
ਮੁਹਾਲੀ ਨਗਰ ਨਿਗਮ ਦੀ ਮੀਟਿੰਗ ਵਿੱਚ ਬੁੱਚੜਖਾਨਾ ਬਣਾਉਣ ਤੇ ਨਾਜਾਇਜ਼ ਰੇਹੜੀਆਂ ਨੂੰ ਲੈ ਕੇ ਹੰਗਾਮਾ
ਸੋਹਾਣਾ ਦੀ ਜ਼ਮੀਨ ਨੂੰ ਨਗਰ ਨਿਗਮ ਦੀ ਹੱਦ ਵਿੱਚ ਸ਼ਾਮਲ ਕਰਨ ਦਾ ਵਿਰੋਧੀ ਧਿਰ ਨੇ ਕੀਤਾ ਤਿੱਖਾ ਵਿਰੋਧ, ਬਹੁਸੰਮਤੀ ਨਾਲ ਮਤਾ ਪਾਸ
ਰਿਹਾਇਸ਼ੀ ਖੇਤਰ ਵਿੱਚ ਘਰਾਂ ’ਚੋਂ ਕੂੜਾ ਕਰਕਟ ਚੁੱਕਣ ਲਈ ਰੇਟ ਤੈਅ, ਆਵਾਰਾ ਕੁੱਤਿਆਂ ਦੀ ਨਸਬੰਦੀ ਸਬੰਧੀ 3 ਮੈਂਬਰੀ ਕਮੇਟੀ ਕਾਇਮ
ਸ਼ਮਲਾਤ ਜ਼ਮੀਨਾਂ ’ਤੇ ਕਾਬਜ਼ ਹੋਣ ਲਈ ਭੂ ਮਾਫ਼ੀਆ ਯਤਨਸ਼ੀਲ: ਪਰਵਿੰਦਰ ਸੋਹਾਣਾ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 27 ਮਈ:
ਮੁਹਾਲੀ ਨਗਰ ਨਿਗਮ ਦੀ ਅੱਜ ਮੇਅਰ ਕੁਲਵੰਤ ਸਿਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸ਼ਹਿਰ ਵਿੱਚ ਮਾਡਰਨ ਸਲਾਟਰ ਹਾਊਸ (ਬੁੱਚੜਖਾਨਾ) ਮੁੜ ਸ਼ੁਰੂ ਕਰਨ, ਨਾਜਾਇਜ਼ ਰੇਹੜੀਆਂ, ਆਵਾਤਾ ਕੁੱਤਿਆਂ ਅਤੇ ਸੋਹਾਣਾ ਦੀ ਜ਼ਮੀਨ ਨਿਗਮ ਅਧੀਨ ਲੈਣ ਦੇ ਮੁੱਦੇ ’ਤੇ ਭਖਵੀਂ ਬਹਿਸ ਹੋਈ ਜਦੋਂ ਕਿ
ਵਿਕਾਸ ਅਤੇ ਮੁਲਾਜ਼ਮਾਂ ਨਾਲ ਸਬੰਧਤ ਜ਼ਿਆਦਾਤਰ ਮਤੇ ਸਰਬਸੰਮਤੀ ਨਾਲ ਅਤੇ ਕੁਝ ਮਤੇ ਬਹੁਸੰਮਤੀ ਨਾਲ ਪਾਸ ਕੀਤੇ ਗਏ। ਹਾਲਾਂਕਿ ਮੀਟਿੰਗ ਬੜੇ ਸੁਖਾਵੇ ਮਾਹੌਲ ਵਿੱਚ ਸ਼ੁਰੂ ਹੋਈ ਸੀ ਲੇਕਿਨ ਜਿਵੇਂ ਪਿੰਡ ਸੋਹਾਣਾ ਦੀ 55 ਏਕੜ ਤੋਂ ਵੱਧ ਜ਼ਮੀਨ ਨਗਰ ਲਿਗਮ ਅਧੀਨ ਲੈਣ ਦਾ ਮਤਾ ਪੇਸ਼ ਹੋਇਆ ਤਾਂ ਅਕਾਲੀ ਕੌਂਸਲਰ ਪਰਵਿੰਦਰ ਸਿੰਘ ਸੋਹਾਣਾ ਨੇ ਵਿਰੋਧ ਕਰਦਿਆਂ ਕਿਹਾ ਕਿ ਨਿਗਮ ਵੱਲੋਂ ਪਿੰਡ ਦੀ ਬਹੁ ਕੀਮਤੀ ਜ਼ਮੀਨ ’ਤੇ ਕਬਜ਼ੇ ਦੀ ਸਾਜ਼ਿਸ਼ ਤਹਿਤ ਇਹ ਮਤਾ ਲਿਆਂਦਾ ਗਿਆ ਹੈ। ਇਸ ਜ਼ਮੀਨ ’ਤੇ ਭੂ ਮਾਫੀਆ ਕਾਬਜ਼ ਹੋਣ ਲਈ ਯਤਨਸ਼ੀਲ ਹਨ। ਉਨ੍ਹਾਂ ਇਤਰਾਜ ਕੀਤਾ ਕਿ ਇਹ ਜ਼ਮੀਨ ਗਊ ਚਰਾਂਦ ਨਹੀਂ ਬਲਕਿ ਮੁਸ਼ਤਰਕਾ ਮਾਲਕਾਨਾਂ ਹੈ ਅਤੇ ਇਸ ਦੇ 13849 ਹਿੱਸੇ ਬਣੇ ਹੋਏ ਹਨ। ਨਿਗਮ ਵੱਲੋਂ ਸਿਰਫ਼ ਇਸ ਜ਼ਮੀਨ ਨੂੰ ਆਪਣੀ ਹੱਦ ਵਿੱਚ ਕਿਉਂ ਸ਼ਾਮਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਥਾਂ ’ਚੋਂ 10 ਏਕੜ ਜ਼ਮੀਨ ਥਾਂ ਪਹਿਲਾ ਗਮਾਡਾ ਵੱਲੋਂ ਡੰਪਿੰਗ ਗਰਾਉਂਡ ਲਈ ਐਕਵਾਇਰ ਕੀਤੀ ਗਈ ਸੀ ਪ੍ਰੰਤੂ ਨਿਗਮ ਨੇ ਉਹ ਜ਼ਮੀਨ ਵੀ ਬਾਹਰ ਛੱਡ ਦਿੱਤੀ ਹੈ।
ਇਸ ਤਰ੍ਹਾਂ ਜ਼ਮੀਨ ਦੇ ਨਾਲ ਲੱਗਦੀ ਪਿੰਡ ਬਰਿਆਲੀ ਅਤੇ ਚੱਪੜਚਿੜੀ ਦੀ ਥਾਂ ਨੂੰ ਛੱਡ ਦਿੱਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਵੱਲੋਂ ਨਿਗਮ ਰਾਹੀਂ ਇਸ ਜ਼ਮੀਨ ਨੂੰ ਭੂ ਮਾਫੀਆ ਦੇ ਹਵਾਲੇ ਕਰਨ ਦੀ ਵਿਉਂਤਘੜੀ ਜਾ ਰਹੀ ਹੈ। ਉਨ੍ਹਾਂ ਨੇ ਖਦਸ਼ਾ ਪ੍ਰਗਟ ਕੀਤਾ ਕਿ ਇਹ ਜ਼ਮੀਨ ਲੀਜ ’ਤੇ ਦਿੱਤੀ ਜਾ ਸਕਦੀ ਹੈ। ਇਸ ਮੁੱਤੇ ’ਤੇ ਅਕਾਲੀ ਭਾਜਪਾ ਗੱਠਜੋੜ ਦੇ ਕਰੀਬ 20 ਕੌਂਸਲਰਾਂ ਨੇ ਵੀ ਵਿਰੋਧ ਦਰਜ ਕਰਵਾਉਂਦਿਆਂ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਪ੍ਰੰਤੂ ਕਾਬਿਜ ਧਿਰ ਵੱਲੋਂ ਬਹੁਸੰਮਤੀ ਨਾਲ ਇੲ ਮਤਾ ਪਾਸ ਕਰ ਦਿੱਤਾ ਗਿਆ। ਮੇਅਰ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਇਹ ਜ਼ਮੀਨ ਵਿਕਾਸ ਕਾਰਜਾਂ ਵਿੱਚ ਕੰਮ ਆ ਸਕਦੀ ਹੈ। ਉਂਜ ਵੀ ਜਦੋਂ ਸੋਹਾਣਾ ਨਿਗਮ ਦੀ ਹੱਦ ਵਿੱਚ ਸ਼ਾਮਲ ਕਰ ਲਿਆ ਗਿਆ ਹੈ ਤਾਂ ਜ਼ਮੀਨ ਵੀ ਨਿਗਮ ਅਧੀਨ ਹੋਣੀ ਚਾਹੀਦੀ ਹੈ। ਇਹ ਕਾਰਵਾਈ ਨਿਯਮਾਂ ਤਹਿਤ ਕੀਤੀ ਜਾ ਰਹੀ ਹੈ।
ਸਨਅਤੀ ਏਰੀਆ ਫੇਜ਼-1 ਵਿੱਚ ਮਾਡਰਨ ਸਲਾਟਰ ਹਾਊਸ (ਬੁੱਚੜਖਾਨਾ) ਮੁੜ ਚਾਲੂ ਕਰਨ ਦੇ ਮਤੇ ’ਤੇ ਭਾਜਪਾ ਕੌਂਸਲਰ ਅਰੁਣ ਸ਼ਰਮਾ ਨੇ ਕਿਹਾ ਕਿ ਇਸ ਚਾਰ ਦੀਵਾਰੀ ਦੇ ਅੰਦਰ ਹੀ ਗਊਸ਼ਾਲਾ ਹੈ। ਜਿਸ ਕਰਕੇ ਜੁੜਵੀਂ ਕੰਧ ਾਲ ਬੁੱਚੜਖਾਨਾ ਨਹੀਂ ਬਣਾਇਆ ਜਾ ਕਸਦਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਜਾਂ ਤਾਂ ਗਊਸ਼ਾਲਾ ਜਾਂ ਬੁੱਚੜਖਾਨੇ ਨੂੰ ਇੱਥੋਂ ਹੋਰ ਥਾਂ ਸ਼ਿਫ਼ਟ ਕੀਤਾ ਜਾਵੇ। ਇਸ ਨਾਲ ਹਿੰਦੂ ਵੀਰਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਣ ਦਾ ਖਦਸ਼ਾ ਹੈ। ਮੇਅਰ ਨੇ ਕਿਹਾ ਕਿ ਵਿਚਕਾਲੀ ਕੰਧ ਉੱਚੀ ਚੁੱਕੀ ਜਾਵੇਗੀ ਅਤੇ ਧਾਰਮਿਕ ਭਾਵਨਾਵਾਂ ਦਾ ਪੂਰਾ ਖ਼ਿਆਲ ਰੱਖਿਆ ਜਾਵੇਗਾ।
ਮੀਟਿੰਗ ਵਿੱਚ ਘਰ ਘਰ ਜਾ ਕੇ ਕੂੜਾ ਚੁੱਕਣ ਲਈ ਰੇਟ ਤੈਅ ਕਰਨ ਦੇ ਮੁੱਦੇ ’ਤੇ ਅਕਾਲੀ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ ਬਹਿਸ ਵਿੱਚ ਹਿੱਸਾ ਲੈਂਦਿਆਂ ਰੇਟ ਘੱਟ ਕਰਨ ਦੀ ਮੰਗ ਕੀਤੀ। ਇਸ ਤੋਂ ਬਿਨਾਂ ਕਈ ਹੋਰ ਕੌਂਸਲਰਾਂ ਨੇ ਇਤਰਾਜ਼ ਕੀਤਾ। ਮੇਅਰ ਨੇ ਕਿਹਾ ਕਿ ਸ਼ਹਿਰ ਨੂੰ ਦੇਸ਼ ਦਾ ਸਭ ਤੋਂ ਖੂਬਸੂਰਤ ਸ਼ਹਿਰ ਬਣਾਉਣ ਲਈ ਇਹ ਕਦਮ ਚੁੱਕਿਆ ਜਾਣਾ ਜ਼ਰੂਰੀ ਹੈ। ਉਨ੍ਹਾਂ ਸਮੁੱਚੇ ਹਾਊਸ ਤੋਂ ਸਵੱਛ ਭਾਰਤ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ। ਇਸ ਮਗਰੋਂ ਕੂੜਾ ਚੁਕਣ ਬਦਲੇ ਫਲੈਟਾ ਤੋਂ 40 ਰੁਪਏ, 250 ਗਜ ਦੇ ਘਰਾਂ ਤੋਂ 50 ਰੁਪਏ ਅਤੇ ਇਸ ਤੋਂ ਰਕਬੇ ਦੇ ਮਕਾਨਾਂ ਤੋਂ 100 ਰੁਪਏ ਦੇ ਪ੍ਰਤੀ ਮਹੀਨਾ ਰਕਮ ਤੈਅ ਕੀਤੀ ਗਈ। ਨਾਜਾਇਜ਼ ਰੇਹੜੀਆਂ ਦੇ ਮੁੱਦੇ ’ਤੇ ਕੌਂਸਲਰ ਹਰਮਨਪ੍ਰੀਤ ਸਿੰਘ ਪ੍ਰਿੰਸ ਅਤੇ ਸੁਖਦੇਵ ਪਟਵਾਰੀ ਨੇ ਕਿਹਾ ਕਿ ਨਾਜਾਇਜ਼ ਰੇਹੜੀਆਂ ਚੁੱਕਣ ਦਾ ਕੰਮ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ ਹੈ। ਹੋਰ ਕੌਂਸਲਰਾਂ ਨੇ ਕਿਹਾ ਕਿ ਸੋਹਾਣਾ, ਸੈਕਟਰ, ਫੇਜ਼-3ਬੀ2, ਫੇਜ਼-11 ਅਤੇ ਹੋਰਨਾਂ ਹਿੱਸਿਆਂ ਵਿੱਚ ਨਾਜਾਇਜ਼ ਰੇਹੜੀਆਂ ਦੀ ਭਰਮਾਰ ਹੈ। ਇਸ ਮੁੱਦੇ ਕਾਫੀ ਤਿੱਖੀ ਬਹਿਸ ਹੋਈ। ਮੇਅਰ ਨੇ ਤੁਰੰਤ ਸੁਪਰਡੈਂਟ ਨੂੰ ਆਖਿਆ ਕਿ ਸ਼ਹਿਰ ਨੂੰ ਨਾਜਾਇਜ਼ ਰੇਹੜੀਆਂ ਤੋਂ ਮੁਕਤ ਕਰਨ ਲਈ ਨਿਰਪੱਖ ਕਾਰਵਾਈ ਕੀਤੀ ਜਾਵੇ। ਕਿਸਾਨ ਮੰਡੀ ਦੇ ਦੁਕਾਨਦਾਰਾਂ ਵੱਲੋਂ ਟਾਊਨ ਵੈਡਿੰਗ ਕਮੇਟੀ ਦੇ ਮੈਂਬਰ ਤੇ ਭਾਜਪਾ ਆਗੂ ਸੋਹਨ ਸਿੰਘ ਦੇ ਖ਼ਿਲਾਫ਼ ਸ਼ਰੇਆਮ ਰੇਹੜੀਆਂ ਵਾਲਿਆਂ ਤੋਂ ਪੈਸੇ ਇਕੱਠੇ ਕਰਨ ਦੇ ਦੋਸ਼ ਵਿੱਚ ਕਮੇਟੀ ’ਚੋਂ ਹਟਾਉਣ ਦੇ ਮਤੇ ’ਤੇ ਭਾਜਪਾ ਕੌਂਸਲਰ ਸੈਹਬੀ ਆਨੰਦ ਅਤੇ ਅਰੁਣ ਸ਼ਰਮਾ ਨੇ ਵਿਰੋਧ ਕਰਦਿਆਂ ਕਿਹਾ ਕਿ ਪਹਿਲਾਂ ਸ਼ਿਕਾਇਤ ਦੀ ਜਾਂਚ ਕੀਤੀ ਜਾਵੇ। ਇਸ ਤੋਂ
ਬਾਅਦ ਜੇਕਰ ਦੋਸ਼ ਸਾਬਤ ਹੋ ਜਾਣ ਤਾਂ ਭਾਵੇਂ ਪੁਲੀਸ ਕੇਸ ਦਰਜ ਕਰਵਾ ਦਿੱਤਾ ਜਾਵੇ ਤਾਂ ਕੋਈ ਇਤਰਾਜ ਨਹੀਂ ਹੋਵੇਗਾ। ਇਸ ਸਬੰਧੀ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਅਤੇ ਕਾਂਗਰਸ ਦੇ ਐਨ.ਐਸ. ਸਿੱਧੂ, ਬੀਬੀ ਗੁਰਮੀਤ ਕੌਰ ਸਮੇਤ ਕਈ ਹੋਰਨਾਂ ਨੇ ਵੀ ਕਿਹਾ ਕਿ ਸੋਹਨ ਸਿੰਘ ਦੇ ਖ਼ਿਲਾਫ਼ ਕਈ ਗੰਭੀਰ ਸ਼ਿਕਾਇਤਾ ਹਨ। ਇਸ ਤਰ੍ਹਾਂ ਬਹੁਸੰਮਤੀ ਮੈਂਬਰਾਂ ਨਾਲ ਸੋਹਨ ਸਿੰਘ ਨੂੰ ਕਮੇਟੀ ’ਚੋਂ ਲਾਂਭੇ ਕੀਤਾ ਗਿਆ।
ਨਗਰ ਨਿਗਮ ਵੱਲੋਂ ਆਊਟ ਸੋਰਸਿਸ ਰਾਹੀਂ ਕਰਮਚਾਰੀਆਂ ਦੀ ਭਰਤੀ ਦੇ ਮੁੱਦੇ ’ਤੇ ਕੌਂਸਲਰ ਸੁਖਦੇਵ ਪਟਵਾਰੀ ਨੇ ਕਿਹਾ ਕਿ ਹਾਊਸ ਨੂੰ ਦੱਸਿਆ ਜਾਵੇ ਕਿ ਆਉਟਸੋਰਸਿਸ ਦੀ ਪ੍ਰਕਿਰਿਆ ਦਾ ਕ੍ਰੀਟੇਰਿਆ ਕੀ ਹੈ। ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਾਂਗਰਸ ਸਰਕਾਰ ਵੱਲੋਂ ਪਹਿਲਾਂ ਹੀ ਐਲਾਨ ਕੀਤਾ ਗਿਆ ਹੈ ਕਿ ਠੇਕੇ ਦੇ ਆਧਾਰ ’ਤੇ ਨੌਕਰੀਆਂ ਦਾ ਅਮਲ ਖਤਮ ਹੋਵੇਗਾ ਅਤੇ ਜੇਕਰ ਕਰਮਚਾਰੀਆਂ ਦੀ ਲੋੜ ਹੈ ਤਾਂ ਇਨ੍ਹਾਂ ਦੀ ਪੱਕੀ ਭਰਤੀ ਕੀਤੀ ਜਾਵੇ। ਮੇਅਰ ਨੇ ਕਿਹਾ ਕਿ ਇਸ ਸਬੰਧੀ ਸਰਕਾਰ ਦੀ ਮਨਜ਼ੂਰੀ ਜ਼ਰੂਰੀ ਹੈ ਅਤੇ ਇਸ ਸਬੰਧੀ ਕੇਸ ਤਿਆਰ ਕਰਕੇ ਸਰਕਾਰ ਨੂੰ ਭੇਜਿਆ ਗਿਆ ਹੈ ਪ੍ਰੰਤੂ ਹੁਣ ਦਫ਼ਤਰੀ ਕੰਮ ਚਲਾਉਣ ਲਈ ਕਰਮਚਾਰੀਆਂ ਦੀ ਸਖ਼ਤ ਲੋੜ ਹੈ।
(ਬਾਕਸ ਆਈਟਮ)
ਮੀਟਿੰਗ ਵਿੱਚ ਆਵਾਰਾ ਕੁੱਤਿਆਂ ਦੀ ਨਸਬੰਦੀ ਦੇ ਕੰਮ ਦੀ ਨਿਗਰਾਨੀ ਲਈ ਇਕ ਸਬ ਕਮੇਟੀ ਬਣਾਉਣ ਨੂੰ ਮਨਜ਼ੂਰੀ ਦਿੱਤੀ ਗਈ। ਮੇਅਰ ਦੀ ਸਹਿਮਤੀ ਨਾਲ ਇਸ ਸਬੰਧੀ ਤਿੰਨ ਮੈਂਬਰੀ ਕਮੇਟੀ ਬਣਾਈ ਗਈ। ਜਿਸ ਵਿੱਚ ਕੌਂਸਲਰ ਹਰਪਾਲ ਸਿੰਘ ਚੰਨਾ, ਸੁਖਦੇਵ ਸਿੰਘ ਪਟਵਾਰੀ ਅਤੇ ਜਸਵੀਰ ਸਿੰਘ ਮਾਣਕੂ ਨੂੰ ਸ਼ਾਮਲ ਕੀਤਾ ਗਿਆ ਹੈ।