nabaz-e-punjab.com

ਖਾਲਸਾ ਸਕੂਲ ਫੇਜ਼-8, ਮੁਹਾਲੀ ਵਿੱਚ ਹੋਈ ਗੌਰਮਿੰਟ ਟੀਚਰਜ਼ ਯੂਨੀਅਨ (ਜੀਟੀਯੂ) ਦੀ ਮੀਟਿੰਗ

ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਹੱਕੀ ਮੰਗਾਂ ਲਈ ਜ਼ਮਹੂਰੀ ਸੰਘਰਸ਼ਾਂ ਲਈ ਡਟੇ ਰਹਿਣ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਸਤੰਬਰ:
ਖਾਲਸਾ ਸਕੂਲ ਫੇਜ਼-8, ਮੁਹਾਲੀ ਵਿਖੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਮੁਹਾਲੀ ਦੀ ਅਗਵਾਈ ਹੇਠ ਹੋਈ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ ਵਿੱਚ ਆਗੂਆਂ ਨੇ ਅਧਿਆਪਕਾਂ ਦੀਆਂ ਹੱਕੀ ਮੰਗਾਂ ਪ੍ਰਤੀ ਅੜੀਅਲ ਵਤੀਰਾ ਅਪਨਾਈ ਬੈਠੀ ਸੂਬਾ ਸਰਕਾਰ ਦੀ ਅੜ ਭੰਨਣ ਲਈ ਲੰਮੇਂ ਜ਼ਮਹੂਰੀ ਸੰਘਰਸ਼ਾਂ ਲਈ ਡਟੇ ਰਹਿਣ ਦਾ ਅਹਿਦ ਕੀਤਾ ਗਿਆ। ਜੀਟੀਯੂ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਖਵਿੰਦਰਜੀਤ ਸਿੰਘ ਗਿੱਲ ਨੇ ਇੱਕ ਪ੍ਰੈੱਸਨੋਟ ਰਾਹੀਂ ਜਾਣਕਾਰੀ ਦਿੱਤੀ ਕਿ ਜੀਟੀਯੂ ਦੇ ਸੂਬਾਈ ਮੀਤ ਪ੍ਰਧਾਨ ਰਣਜੀਤ ਸਿੰਘ ਮਾਨ ਪਟਿਆਲਾ ਤੋਂ ਵਿਸ਼ੇਸ਼ ਬੁਲਾਰੇ ਵਜੋਂ ਉਚੇਚੇ ਤੌਰ ਇਸ ਮੀਟੰਗ ਵਿੱਚ ਪੁੱਜੇ। ਉਹਨਾਂ ਦੇ ਨਾਲ ਜੀਟੀਯੂ ਜ਼ਿਲ੍ਹਾ ਪਟਿਆਲਾ ਦੇ ਆਗੂ ਪਰਮਜੀਤ ਸਿੰਘ ਵੀ ਹਾਜ਼ਰ ਸਨ।
ਰਣਜੀਤ ਸਿੰਘ ਮਾਨ ਨੇ ਮੀਟਿੰਗ ਵਿੱਚ ਸ਼ਾਮਲ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੀਟੀਯੂ ਦੀ ਪ੍ਰਮੁੱਖ ਮੰਗ ਵੱਖ-ਵੱਖ ਠੇਕਾ ਪ੍ਰਣਾਲੀਆਂ ਅਤੇ ਹੋਰ ਪ੍ਰਬੰਧਾਂ ਹੇਠ ਸ਼ੋਸ਼ਣ ਦਾ ਸ਼ਿਕਾਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਅਧੀਨ ਰੈਗੂਲਰ ਸੇਵਾ ਅਧੀਨ ਲਿਆਉਣਾ ਹੈ ਅਤੇ ਜੀਟੀਯੂ ਸਾਂਝਾ ਅਧਿਆਪਕ ਮੋਰਚਾ ਦੇ ਬੈਨਰ ਹੇਠ ਇਸ ਮੰਗ ਦੇ ਮੰਨੇ ਜਾਣ ਤੱਕ ਸੰਘਰਸ਼ ਕਰਦੀ ਰਹੇਗੀ। ਉਹਨਾਂ ਮੌਜੂਦਾ ਅਤੇ ਪਿਛਲੀਆਂ ਸਰਕਾਰਾਂ ਨੂੰ ਸਰਮਾਏਦਾਰਾਂ ਦਾ ਪਿੱਠ ਪੂਰਨ ਵਾਲ਼ੀਆਂ ਅਧਿਨਾਇਕ ਵਾਦੀ ਸਰਕਾਰਾਂ ਗਰਦਾਨਦਿਆਂ ਕਿਹਾ ਕਿ ਅਧਿਆਪਕਾਂ ਦਾ ਇਹਨਾਂ ਫ਼ਾਸੀਵਾਦੀ ਸ਼ਾਸਕਾਂ ਵਿਰੁੱਧ ਖ਼ੁਦ ਲਾਮਬੰਦ ਹੋਣ ਦੇ ਨਾਲ਼-ਨਾਲ਼ ਦੇਸ-ਦੁਨੀਆ ਦੇ ਹੋਰ ਲੋਕਤੰਤਰੀ ਸੰਘਰਸ਼ਾਂ ਪ੍ਰਤੀ ਸੁਚੇਤ ਰਹਿਣਾ ਅਤੇ ਇਹਨਾਂ ਸੰਘਰਸ਼ਾਂ ਵਿੱਚ ਸ਼ਾਮਲ ਹੋਣਾ ਸਮੇਂ ਦੀ ਮੰਗ ਹੈ।
ਜੀਟੀਯੂ ਜ਼ਿਲ੍ਹਾ ਮੁਹਾਲੀ ਦੇ ਸਾਬਕਾ ਜਨਰਲ ਸਕੱਤਰ ਜਸਮੇਰ ਸਿੰਘ ਦੇਸੂਮਾਜਰਾ ਨੇ ਕਿਹਾ ਕਿ ਬੇਸ਼ੱਕ ਸਰਕਾਰ ਅਧਿਆਪਕਾਂ ਦੀਆਂ ਹੱਕੀ ਮੰਗਾਂ ਪ੍ਰਤੀ ਅੜੀਅਲ ਰਵੱਈਆ ਅਪਣਾ ਰਹੀ ਹੈ ਪਰ ਜੀਟੀਯੂ ਦਾ ਇਤਿਹਾਸ ਵੀ ਹਰ ਬੁਰਜ਼ੂਆ ਸਰਕਾਰ ਦੇ ਹੱਠ ਨੂੰ ਭੰਨ ਕੇ ਪ੍ਰਾਪਤੀਆਂ ਦਾ ਇਤਿਹਾਸ ਰਿਹਾ ਹੈ।ਉਹਨਾਂ ਅਧਿਆਪਕਾਂ ਨੂੰ ਲੰਮੇਂ ਸੰਘਰਸ਼ਾਂ ਲਈ ਤਿਆਰ ਰਹਿਣ ਦਾ ਹੋਕਾ ਦਿੱਤਾ।ਉਹਨਾਂ ਸੂਬਾ ਸਰਕਾਰ ਦੀ ਸਰਹੱਦੀ ਜ਼ਿਲ੍ਹਿਆਂ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਐਲਾਨੀ ਕੂਪਨ ਸਕੀਮ ਨੂੰ ਸਰਕਾਰ ਵੱਲੋਂ ਹੀ ਸਰਕਾਰ ਦੀ ਆਪਣੀ ਅਸਫ਼ਲਤਾ ਦਾ ਕਬੂਲਨਾਮਾ ਕਰਾਰਦਿਆਂ ਇਸ ਨੂੰ ਸਰਕਾਰੀ ਸਕੂਲਾਂ ਨੂੰ ਬੰਦ ਕਰਨ ਅਤੇ ਨਿੱਜੀ ਸਿੱਖਿਆ ਦੇ ਲੋਟੂ-ਤੰਤਰ ਨੂੰ ਪ੍ਰਫ਼ੁਲਿੱਤ ਕਰਨ ਦੀ ਗਿਣੀ-ਮਿੱਥੀ ਸਾਜਿਸ਼ ਕਰਾਰ ਦਿੱਤਾ।ਆਗੂਆਂ ਕਿਹਾ ਕਿ ਸਰਕਾਰ ਸਰਹੱਦੀ ਸਕੂਲਾਂ ਵਿੱਚ ਵਰ੍ਹਿਆਂਬੱਧੀ ਖ਼ਾਲ਼ੀ ਪਈਆਂ ਅਸਾਮੀਆਂ ਨੂੰ ਅਧਿਆਪਕਾਂ ਦੀਆਂ ਰੈਗੂਲਰ ਨਿਯੁਕਤੀਆਂ ਨਾਲ਼ ਭਰਨ ਦੀ ਥਾਂ ਪ੍ਰਾਈਵੇਟ ਸਕੂਲਾਂ ਨੂੰ ਪ੍ਰਫ਼ੁਲਿੱਤ ਕਰਨ ਦੇ ਗੁਪਤ ਅਜੰਡੇ ‘ਤੇ ਕੰਮ ਕਰ ਰਹੀ ਹੈ।
ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਮੁਹਾਲੀ ਨੇ ਦੋਸ਼ ਲਾਇਆ ਕਿ ਸਰਕਾਰ ਮਿਡਲ ਸਕੂਲਾਂ ਵਿੱਚੋਂ ਸਰੀਰਿਕ ਸਿੱਖਿਆ ਅਧਿਆਪਕਾਂ ਦੀਆਂ ਅਸਾਮੀਆਂ ਸ਼ਿਫ਼ਟ ਕਰ ਕੇ ਸਿੱਖਿਆ ਮਾਹਿਰਾਂ ਵੱਲੋਂ ਬਚਿਆਂ ਦੀ ਸਿੱਖਿਆ ਦੇ ਜ਼ਰੂਰੀ ਅੰਗ-ਸਰੀਰਿਕ ਵਿਕਾਸ-ਦੇ ਉਲਟ ਚਾਲ ਚੱਲ ਰਹੀ ਹੈ।ਉਹਨਾਂ ਕਿਹਾ ਕਿ ਇੱਕ ਪਾਸੇ ਖੇਡਾਂ ਅਤੇ ਸਰੀਰਿਕ ਵਿਕਾਸ ਦੀ ਮਹੱਤਤਾ ਨੂੰ ਪਛਾਣਦੇ ਹੋਏ ਦੇਸ ਵਿੱਚ ਖੇਡ ਵਿਸ਼ਵ-ਵਿਦਿਆਲੇ ਦੀ ਸਥਾਪਨਾ ਕੀਤੀ ਜਾ ਰਹੀ ਹੈ, ਦੁਜੇ ਪਾਸੇ ਮੁੱਢਲੀ ਸਿੱਖਿਆ ਵਿੱਚੋਂ ਕਿਤਾਬੀ ਪੜ੍ਹਾਈ ਜਿੰਨੀ ਹੀ ਜ਼ਰੂਰੀ ਸਰੀਰਿਕ ਸਿੱਖਿਆ ਤੋਂ ਬੱਚਿਆਂ ਨੂੰ ਵਾਂਝੇ ਰੱਖਣ ਦੀ ਹਾਸੋਹੀਣੀ ਕੋਸ਼ਸ਼ ਕੀਤੀ ਜਾ ਰਹੀ ਹੈ। ਉਹਨਾਂ ਜਮਾਤ-ਵਿਦਿਆਰਥੀ ਅਨੁਪਾਤ ਨੂੰ ਸਿੱਖਿਆ ਦਾ ਅਧਿਕਾਰ ਵਿੱਚ ਦਰਸਾਏ ਨਾਰਮ ਅਨਸਾਰ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਸਰਕਾਰ ਜਮਾਤਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾ ਕੇ ਰੈਸ਼ਨਲਾਈਜੇਸ਼ਨ ਕਰਨ ਦੇ ਮਨਸੂਬੇ ਬਣਾ ਰਹੀ ਹੈ ਜੋ ਕਿ ਆਰਟੀਈ ਐਕਟ ਦੀ ਸਿੱਧੀ-ਪੱਧਰੀ ਉਲੰਘਣਾ ਹੈ।
ਅੱਜ ਦੀ ਇਸ ਮੀਟਿੰਗ ਵਿੱਚ ਜੀਟੀਯੂ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਬਾਠ, ਸ਼ਮਸ਼ੇਰ ਸਿੰਘ, ਰਵਿੰਦਰ ਸਿੰਘ ਪੱਪੀ, ਸਰਦੂਲ ਸਿੰਘ, ਗੁਰਮਨਜੀਤ ਸਿੰਘ, ਗੁਰਿੰਦਰ ਸਿੰਘ, ਨੈਬ ਸਿੰਘ, ਦੀਦਾਰ ਸਿੰਘ, ਚਰਨਪਾਲ, ਅਮਰੀਕ ਸਿੰਘ ਮਨਾਣਾ, ਮਨਜਿੰਦਰਪਾਲ ਸਿੰਘ, ਅਮਰੀਕ ਸਿੰਘ ਝੰਡੇਮਾਜਰਾ, ਆਤਮਾ ਸਿੰਘ ਮੱਛਲੀਕਲਾਂ, ਸ਼ੰਗਾਰਾ ਸਿੰਘ, ਰਵੀ ਕੁਮਾਰ, ਕ੍ਰਿਸ਼ਨ ਕੁਮਾਰ, ਹਰਪ੍ਰੀਤ ਸਿੰਘ, ਸੁਖਜਿੰਦਰ ਸਿੰਘ, ਸੇਵਾ ਨਵਿਰਤ ਮੁੱਖ ਅਧਿਆਪਕ ਹਰਮੀਤ ਸਿੰਘ ਅਤੇ ਪ੍ਰੇਮ ਸਿੰਘ, ਸਾਬਕਾ ਜ਼ਿਲ੍ਹਾ ਮੀਤ ਪ੍ਰਧਾਨ ਪ੍ਰੇਮ ਸਿੰਘ ਕੁਰਾਲੀ, ਸੇਵਾ ਨਵਿਰਤ ਅਧਿਆਪਕ ਪਰਮਜੀਤ ਸਿੰਘ ਮਾਜਰੀ, ਓਮ ਪ੍ਰਕਾਸ਼ ਅਤੇ ਹੋਰ ਅਧਿਆਪਕ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…