ਮੁਹਾਲੀ ਨਗਰ ਨਿਗਮ ਦੀ ਮੀਟਿੰਗ ਵਿੱਚ ਨਵਜੋਤ ਸਿੱਧੂ ਦੇ ਖ਼ਿਲਾਫ਼ ਨਿਖੇਧੀ ਮਤਾ ਪਾਸ

ਪੰਜਾਬ ਸਰਕਾਰ ਦੀ ਕਾਰਵਾਈ ਸਮੁੱਚੇ ਹਾਊਸ ਦੀ ਬੇਇੱਜਤੀ ਕਰਾਰ, ਕਈ ਅਕਾਲੀ ਕੌਂਸਲਰ ਰਹੇ ਗ਼ੈਰ ਹਾਜ਼ਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਜਨਵਰੀ:
ਮੁਹਾਲੀ ਨਗਰ ਨਿਗਮ ਦੀ ਅੱਜ ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸਥਾਨਕ ਸਰਕਾਰ ਵਿਭਾਗ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਖ਼ਿਲਾਫ਼ ਨਿਖੇਧੀ ਮਤਾ ਪਾਸ ਕੀਤਾ ਗਿਆ। ਬੀਤੀ ਸ਼ਾਮ ਸਥਾਨਕ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ (ਜਿਸ ਵਿੱਚ ਨਿਗਮ ਦੇ ਦੋ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੇ ਨਾਲ ਨਾਲ ਨਿਗਮ ਦੇ ਮੇਅਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ) ਖ਼ਿਲਾਫ਼ ਰੋਹ ਵਿੱਚ ਆਏ ਮੈਂਬਰਾਂ ਅਤੇ ਮੇਅਰ ਨੇ ਸਰਕਾਰ ਦੇ ਖ਼ਿਲਾਫ਼ ਖੁੱਲ੍ਹ ਕੇ ਭੜਾਸ ਕੱਢੀ ਅਤੇ ਇਸ ਕਾਰਵਾਈ ਨੂੰ ਰਾਜਸੀ ਬਦਲੇਖੋਰੀ ਦੇ ਤਹਿਤ ਕੀਤੀ ਗਈ ਕਾਰਵਾਈ ਕਰਾਰ ਦਿੱਤਾ। ਇਸ ਮੌਕੇ ਮੈਂਬਰਾਂ ਨੇ ਇਸ ਪੂਰੇ ਮਾਮਲੇ ਨੂੰ ਹਾਉਸ ਦੀ ਮਰਿਆਦਾ ਅਤੇ ਮਾਣ ਨਾਲ ਜੋੜਦਿਆਂ ਕਿਹਾ ਕਿ ਜਿਸ ਟਰੀ ਪਰੂਮਿੰਗ ਮਸ਼ੀਨ ਦੇ ਸੌਦੇ ਦੀ ਜਾਂਚ ਦੇ ਨਾਮ ਤੇ ਇਹ ਸਾਰੀ ਕਾਰਵਾਈ ਕੀਤੀ ਗਈ ਹੈ ਉਹ ਮਸ਼ੀਨ ਨੂੰ ਖਰੀਦਣ ਦਾ ਮਤਾ ਹਾਊਸ ਦੀ ਮੀਟਿੰਗ ਵਿੱਚ ਸਰਵਸੰਮਤੀ ਨਾਲ ਪਾਸ ਕੀਤਾ ਗਿਆ ਸੀ ਅਤੇ ਹਲਕਾ ਵਿਧਾਇਕ ਸਮੇਤ ਸਮੂਹ ਕਾਂਗਰਸੀ ਕੌਂਸਲਰਾਂ ਵਲੋੱ ਵੀ ਇੱਕ ਸੁਰ ਹੋ ਕੇ ਇਸ ਸੰਬੰਧੀ ਹਾਮੀ ਭਰੀ ਸੀ ਅਤੇ ਅੱਜ ਸਿਆਸੀ ਬਦਲੇਖੋਰੀ ਲਈ ਇਸ ਤਰੀਕੇ ਨਾਲ ਹਾਊਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਮੌਕੇ ਅਕਾਲੀ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਵੱਲੋਂ ਮੰਤਰੀ ਦੇ ਖਿਲਾਫ ਨਿਖੇਧੀ ਮਤਾ ਲਿਆਉਣ ਦੀ ਮੰਗ ਕੀਤੀ ਗਈ। ਜਿਸਦੀ ਆਰ.ਪੀ. ਸ਼ਰਮਾ ਅਤੇ ਫੂਲਰਾਜ ਸਿੰਘ ਵੱਲੋਂ ਤਾਈਦ ਕੀਤੀ ਗਈ ਅਤੇ ਇਸ ਮੁੱਦੇ ’ਤੇ ਭਾਵੁਕ ਹੁੰਦਿਆਂ ਕਿਹਾ ਗਿਆ ਕਿ ਸਰਕਾਰ ਸਾਰੀਆਂ ਹੱਦਾਂ ਪਾਰ ਕਰ ਗਈ ਹੈ। ਕੌਂਸਲਰਾਂ ਨੇ ਕਿਹਾ ਕਿ ਜਿਸ ਮਸ਼ੀਨ ਬਾਰੇ ਕਿੰਤੂ ਪਰੰਤੂ ਕੀਤੇ ਜਾ ਰਹੇ ਹਨ ਅਤੇ ਵਿਜੀਲੈਂਸ ਵੱਲੋਂ ਜਾਂਚ ਦੀ ਗੱਲ ਕੀਤੀ ਜਾ ਰਹੀ ਹੈ ਅਸਲ ਵਿੱਚ ਉਹ ਜਾਂਚ ਕਦੇ ਕੀਤੀ ਹੀ ਨਹੀਂ ਗਈ। ਇਸ ਮੌਕੇ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਜਿਸ ਅਧਿਕਾਰੀ ਵੱਲੋਂ ਜਾਂਚ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਉਸਨੇ ਕਿਸ ਹਿਸਾਬ ਨਾਲ ਜਾਂਚ ਕੀਤੀ ਹੈ ਇਹ ਤਾਂ ਉਹ ਅਧਿਕਾਰੀ ਹੀ ਜਾਣਦਾ ਹੈ ਪਰੰਤੂ ਉਹਨਾਂ ਨੂੰ ਕਦੇ ਵੀ ਜਾਂਚ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਅਤੇ ਨਾ ਹੀ ਜਾਂਚ ਦੀ ਕੋਈ ਜਾਣਕਾਰੀ ਦਿੱਤੀ ਗਈ। ਉਹਨਾਂ ਕਿਹਾ ਕਿ ਪਹਿਲਾਂ ਸਰਕਾਰ ਵੱਲੋਂ ਉਹਨਾਂ ਨੂੰ ਅਹੁਦੇ ਤੋਂ ਮੁਅੱਤਲ ਕਰਨ ਵਾਲਾ ਬਿਆਨ ਜਾਰੀ ਕਰ ਦਿੱਤਾ ਗਿਆ ਅਤੇ ਦੋ ਘੰਟੇ ਬਾਅਦ ਫਿਰ ਸਰਕਾਰੀ ਬਿਆਨ ਨੂੰ ਬਦਲ ਕੇ ਕਾਰਨ ਦੱਸੋ ਨੋਟਿਸ ਵਿੱਚ ਤਬਦੀਲ ਕਰ ਦਿੱਤਾ ਗਿਆ। ਉਹ ਦੋ ਘੰਟ ਉਹਨਾਂ ਉੱਪਰ ਕਿਸ ਕਦਰ ਭਾਰੀ ਰਹੇ ਅਤੇ ਉਹ ਕਿੰਨੇ ਮਾਨਸਿਕ ਤਨਾਓ ’ਚੋਂ ਲੰਘੇ ਇਸਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਮੰਤਰੀ ਨੇ ਉਹਨਾਂ ਨੂੰ ਭ੍ਰਿਸ਼ਟ ਕਰਾਰ ਦੇ ਦਿੱਤਾ ਜਿਸ ਕਾਰਨ ਉਹਨਾਂ ਦਾ ਵੱਡਾ ਨੁਕਸਾਨ ਹੋਇਆ ਹੈ ਅਤੇ ਉਹ ਇਸ ਕਾਰਵਾਈ ਕਰਕੇ ਸਥਾਨਕ ਸਰਕਾਰ ਵਿਭਾਗ ਦੇ ਮੰਤਰੀ ਦੇ ਖਿਲਾਫ ਮਾਨਹਾਨੀ ਦਾ ਦਾਅਵਾ ਦਾਇਰ ਕਰਣਗੇ।
ਇਸ ਮੌਕੇ ਕਾਂਗਰਸ ਪਾਰਟੀ ਦੇ ਕੌਂਸਲਰਾਂ ਵਲੋੱ ਇਹ ਦਲੀਲ ਦਿੱਤੀ ਗਈ ਕਿ ਹਾਊਸ ਨੂੰ ਕੁੜੱਤਣ ਛੱਡ ਕੇ ਵਿਕਾਸ ਦੇ ਕੰਮ ਵੱਲ ਧਿਆਨ ਦੇਣਾ ਚਾਹੀਦਾ ਹੈ ਪਰੰਤੂ ਸ੍ਰੀ ਆਰ ਪੀ ਸ਼ਰਮਾ, ਫੂਲਰਾਜ ਸਿੰਘ ਅਤੇ ਪਰਮਜੀਤ ਸਿੰਘ ਕਾਹਲੋੱ ਨੇ ਕਿਹਾ ਕਿ ਪਹਿਲਾਂ ਮੰਤਰੀ ਦੇ ਖਿਲਾਫ ਨਿਖੇਧੀ ਮਤਾ ਪਾਸ ਹੋਵੇਗਾ ਅਤੇ ਉਸਤੋੱ ਬਾਅਦ ਹੀ ਹਾਉਸ ਦੀ ਕਾਰਵਾਈ ਅੱਗੇ ਵਧੇਗੀ। ਇਸ ਮੌਕੇ ਮੇਅਰ ਨੇ ਕਿਹਾ ਕਿ ਜਿਹੜੇ ਕੌਂਸਲਰਾਂ ਨੂੰ ਇਸਤੇ ਇਤਰਾਜ ਹੈ ਉਹ ਆਪਣਾ ਇਤਰਾਜ ਦਰਜ ਕਰਵਾ ਸਕਦੇ ਹਨ ਜਿਸਤੋਂ ਬਾਅਦ ਮੰਤਰੀ ਦੇ ਖਿਲਾਫ ਨਿਖੇਧੀ ਮਤਾ ਬਹੁਸਮੰਤੀ ਨਾਲ ਪਾਸ ਕਰ ਦਿੱਤਾ ਗਿਆ।
ਇਸ ਮੌਕੇ ਮੇਅਰ ਨੇ ਕਿਹਾ ਕਿ ਸਰਕਾਰ ਵੱਲੋਂ ਇਸ ਪਰੂਮਿੰਗ ਮਸ਼ੀਨ ਦੀ ਜਿਹੜੀ ਕੀਮਤ ਦੱਸੀ ਜਾ ਰਹੀ ਹੈ ਉਹ ਤਰਕ ਸੰਗਤ ਨਹੀਂ ਹੈ। ਉਹਨਾਂ ਕਿਹਾ ਕਿ ਇਸ ਮਸ਼ੀਨ ਦੀ ਕੀਮਤ ਪੌਣੇ ਦੋ ਕਰੋੜ ਰੁਪਏ ਨਹੀਂ ਹੈ ਬਲਕਿ ਕੁਲ 88 ਲੱਖ ਹੈ ਅਤੇ ਇਸ ਵਿੱਚ ਅਰਜੈਨਟੀਨਾ ਤੋਂ ਮੰਗਵਾ ਕੇ ਵੱਡਾ ਟ੍ਰੈਕਟਰ ਲੱਗਣਾ ਹੈ। ਇਸ ਮਸ਼ੀਨ ਵਿੱਚ ਕਈ ਤਰ੍ਹਾਂ ਦੀਆਂ ਅਸੈਸਰੀਜ ਲੱਗਣੀਆਂ ਹਨ ਅਤੇ 60 ਲੱਖ ਰੁਪਏ ਤਾਂ ਐਕਸਾਈਜ ਡਿਊਟੀ ਦੇ ਹਨ ਜਿਹੜੇ ਕੇੱਦਰ ਸਰਕਾਰ ਨੂੰ ਜਾਣੇ ਹਨ। ਉਹਨਾਂ ਕਿਹਾ ਕਿ ਵੱਖ ਵੱਖ ਕੰਪਨੀਆਂ, ਵੱਖ ਵੱਖ ਉਤਪਾਦ ਬਣਾਉੱਦੀਆਂ ਹਨ ਅਤੇ ਇਹਨਾਂ ਵਿੱਚ ਵੱਡਾ ਫਰਕ ਹੁੰਦਾ ਹੈ ਪਰੰਤੂ ਸਰਕਾਰੀ ਅਧਿਕਾਰੀ ਅਤੇ ਮੰਤਰੀ ਤਾਂ ਗਧਾ ਘੋੜਾ ਇੱਕ ਬਰਾਬਰ ਕਰਨ ਤੇ ਤੁਲੇ ਹੋਏ ਹਨ। ਉਹਨਾਂ ਕਿਹਾ ਕਿ ਮੰਤਰੀ ਦਾ ਇਹ ਕਹਿਣਾ ਕਿ ਭਾਰਤ ਵਿੱਚ ਇਹ ਮਸ਼ੀਨ 28 ਲੱਖ ਵਿੱਚ ਮਿਲਦੀ ਹੈ ਪੁਰੀ ਤਰ੍ਹਾਂ ਝੂਠ ਹੈ। ਇਸ ਕੀਮਤ ਵਿੱਚ ਜੁਗਾੜ ਤਾਂ ਬਣ ਸਕਦਾ ਹੈ ਪਰੰਤੂ ਮਸ਼ੀਨ ਨਹੀਂ ਮਿਲ ਸਕਦੀ।
ਉਹਨਾਂ ਕਿਹਾ ਕਿ ਸਰਕਾਰ ਵੱਲੋਂ ਨਿਗਮ ਦੇ ਕੰਮਾਂ ਵਿੱਚ ਬੇਲੋੜੀ ਦਖਲਅੰਦਾਜੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਨਿਗਮ ਵੱਲੋਂ ਜਦੋਂ ਗਮਾਡਾ ਤੋਂ ਪਾਰਕ ਲਏ ਗਏ ਸੀ ਉਦੋਂ ਗਮਾਡਾ ਦੇ ਪੈਟਰਨ ਤੇ ਹੀ ਠੇਕੇਦਾਰ ਨਾਲ ਕਰਾਰ ਕੀਤਾ ਸੀ ਪਰੰਤੂ ਵਿਭਾਗ ਦੇ ਅਧਿਕਾਰੀਆਂ ਨੇ ਇਸ ਵਿੱਚ 40 ਫੀਸਦੀ ਦਾ ਕੱਟ ਲਗਾ ਦਿੱਤਾ ਜਿਸ ਕਾਰਨ ਸ਼ਹਿਰ ਦੇ ਪਾਰਕਾਂ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਇਸ ਮੌਕੇ ਮੈਂਬਰਾਂ ਨੇ ਕਿਹਾ ਕਿ ਸਰਕਾਰ ਵੱਲੋਂ ਸਿਆਸੀ ਬਦਲੇ ਖੋਰੀ ਤਹਿਤ ਨਿਗਮ ਵੱਲੋਂ ਪਾਸ ਮਤਿਆਂ ਤੇ ਬਿਨਾ ਵਜ੍ਹਾ ਰੋਕ ਲਗਾ ਕੇ ਸ਼ਹਿਰ ਦੇ ਕੰਮ ਰੋਕੇ ਜਾ ਰਹੇ ਹਨ। ਇਸਦੇ ਜਵਾਬ ਵਿੱਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਜਿੰਦਰ ਸਿੰਘ ਰਾਣਾ ਨੇ ਕਿਹਾ ਕਿ ਅੱਜ ਮਿੱਠੀਆਂ ਗੱਲਾਂ ਕਰਨ ਵਾਲੇ ਅਕਾਲੀ ਦਲ ਦੇ ਕੌਂਸਲਰ ਦੱਸਣ ਕਿ ਉਹਨਾਂ ਦੇ ਕਾਰਜਕਾਲ ਦੌਰਾਨ ਸਰਕਾਰ ਵੱਲੋਂ ਮਤਿਆਂ ਤੇ ਰੋਕ ਕੌਣ ਲਗਵਾਉੱਦਾ ਸੀ।
ਹਾਊਸ ਵੱਲੋਂ ਮੰਤਰੀ ਦੇ ਖਿਲਾਫ ਨਿਖੇਧੀ ਮਤਾ ਪਾਸ ਕਰਨ ਤੋਂ ਬਾਅਦ ਮੀਟਿੰਗ ਦੀ ਕਾਰਵਾਈ ਅੱਗੇ ਵਧੀ ਅਤੇ ਅਜੈਂਡੇ ਵਿੱਚ ਪੇਸ਼ ਕੀਤੇ ਗਏ ਮਤੇ ਇੱਕ ਇੱਕ ਕਰਕੇ ਪਾਸ ਕਰ ਦਿਤੇ ਗਏ। ਇਸ ਮੌਕੇ ਮੈਂਬਰਾਂ ਵਲੋੱ ਆਪਣੇ ਆਪਣੇ ਵਾਰਡਾਂ ਦੇ ਮੁੱਦੇ ਵੀ ਚੁੱਕੇ ਗਏ। ਮੈਂਬਰਾਂ ਵਲੋੱ ਚੁੱਕੇ ਗਏ ਆਵਾਰਾ ਪਸ਼ੂਆਂ ਦੇ ਮੁੱਦੇ ਤੇ ਵੀ ਕਾਫੀ ਚਰਚਾ ਹੋਈ ਅਤੇ ਮੇਅਰ ਨੇ ਕਿਹਾ ਕਿ ਨਿਗਮ ਵਲੋੱ ਇਸ ਸੰਬੰਧੀ ਕਈ ਕਦਮ ਚੁੱਕੇ ਗਏ ਹਨ ਅਤੇ ਇਸ ਸੰਬੰਧੀ ਪਹਿਲਾਂ ਕਰਮਚਾਰੀ ਦੀ ਬਦਲੀ ਵੀ ਕੀਤੀ ਜਾ ਚੁੱਕੀ ਹੈ ਪਰੰਤੂ ਹਾਲਾਤ ਵਿੱਚ ਕੋਈ ਫਰਕ ਨਹੀਂ ਪਿਆ, ਇਸ ’ਤੇ ਕਮਿਸ਼ਨਰ ਸੰਦੀਪ ਹੰਸ ਨੇ ਕਿਹਾ ਕਿ ਇਸ ਸੰਬੰਧੀ ਪਿੰਡਾਂ ਵਿੱਚ ਪਸ਼ੂ ਮਾਲਕਾਂ ਨੂੰ ਨੋਟਿਸ ਦਿੱਤੇ ਗਏ ਹਨ ਜਿਸਦੀ ਮਿਆਦ ਸੱਤ ਜਨਵਰੀ ਨੂੰ ਖਤਮ ਹੋ ਰਹੀ ਹੈ ਜਿਸ ਤੋਂ ਬਾਅਦ ਨਿਗਮ ਵੱਲੋਂ ਪਸ਼ੂ ਮਾਲਕਾਂ ਦੇ ਖਿਲਾਫ ਧਾਰਾ 188 ਤਹਿਤ ਮਾਮਲੇ ਦਰਜ ਕਰਵਾਏ ਜਾਣਗੇ।
ਮੀਟਿੰਗ ਦੌਰਾਨ ਸਤਵੀਰ ਸਿੰਘ ਧਨੋਆ ਨੇ ਸੈਕਟਰ 66 ਤੋਂ 69 ਵਿੱਚ ਸਰਕਾਰੀ ਡਿਸਪੈਂਸਰੀ ਨਾ ਹੋਣ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਸੈਕਟਰ 69 ਵਿੱਚ ਡਿਸਪੈਂਸਰੀ ਵਾਸਤੇ ਗਮਾਡਾ ਵਲੋੱ ਜਮੀਨ ਮਾਰਕ ਕੀਤੀ ਗਈ ਹੈ ਜਿਸਤੇ ਡਿਸਪੈਂਸਰੀ ਬਣਾਉਣ ਦੀ ਕਾਰਵਾਈ ਆਰੰਭ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਕੌਂਸਲਰ ਅਮਰੀਕ ਸਿੰਘ ਸੋਮਲ ਨੇ ਵੀ ਸੈਕਟਰ 71 ਵਿੱਚ ਡਿਸਪੈਂਸਰੀ ਲਈ ਰਾਖਵੀ ਥਾਂ ਤੇ ਡਿਸਪੈਂਸਰੀ ਦੀ ਉਸਾਰੀ ਦਾ ਮੁੱਦਾ ਚੁੱਕਿਆ। ਇਸ ਮੌਕੇ ਸ੍ਰ ਧਨੋਆ ਨੇ ਸ਼ਹਿਰ ਵਿੱਚ ਖੁੱਲੇਆਮ ਹੁੰਦੀ ਤੰਬਾਕੂਨੋਸ਼ੀ ਦੇ ਸਾਮਾਨ ਦੀ ਵਿਕਰੀ ਦਾ ਮੁੱਦਾ ਚੁੱਕਿਆ ਅਤੇ ਮੰਗ ਕੀਤੀ ਕਿ ਇਸਤੇ ਰੋਕ ਲਗਾਈ ਜਾਵੇ ਜਿਸਤੇ ਮੇਅਰ ਨੇ ਸਬੰਧਤ ਅਧਿਕਾਰੀਆਂ ਨੂੰ ਹਿਦਾਇਤਾਂ ਜਾਰੀ ਕੀਤੀਆਂ ਕਿ ਇਸ ਸੰਬੰਧੀ ਲਗਾਤਾਰ ਕਾਰਵਾਈ ਕੀਤੀ ਜਾਵੇ। ਕੌਂਸਲਰ ਹਰਦੀਪ ਸਿੰਘ ਸਰਾਓ ਨੇ ਗੈਸ ਸਲਿੰਡਰ ਦੇਣ ਵਾਲੀਆਂ ਟ੍ਰਾਲੀਆਂ ਵਾਲਿਆਂ ਵਲੋੱ ਸੜਕਾਂ ਤੇ ਸਲਿੰਡਰ ਸੁੱਟੇ ਜਾਣ ਕਾਰਨ ਸੜਕਾਂ ਨੂੰ ਹੋਣ ਵਾਲ ਨੁਕਸਾਨ ਦਾ ਮੁੱਦਾ ਚੁੱਕਿਆ। ਕੌਂਸਲਰ ਗੁਰਮੁਖ ਸਿੰਘ ਸੋਹਲ ਨੇ ਫੇਜ਼ 4 ਵਿੱਚ ਬੂਸਟਰ ਪੰਪ ਲਗਾਉਣ ਦਾ ਮੁੱਦਾ ਚੁੱਕਿਆ।
ਕੌਂਸਲਰ ਅਰੁਣ ਸ਼ਰਮਾ ਨੇ ਫੇਜ਼ 5 ਵਿੱਚ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਦੀ ਮੰਗ ਕੀਤੀ। ਕੌਂਸਲਰ ਪਰਮਜੀਤ ਸਿੰਘ ਕਾਹਲੋੱ ਨੇ ਬਾਥਰੂਮਾਂ ਦੇ ਠੇਕੇਦਾਰ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਅਤ ਫੇਜ਼ 7 ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦਾ ਮੁੱਦਾ ਚੁੱਕਿਆ। ਕੌਂਸਲਰ ਬੌਬੀ ਕੰਬੋਜ ਨੇ ਸੈਕਟਰ 68 ਵਿੱਚ ਬਣੇ ਕੂੜੇਦਾਨ ਨੂੰ ਤਬਦੀਲ ਕਰਨ ਅਤੇ ਆਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਹਲ ਕਰਨ ਦੀ ਮੰਗ ਕੀਤੀ। ਕੌਂਸਲਰ ਕਮਲਜੀਤ ਸਿੰਘ ਰੂਬੀ ਨੇ ਬਰਸਾਤੀ ਨਾਲੇ ਦੀ ਸਫਾਈ ਅਤੇ ਝਾੜੀਆਂ ਕਟਵਾਉਣ ਦਾ ਮੁੱਦਾ ਚੁੱਕਿਆ। ਕੌਂਸਲਰ ਹਰਪਾਲ ਸਿੰਘ ਚੰਨਾ ਨੇ ਵੀ ਆਵਾਰਾ ਕੁੱਤਿਆਂ ਅਤੇ ਪਸ਼ੂਆਂ ਦਾ ਮੁੱਦਾ ਚੁੱਕਿਆ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…