਿਹੜੇ ਬਿਨਾ ਪੜ੍ਹੇ ਹੀ ਪਾਸ ਕਰ ਦਿੱਤੇ ਗਏ। ਇਸ ਦੌਰਾਨ ਨਿਗਮ ਵਲੋੱ ਪੌਣੇ ਦੋ ਕਰੋੜ ਰੁਪਏ ਦੀ ਲਾਗਤ ਨਾਲ ਖਰੀਦੀ ਗਈ ਪਰੂਮਿੰਗ ਮਸ਼ੀਨ ਦਾ ਮੁੱਦਾ ਵੀ ਕਾਫੀ ਚਰਚਾ ਦਾ ਵਿਸ਼ਾ ਰਿਹਾ। ਸ਼ਹਿਰ ਦੇ ਪਾਰਕਾਂ ਦੀ ਮਾੜੀ ਹਾਲਤ, ਸਫਾਈ ਵਿਵਸਥਾ ਵਿੱਚ ਆ ਰਹੇ ਨਿਘਾਰ ਅਤੇ ਹੋਰਨਾਂ ਮੁੱਦਿਆਂ ਬਾਰੇ ਵੀ ਭਰਵੀਂ ਬਹਿਸ ਹੋਈ ਅਤੇ ਇਹ ਸਾਰੇ ਮਤੇ ਇੱਕ ਇੱਕ ਕਰਕੇ ਪਾਸ ਕੀਤੇ ਜਾਂਦੇ ਰਹੇ। ਮੀਟਿੰਗ ਦੀ ਸ਼ੁਰੂਆਤ ਵਿੱਚ ਬੀਤੇ ਦਿਨ ਹੋਈ ਮੇਅਰ ਕੁਲਵੰਤ ਸਿੰਘ ਦੀ ਭੈਣ ਅਤੇ ਕੌਂਸਲਰ ਸਰਬਜੀਤ ਸਿੰਘ ਸਮਾਣਾ ਦੀ ਭੂਆ ਮਾਤਾ ਪਿਆਰੀ ਕੌਰ ਅਤੇ ਕੌਂਸਲਰ ਰਵਿੰਦਰ ਸਿੰਘ ਬਿੰਦਰਾ ਦੇ ਭਤੀਜੇ ਕਾਕਾ ਮਨਰਾਜ ਸਿੰਘ ਦੀ ਬੇਵਕਤੀ ਮੌਤ ਤੇ ਵਿਛੜੀਆਂ ਆਤਮਾਵਾਂ ਨੂੰ ਦੋ ਮਿਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਇਸਤੋੱ ਬਾਅਦ ਮੇਅਰ ਕੁਲਵੰਤ ਸਿੰਘ ਵਲੋੱ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਹੰਸ ਦੇ ਨਿਗਮ ਦੀ ਮੀਟਿੰਗ ਵਿੱਚ ਪਹਿਲੀ ਵਾਰ ਸ਼ਾਮਿਲ ਹੋਣ ਮੌਕੇ ਕੌਂਸਲਰਾਂ ਨਾਲ ਉਹਨਾਂ ਦੀ ਜਾਣ ਪਛਾਣ ਕਰਵਾਉੱਦਿਆਂ ਉਹਨਾਂ ਨੂੰ ਨਿਗਮ ਦੇ ਚੁਣੇ ਹੋਏ ਨੁਮਾਇੰਦਿਆਂ ਵਲੋੱ ਦੱਸੇ ਕੰਮ ਪਹਿਲ ਦੇ ਆਧਾਰ ਤੇ ਕਰਨ ਅਤੇ ਨਿਗਮ ਦੇ ਸਟਾਫ ਵੱਲੋਂ ਸ਼ਹਿਰ ਦੇ ਚੁਣੇ ਹੋਏ ਨੁਮਾਇੰਦਿਆਂ ਦਾ ਸਤਿਕਾਰ ਯਕੀਨੀ ਕਰਨ ਲਈ ਕਿਹਾ ਗਿਆ ਜਿਸ ’ਤੇ ਕਮਿਸ਼ਨਰ ਸ੍ਰੀ ਹੰਸ ਨੇ ਭਰੋਸਾ ਦਿੱਤਾ ਕਿ ਨਿਗਮ ਦੇ ਸਮੂਹ ਕਰਮਚਾਰੀ ਅਤੇ ਅਧਿਕਾਰੀ ਕੌਂਸਲਰਾਂ ਵਲੋੱ ਦੱਸੇ ਕੰਮ ਖਿੜੇ ਮੱਥੇ ਪ੍ਰਵਾਨ ਕਰਣਗੇ। ਮੀਟਿੰਗ ਦੀ ਸ਼ੁਰੂਆਤ ਹੋਣ ਸਾਰ ਹੀ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਨੇ ਦਰਖਤਾਂ ਦੀ ਕਟਾਈ ਛਟਾਈ ਲਈ ਜਰਮਨੀ ਤੋਂ ਖਰੀਦੀ ਗਈ ਪੌਣੇ ਦੋ ਕਰੋੜ ਰੁਪਏ ਦੀ ਮਸ਼ੀਨ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਹਾਉਸ ਨੂੰ ਇਸ ਬਾਰੇ ਪੂਰੀ ਜਾਣਕਾਰੀ ਵਿਸਥਾਰ ਸਹਿਤ ਦਿੱਤੀ ਜਾਵੇ। ਇਸ ਸਬੰਧੀ ਮੇਅਰ ਨੇ ਦੱਸਿਆ ਕਿ ਇਹ ਮਸ਼ੀਨ ਆ ਚੁੱਕੀ ਹੈ ਪਰੰਤੂ ਸਰਕਾਰ ਵਲੋੱ ਇਸ ਸੰਬੰਧੀ ਕੁੱਝ ਇਤਰਾਜ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਇਸ ਮਸ਼ੀਨ ਦੀ ਖਰੀਦ ਦਾ ਫੈਸਲਾ ਹਾਊਸ ਵਲੋੱ ਕੀਤਾ ਗਿਆ ਸੀ ਅਤੇ ਕੌਂਸਲਰਾਂ ਵੱਲੋਂ ਮਤਾ ਪਾਸ ਕਰਨ ਉਪਰੰਤ ਸਰਕਾਰ ਵੱਲੋਂ ਇਸ ਮਤੇ ਨੂੰ ਪ੍ਰਵਾਨਗੀ ਵੀ ਦੇ ਦਿੱਤੀ ਗਈ ਸੀ ਅਤੇ ਮਸ਼ੀਨ ਲਈ ਨਿਗਮ ਵੱਲੋਂ ਐਡਵਾਂਸ ਵੀ ਦੇ ਦਿੱਤਾ ਗਿਆ ਸੀ ਪ੍ਰੰਤੂ ਹੁਣ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਸ ਦੀ ਖਰੀਦ ਤੇ ਇਤਰਾਜ਼ ਕੀਤੇ ਜਾ ਰਹੇ ਹਨ ਅਤੇ ਇਸ ਮਸ਼ੀਨ ਦੀ ਖਰੀਦ ਦਾ ਮਾਮਲਾ ਫਾਈਲਾਂ ਵਿੱਚ ਉਲਝ ਗਿਆ ਹੈ। ਉਹਨਾਂ ਕਿਹਾ ਕਿ ਅਧਿਕਾਰੀ ਕਹਿੰਦੇ ਹਨ ਕਿ ਇਹ ਮਸ਼ੀਨ ਦੀ ਕੀਮਤ ਵੱਧ ਹੈ ਪਰ ਜੇਕਰ ਅਸੀਂ ਚੰਗੀ ਮਸ਼ੀਨ ਲੈਣੀ ਹੈ ਤਾਂ ਕੀਮਤ ਵੀ ਚੰਗੀ ਹੀ ਦੇਣੀ ਪੈਣੀ ਹੈ। ਇਸ ਮੌਕੇ ਕੌਂਸਲਰ ਸੁਖਦੇਵ ਸਿੰਘ ਨੇ ਪੁੱਛਿਆ ਕਿ ਨਿਗਮ ਦੇ ਅਧਿਕਾਰੀ ਤਾਂ ਕਹਿੰਦੇ ਹਨ ਕਿ ਦਰਖਤਾਂ ਦੀ ਕਟਾਈ ਦਾ ਕੰਮ ਗਮਾਡਾ ਨੇ ਕਰਨਾ ਹੈ ਅਤੇ ਇਹ ਦੱਸਿਆ ਜਾਵੇ ਕਿ ਇਹ ਕੰਮ ਨਿਗਮ ਦਾ ਹੈ ਜਾਂ ਗਮਾਡਾ ਦਾ ਜਿਸਤੇ ਮੇਅਰ ਨੇ ਕਿਹਾ ਕਿ ਇਹ ਕੰਮ ਨਿਗਮ ਦਾ ਹੀ ਹੈ। ਕੌਂਸਲਰ ਆਰ ਪੀ ਸ਼ਰਮਾ ਨੇ ਇਸ ਮੌਕੇ ਕਿਹਾ ਕਿ ਸਰਕਾਰ ਜਾਣਬੁੱਝ ਕੇ ਸ਼ਹਿਰ ਦੇ ਕੰਮਾਂ ਵਿੱਚ ਰੁਕਾਵਟ ਪਾ ਰਹੀ ਹੈ। ਉਹਨਾਂ ਕਿਹਾ ਕਿ ਸਵੱਛ ਭਾਰਤ ਸਰਵੇ ਲਈ ਤਿੰਨ ਮਹੀਨੇ ਪਾਸ ਕੀਤਾ 20 ਟਾਇਲਟ ਬਣਾਉਣ ਦਾ ਮਤਾ ਵੀ ਸਰਕਾਰੀ ਫਾਇਲਾਂ ਵਿੱਚ ਰੁਕਿਆ ਹੋਇਆ ਹੈ। ਇਸ ਮੌਕੇ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਉਹਨਾਂ ਦੀ ਜਾਣਕਾਰੀ ਅਨੁਸਾਰ ਇਹ ਮਸਲੇ ਡਾਇਰੈਕਟਰ ਦੇ ਲੈਵਲ ਤੇ ਪੈਂਡਿੰਗ ਹਨ ਅਤੇ ਉਹ ਇਸ ਸੰਬੰਧੀ ਖੁਦ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਇਹਨਾਂ ਦੇ ਹਲ ਦੀ ਕੋਸ਼ਿਸ਼ ਕਰਣਗੇ। ਇਸ ਮੌਕੇ ਕੌਂਸਲਰ ਭਾਰਤ ਭੂਸ਼ਣ ਮੈਣੀ ਨੇ ਸ਼ਹਿਰ ਦੇ ਪਾਰਕਾਂ ਦੀ ਬਦਹਾਲੀ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਪਾਰਕਾਂ ਦਾ ਕੰਮ ਪੂਰੀ ਤਰ੍ਹਾਂ ਰੁਕ ਗਿਆ ਹੈ। ਇਸ ਮੌਕੇ ਮੇਅਰ ਨੇ ਕਿਹਾ ਕਿ ਸਰਕਾਰ ਵੱਲੋਂ ਪਾਰਕਾਂ ਦੇ ਠੇਕੇ ਤੇ ਇਤਰਾਜ ਜਾਹਿਰ ਕਰਦਿਆਂ ਇਸ ਵਿੱਚ ਕਟੌਤੀਆਂ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਨਿਗਮ ਨੇ ਗਮਾਡਾ ਦੇ ਪੈਟਰਨ ਤੇ ਠੇਕਾ ਦਿੱਤਾ ਸੀ ਜਦੋਂ ਕਿ ਸਰਕਾਰ ਵਲੋੱ ਚੰਡੀਗੜ੍ਹ ਪੈਟਰਨ ਦੇ ਆਧਾਰ ਤੇ ਠੇਕਾ ਕਰਨ ਦੀ ਗੱਲ ਕਹੀ ਗਈ ਹੈ। ਉਹਨਾਂ ਕਿਹਾ ਕਿ ਠੇਕੇਦਾਰ ਵੱਲੋਂ ਪਹਿਲਾਂ ਬਿਲ ਨਾ ਦਿੱਤੇ ਜਾਣ ਕਾਰਨ ਵੀ ਉਸ ਦੀ ਅਦਾਇਗੀ ਨਹੀਂ ਹੋਈ। ਕੌਂਸਲਰ ਗੁਰਮੁੱਖ ਸਿੰਘ ਸੋਹਲ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਸ ਤਰ੍ਹਾਂ ਰੋਕਾਂ ਲਾਉਣੀਆਂ ਹਨ ਤਾਂ ਫਿਰ ਸਰਕਾਰ ਹੀ ਸਾਰਾ ਕੁੱਝ ਕਰ ਲਵੇ। ਉਹਨਾਂ ਕਿਹਾ ਕਿ ਜੇਕਰ ਸਰਕਾਰ ਸਾਨੂੰ ਸੁਵਿਧਾਵਾਂ ਨਹੀਂ ਦੇ ਸਕਦੀ ਤਾਂ ਸਾਨੂੰ ਆਪਣੇ ਢੰਗ ਨਾਲ ਕੰਮ ਤਾਂ ਕਰਨ ਦੇਵੇ। ਕੌਂਸਲਰ ਬੌਬੀ ਕੰਬੋਜ ਨੇ ਸ਼ਹਿਰ ਦੇ ਪਾਰਕਾਂ ਵਿੱਚ ਖੜ੍ਹੀਆਂ ਝਾੜੀਆਂ ਦਾ ਮੁੱਦਾ ਚੁੱਕਿਆ। ਇਸ ਮੌਕੇ ਕੌਂਸਲਰ ਰਾਜਿੰਦਰ ਸਿੰਘ ਰਾਣਾ ਨੇ ਬਹਿਸ ਦੌਰਾਨ ਸੂਬਾ ਸਰਕਾਰ ਦਾ ਬਚਾਅ ਵਿੱਚ ਅੱਗੇ ਆਉਂਦਿਆਂ ਕਿਹਾ ਕਿ ਸਰਕਾਰ ਉੱਤੇ ਜ਼ਿੰਮੇਵਾਰੀ ਸੁੱਟਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਨਿਗਮ ਨੂੰ ਆਪਣੀ ਕਾਰਗੁਜਾਰੀ ਵੱਲ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਤਿੰਨ ਮਹੀਨੇ ਬਾਅਦ ਤਾਂ ਅੱਜ ਮੀਟਿੰਗ ਬੁਲਾਈ ਗਈ ਹੈ ਅਤੇ ਆਪਣੀਆਂ ਗਲਤੀਆਂ ਤੇ ਪਰਦਾ ਪਾਉਣ ਲਈ ਸਰਕਾਰ ਤੇ ਨਜਲਾ ਨਾ ਸੁੱਟਿਆ ਜਾਵੇ। ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਇਸ ਮੌਕੇ ਕਿਹਾ ਕਿ ਠੇਕੇਦਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੀ ਲੇਬਰ ਨੂੰ ਤਨਖਾਹ ਦੇਵੇ ਅਤੇ ਇਸਦਾ ਨਿਗਮ ਦੀ ਅਦਾਇਗੀ ਨਾਲ ਕੋਈ ਸੰਬੰਧ ਨਹੀਂ ਹੈ। ਇਸ ਮੌਕੇ ਮੇਅਰ ਨੇ ਕਿਹਾ ਕਿ ਪਹਿਲਾਂ ਤਾਂ ਠੇਕੇਦਾਰ ਵੱਲੋਂ ਬਿਲ ਨਹੀਂ ਦਿੱਤੇ ਗਏ ਅਤੇ ਬਾਅਦ ਵਿੱਚ ਜਦੋਂ ਬਿਲ ਜਮਾਂ ਕਰਵਾਏ ਹਨ ਤਾਂ ਉਹਨਾਂ ਨੂੰ ਠੇਕੇ ਦੀਆਂ ਸ਼ਰਤਾਂ ਅਨੁਸਾਰ ਕੌਂਸਲਰਾਂ ਤੋਂ ਤਸਦੀਕ ਨਹੀਂ ਕਰਵਾਇਆ ਗਿਆ ਹੈ। ਕੌਂਸਲਰ ਬੀਬਾ ਜਸਪ੍ਰੀਤ ਕੌਰ ਨੇ ਦਰਖਤਾਂ ਦੇ ਹੱਦ ਤੋਂ ਵੱਧ ਉੱਚੇ ਹੋਣ ਦਾ ਮੁੱਦਾ ਚੁੱਕਿਆ ਅਤੇ ਕੌਂਸਲਰ ਹਰਦੀਪ ਸਿੰਘ ਸਰਾਓ ਨੇ ਦਰਖਤਾਂ ਦੀਆਂ ਜੜ੍ਹਾਂ ਕਾਰਨ ਸੀਵਰ ਅਤੇ ਪਾਣੀ ਦੀਆਂ ਲਾਈਨਾਂ ਨੂੰ ਹੁੰਦੇ ਨੁਕਸਾਨ ਦਾ ਮੁੱਦਾ ਚੁੱਕਿਆ। ਕੌਂਸਲਰ ਹਰਪਾਲ ਚੰਨਾ ਨੇ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਸਾਮਣੇ ਪੈਂਦੀ ਸੈਕਟਰ 689 ਦੀ ਖਾਲੀ ਪਈ ਜ਼ਮੀਨ ਵਿੱਚ ਉੱਗੇ ਜੰਗਲ ਨੂੰ ਸਾਫ਼ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਇੱਥੇ ਕਤਲ ਦੀਆਂ ਦੋ ਵਾਰਦਾਤਾਂ ਵੀ ਹੋ ਚੁੱਕੀਆਂ ਹਨ ਅਤੇ ਇਸਨੂੰ ਨਿਗਮ ਵੱਲੋਂ ਸਾਫ਼ ਕਰਵਾਇਆ ਜਾਵੇ। ਮੀਟਿੰਗ ਵਿੱਚ ਗਮਾਡਾ ਦੇ ਕਰਮਚਾਰੀਆਂ ਨੂੰ ਕਮਿਊਨਿਟੀ ਸੈਂਟਰਾਂ ਦੀ ਮੁਫਤ ਸੁਵਿਧਾ ਜਾਰੀ ਰੱਖਣ, ਸਮਾਜਸੇਵੀ ਜਥਬੰਦੀਆਂ ਨੂੰ ਸਮਾਜ ਭਲਾਈ ਦੇ ਕੰਮ ਲਈ ਇਹ ਸੈਂਟਰ ਮੁਹੱਈਆ ਕਰਵਾਉਣ ਦਾ ਮਤਾ ਪੈਂਡਿੰਗ ਕਰ ਦਿੱਤਾ ਗਿਆ। ਇਸ ਮੌਕੇ ਮੇਅਰ ਨੇ ਕਿਹਾ ਕਿ ਸਮਾਜ ਭਲਾਈ ਦੇ ਕੰਮਾਂ ਲਈ ਕਮਿਊਨਿਟੀ ਸੈਂਟਰਾਂ ਦੀ ਵਰਤੋਂ ਦੀ ਇਜਾਜਤ ਮਿਲਣੀ ਚਾਹੀਦੀ ਹੈ ਪ੍ਰੰਤੂ ਅਸੀਂ ਇਹਨਾਂ ਨੂੰ ਸਿਰਫ਼ ਜੰਝ ਘਰ ਬਣਾ ਕੇ ਰੱਖ ਦਿੱਤਾ ਹੈ ਅਤੇ ਇਸ ਸੰਬੰਧੀ ਅਗਲੀ ਮੀਟਿੰਗ ਵਿੱਚ ਮਤਾ ਲਿਆ ਕੇ ਵਿਚਾਰ ਕੀਤਾ ਜਾਵੇਗਾ। ਇਸ ਮੌਕੇ ਕੌਂਸਲਰ ਤਰਨਜੀਤ ਕੌਰ ਗਿੱਲ ਵੱਲੋਂ ਫੇਜ਼ 3ਬੀ1 ਦੇ ਕਮਿਊਨਿਟੀ ਸੈਂਟਰ ਦੀ ਖਸਤਾ ਹਾਲਤ ਦਾ ਜਿਕਰ ਕਰਦਿਆਂ ਇਸਨੂੰ ਢਾਹ ਕੇ ਨਵੇਂ ਸਿਰੇ ਤੋਂ ਬਣਾਉਣ ਲਈ ਟੇਬਲ ਏਜੰਡਾ ਲਿਆਉਣ ਦੀ ਮੰਗ ਕੀਤੀ। ਇਸ ਮੌਕੇ ਕਮਿਊਨਿਟੀ ਸੈਂਟਰਾਂ ਵਿੱਚ ਰਹਿ ਰਹੇ ਲੋਕਾਂ ਦਾ ਮੁੱਦਾ ਵੀ ਉਠਿਆ ਅਤੇ ਕਮਿਸ਼ਨਰ ਨੇ ਦੱਸਿਆ ਕਿ ਨਿਗਮ ਵੱਲੋਂ ਕਮਿਉਨਿਟੀ ਸੈਟਰਾਂ ਵਿੱਚ ਰਹਿੰਦੇ ਗਮਾਡਾ ਦੇ ਮੁਲਾਜਮਾਂ ਤੋੱ ਖਾਲੀ ਕਰਵਾ ਕੇ ਇਹਨਾਂ ਵਿੱਚ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਮੁਹਈਆ ਕਰਵਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਮੀਟਿੰਗ ਦੌਰਾਨ ਸ਼ਹਿਰ ਵਿੱਚੋਂ ਕੂੜਾ ਚੁਕਵਾਉਣ ਦੇ ਰੇਟ ਤੈਅ ਕਰਨ ਵਾਲੇ ਮਤੇ ਵਿੱਚ 250 ਗਜ ਤੋਂ ਛੋਟੇ ਮਕਾਨਾਂ ਤੋਂ 70 ਰੁਪਏ (ਪ੍ਰਤੀ ਪਰਿਵਾਰ) ਦੀ ਦਰ ਤੈਅ ਕੀਤੀ ਗਈ ਜਦੋਂ ਇਸ ਤੋਂ ਵੱਡੇ ਮਕਾਨਾਂ ਤੇ 500 ਵਰਗ ਗਜ ਤੱਕ 150 ਰੁਪਏ (ਪ੍ਰਤੀ ਪਰਿਵਾਰ) ਅਤੇ 1000 ਵਰਗ ਗਜ ਤੱਕ ਦੇ ਮਕਾਨ ਲਈ 200 ਰੁਪਏ (ਪ੍ਰਤੀ ਪਰਿਵਾਰ) ਤੈਅ ਕੀਤੇ ਗਏ। ਪਿੰਡ ਸੋਹਾਣਾ ਦੀ ਡਿਸਪੈਂਸਰੀ ਨੂੰ ਢਾਹ ਕੇ ਨਵੇਂ ਸਿਰੇ ਤੋਂ ਉਸਾਰਨ ਵਾਲੇ ਮਤੇ ਬਾਰੇ ਬੋਲਦਿਆਂ ਕੌਂਸਲਰ ਪਰਮਿੰਦਰ ਸਿੰਘ ਸੋਹਾਣਾ ਨੇ ਇਤਰਾਜ਼ ਕਰਦਿਆਂ ਕਿਹਾ ਕਿ ਇਸ ਕੰਮ ਨੂੰ ਕਰਵਾਉਣ ਵਾਲ ਕੌਂਸਲਰਾਂ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਸਮੇਤ ਤਿੰਨ ਅਕਾਲੀ ਕੌਂਸਲਰ ਕਮਲਜੀਤ ਕੌਰ ਅਤੇ ਸੁਰਿੰਦਰ ਸਿੰਘ ਰੋਡਾ ਪਿਛਲੇ ਕਾਫੀ ਸਮੇਂ ਤੋਂ ਡਿਸਪੈਂਸਰੀ ਦਾ ਮੁੱਦਾ ਚੁੱਕਦੇ ਆ ਰਹੇ ਹਨ ਲੇਕਿਨ ਨਿਗਮ ਨੇ ਉਨ੍ਹਾਂ ਦੀ ਮੰਗ ’ਤੇ ਕੋਈ ਗੌਰ ਨਹੀਂ ਕੀਤਾ। ਜਿਸ ਕਾਰਨ ਉਨ੍ਹਾਂ ਨੂੰ ਡੀਸੀ ਮੈਡਮ ਦੇ ਦਫ਼ਤਰ ਦਾ ਕੁੰਡਾ ਖੜਕਾਉਣ ਲਈ ਮਜ਼ਬੂਰ ਹੋਣਾ ਪਿਆ ਹੈ। ਮੀਟਿੰਗ ਵਿੱਚ ਗਊਸ਼ਾਲਾ ਦੇ ਪ੍ਰਬੰਧਕਾਂ ਵਲੋੱ ਨਿਗਮ ਤੋੱ ਕੀਤੀ ਗਈ ਮਾਇਕ ਸਹਾਇਤਾ ਦੇ ਮਤੇ ਤੇ ਹੋਈ ਬਹਿਸ ਤੋਂ ਬਾਅਦ 15 ਰੁਪਏ ਪ੍ਰਤੀ ਜਾਨਵਰ ਦੇ ਹਿਸਾਬ ਨਾਲ ਰਕਮ ਦੇਣ ਦਾ ਮਤਾ ਪਾਸ ਕੀਤਾ ਗਿਆ। ਇਸ ਮੌਕੇ ਕੌਂਸਲਰ ਹਰਵਿੰਦਰ ਕੌਂਰ ਲੰਗ ਨੇ ਕਿਹਾ ਕਿ ਗਊਸ਼ਾਲਾ ਲਈ ਹਰ ਵਾਰ ਮਤੇ ਤਾਂ ਪਾਸ ਕਰਵਾਏ ਜਾਂਦੇ ਹਨ ਪ੍ਰੰਤੂ ਸ਼ਹਿਰ ਵਿੱਚ ਫਿਰਦੀਆਂ ਅਵਾਰਾ ਗਊਆਂ ਦੀ ਸਮੱਸਿਆ ਹੋਰ ਵੀ ਵੱਧਦੀ ਜਾਂਦੀ ਹੈ। ਇਸ ਮੌਕ ਸ੍ਰੀ ਚੰਨਾ ਨੇ ਕਿਹਾ ਕਿ ਸਿਆਸੀ ਬੰਦੇ ਹੀ ਆਵਾਰਾ ਪਸ਼ੂਆਂ ਦੇ ਖਿਲਾਫ ਕਾਰਵਾਈ ਵਿੱਚ ਰੁਕਾਵਟ ਬਣਦੇ ਹਨ ਅਤੇ ਸਾਰੇ ਕੌਂਸਲਰਾਂ ਨੂੰ ਇੱਕ ਮਤ ਹੋ ਕੇ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਅਜਿਹੀ ਕੋਈ ਸਿਫਾਰਿਸ਼ ਨਹੀਂ ਕਰਨਗੇ। ਕੌਂਸਲਰ ਆਰ ਪੀ ਸ਼ਰਮਾ ਅਤੇ ਅਰੁਣ ਸ਼ਰਮਾ ਵੱਲੋਂ ਗਊਸ਼ਾਲਾ ਲਈ ਬਣਦੀ ਮਦਦ ਦੇ ਤੇ ਜੋਰ ਪਾਉਣ ਤੋਂ ਬਾਅਦ ਹਾਉਸ ਵੱਲੋਂ 15 ਰੁਪਏ ਪ੍ਰਤੀ ਜਾਨਵਰ ਦੇ ਹਿਸਾਬ ਨਾਲ ਅਦਾਇਗੀ ਦਾ ਮਤਾ ਪਾਸ ਕੀਤਾ ਗਿਆ। ਮੀਟਿੰਗ ਵਿੱਚ ਟੇਬਲ ਆਈਟਮ ਵਜੋਂ ਪਾਏ ਗਏ ਤਿੰਨ ਸਰਕਾਰੀ ਸਕੂਲਾਂ ਦੀ ਮੁਰਮੰਤ ਅਤੇ ਨਵੇਂ ਕਮਰਿਆਂ ਦੀ ਉਸਾਰੀ ਦੇ ਮਤੇ ਬਾਰੇ ਬੋਲਦਿਆਂ ਕੌਂਸਲਰ ਗੁਰਮੀਤ ਸਿੰਘ ਵਾਲੀਆ ਨੇ ਕਿਹਾ ਕਿ ਸ਼ਹਿਰ ਦੇ ਸਾਰੇ ਸਰਕਾਰੀ ਸਕੂਲਾਂ ਨੂੰ ਲੋੜੀਂਦੀਆਂ ਸਹੂਲਤਾਂ ਦੇਣ ਬਾਰੇ ਮਤਾ ਪਾਸ ਕਰਨਾ ਚਾਹੀਦਾ ਹੈ ਅਤੇ ਸ਼ਹਿਰ ਦੇ ਸਾਰੇ ਸਕੂਲਾਂ ਵਿੱਚ ਨਿਗਮ ਵੱਲੋਂ ਲੋੜੀਂਦੇ ਕੰਮ ਕਰਵਾਏ ਜਾਣੇ ਚਾਹੀਦੇ ਹਨ। ਇਸ ’ਤੇ ਮੇਅਰ ਨੇ ਕਿਹਾ ਕਿ ਉਹ ਇਸ ਨਾਲ ਸਹਿਮਤ ਹਨ ਅਤੇ ਨਿਗਮ ਨੂੰ ਜਿਸ ਵੀ ਸਕੂਲ ਬਾਰੇ ਦੱਸਿਆ ਜਾਵੇਗਾ ਉਸਦਾ ਕੰਮ ਕਰਵਾਇਆ ਜਾਵੇਗਾ। ਮੀਟਿੰਗ ਦੌਰਾਨ ਕੌਂਸਲਰ ਕਮਲਜੀਤ ਸਿੰਘ ਰੂਬੀ ਨੇ ਨੇਚਰ ਪਾਰਕ ਵਿੱਚ ਦਰਖਤਾਂ ਨੂੰ ਲੱਗੀ ਸਿਊਂਕ ਦਾ ਮੁੱਦਾ ਚੁੱਕਿਆ ਜਿਸ ’ਤੇ ਮੇਅਰ ਨੇ ਤੁਰੰਤ ਕਾਰਵਾਈ ਦਾ ਭਰੋਸਾ ਦਿੱਤਾ। ਕੌਂਸਲਰ ਸਤਵੀਰ ਸਿੰਘ ਧਨੋਆ ਨੇ ਸ਼ਹਿਰ ਵਿੱਚ ਖੁੱਲੇਆਮ ਤੰਬਾਕੂਨੋਸ਼ੀ ਦੇ ਸਮਾਨ ਵੇਚਣ ਵਾਲੀਆਂ ਫੜੀਆਂ ਦਾ ਮੁੱਦਾ ਚੁੱਕਦਿਆਂ ਕਿ ਕਾਨੂੰਨ ਅਨੁਸਾਰ ਜਨਤਕ ਥਾਵਾਂ ਤੇ ਰੋਕ ਦੇ ਬਾਵਜੂਦ ਇਸ ਤਰੀਕੇ ਨਾਲ ਤੰਬਾਕੂਨੋਸ਼ੀ ਦਾ ਸਮਾਨ ਵੇਚਣ ਵਾਲਿਆਂ ਦਾ ਇਹ ਸਾਮਾਨ ਜਬਤ ਕਰਵਾਇਆ ਜਾਵੇ। ਇਸ ਗੱਲ ਤੇ ਹਾਊਸ ਵਲੋੱ ਸਹਿਮਤੀ ਜਾਹਿਰ ਕੀਤੀ ਗਈ ਅਤੇ ਮੇਅਰ ਵਲੋੱ ਮੌਕੇ ਤੇ ਹੀ ਕਮਿਸ਼ਨਰ ਨੂੰ ਇਸ ਸੰਬੰਧੀ ਲੋੜੀਂਦੀ ਕਾਰਵਾਈ ਆਰੰਭਣ ਲਈ ਕਿਹਾ ਗਿਆ। ਇਸ ਦੌਰਾਨ ਨਗਰ ਨਿਗਮ ਦੇ ਇੱਕ ਜੇਈ ਸੁਰਿਦਰ ਗੋਇਲ ਵੱਲੋਂ ਕੌਂਸਲਰਾਂ ਦੀ ਗੱਲ ਨਾ ਸੁਣਨ ਅਤੇ ਕੋਈ ਵੀ ਕੰਮ ਕਹਿਣ ਤੇ ਬਹਾਨੇਬਾਜੀ ਦਾ ਇਲਜਾਮ ਲਗਾਉੱਦਿਆਂ ਕੌਂਸੋਲਰਾਂ ਹਰਦੀਪ ਸਿੰਘ ਸਰਾਓ, ਗੁਰਮੀਤ ਸਿੰਘ ਵਾਲੀਆ, ਭਾਰਤ ਭੂੇਸ਼ਣ ਮੈਣੀ, ਗੁਰਮੁਖ ਸਿੰਘ ਸੋਹਲ ਨੇ ਕਿਹਾ ਕਿ ਇਹ ਜੇਈ ਜਾਂ ਤਾਂ ਉਹਨਾਂ ਦਾ ਫੋਨ ਹੀ ਨਹੀਂ ਚੁੱਕਦਾ ਜਾਂ ਫਿਰ ਬਹਾਨਾ ਬਣਾ ਕੇ ਫੋਨ ਕੱਟ ਦਿੰਦਾ ਹੈ ਅਤੇ ਜੇਕਰ ਗੱਲ ਵੀ ਜਾਵੇ ਤਾਂ ਉਹਨਾਂ ਨੂੰ ਕੋਈ ਹੋਰ ਬਹਾਨਾ ਲਗਾ ਦਿੰਦਾ ਹੈ ਜਿਵੇਂ ਲੇਬਰ ਨਹੀਂ ਹੈ, ਅੌਜਾਰ ਨਹੀਂ ਹਨ ਜਾਂ ਮੈਂ ਹੁਣੇ ਕਰਵਾਉਂਦਾ ਹਾਂ। ਇਸ ਮੌਕੇ ਡਿਪਟੀ ਮੇਅਰ ਨੇ ਵੀ ਇਸ ਜੇਈ ਦੇ ਵਤੀਰੇ ਦੀ ਨਿਖੇਧੀ ਕੀਤੀ ਜਿਸ ਤੋਂ ਬਾਅਦ ਮੇਅਰ ਵੱਲੋਂ ਜੇਈ ਨੂੰ ਮੌਕੇ ’ਤੇ ਆਪਣੀ ਕਾਰਗੁਜ਼ਾਰੀ ਵਿੱਚ ਸੁਧਾਰ ਲਈ ਇੱਕ ਮਹੀਨੇ ਦਾ ਅਲਟੀਮੇਟਮ ਦਿੱਤਾ ਗਿਆ। ਮੇਅਰ ਨੇ ਸਪੱਸ਼ਟ ਕਿਹਾ ਕਿ ਜੇਕਰ ਇਸ ਦੌਰਾਨ ਜੇਈ ਨੇ ਆਪਣੇ ਕੰਮ ਵਿੱਚ ਸੁਧਾਰ ਨਹੀਂ ਲਿਆਂਦਾ ਤਾਂ ਉਨ੍ਹਾਂ ਦੇ ਖ਼ਿਲਾਫ਼ ਵਿਭਾਗੀ ਕਾਰਵਾਈ ਲਈ ਸਰਕਾਰ ਨੂੰ ਲਿਖਿਆ ਜਾਵੇਗਾ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਮੀਟਿੰਗ ਪੂਰੀ ਤਰ੍ਹਾਂ ਕਾਮਯਾਬ ਰਹੀ ਹੈ ਅਤੇ ਕੌਂਸਲਰਾਂ ਨ ਸ਼ਹਿਰ ਦੇ ਵਿਕਾਸ ਨਾਲ ਜੁੜੀ ਹਾਂ ਪੱਖੀ ਬਹਿਸ ਕੀਤੀ ਹੈ ਜਿਸਤੋੱ ਬਾਅਦ ਸਾਰੇ ਮਤੇ ਸਰਵਸੰਮਤੀ ਨਾਲ ਪਾਸ ਕੀਤੇ ਗਏ ਹਨ। ਮੇਅਰ ਕੁਲਵੰਤ ਸਿੰਘ ਨੂੰ ਸਦਮਾ, ਭੈਣ ਦੀ ਮੌਤ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਿਆ ਜਦੋੱ ਉਹਨਾਂ ਦੇ ਵੱਡੇ ਭੈਣ ਮਾਤਾ ਪਿਆਰ ਕੌਰ (70 ਸਾਲ) ਬੀਤੇ ਦਿਨ ਸਵਰਗ ਸਿਧਾਰ ਗਏ। ਉਹਨਾਂ ਦਾ ਅੰਤਮ ਸਸਕਾਰ ਬਨੂੰੜ ਵਿਖੇ ਕੀਤਾ ਗਿਆ। ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਸ੍ਰੀ ਗਰੂ ਗ੍ਰੰਥ ਸਾਹਿਬ ਦੇ ਪਾਠ ਦਾ ਭੋਗ ਅਤੇ ਅੰਤਮ ਅਰਦਾਸ ਐਤਵਾਰ (3 ਦਸੰਬਰ) ਨੂੰ ਬਨੂੜ ਵਿੱਚ ਹੋਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ