ਆਗਾਮੀ ਹਾੜ੍ਹੀ ਦੇ ਮੰਡੀਕਰਨ ਸੀਜ਼ਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟਰਾਂਸਪੋਰਟਰਾਂ ਤੇ ਆੜ੍ਹਤੀਆਂ ਨਾਲ ਮੀਟਿੰਗ
ਡੀਸੀ ਨੇ ਖ਼ਰੀਦ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਮੀਟਿੰਗ ਵਿੱਚ ਰੱਖੇ ਮੁੱਦਿਆਂ ਨੂੰ ਹੱਲ ਕਰਨ ਦਾ ਦਿੱਤਾ ਭਰੋਸਾ
ਮੁਹਾਲੀ ਜ਼ਿਲ੍ਹੇ ’ਚ 1.37 ਲੱਖ ਮੀਟਰਿਕ ਟਨ ਕਣਕ ਦੀ ਆਮਦ ਦਾ ਟੀਚਾ, 15 ਖ਼ਰੀਦ ਕੇਂਦਰਾਂ ਦਾ ਪ੍ਰਬੰਧ
ਨਬਜ਼-ਏ-ਪੰਜਾਬ, ਮੁਹਾਲੀ, 12 ਮਾਰਚ:
ਮੁਹਾਲੀ ਦੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਆਗਾਮੀ ਹਾੜੀ ਦੇ ਮੰਡੀਕਰਨ ਸੀਜ਼ਨ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਟਰਾਂਸਪੋਰਟਰਾਂ ਅਤੇ ਆੜ੍ਹਤੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਖ਼ਰੀਦ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਪ੍ਰਬੰਧ ਮੁਕੰਮਲ ਕਰਨ ’ਤੇ ਜ਼ੋਰ ਦਿੰਦਿਆਂ ਖ਼ਰੀਦ ਏਜੰਸੀਆਂ ਨੂੰ ਮੰਡੀ ਪੱਧਰ ’ਤੇ ਅਜਿਹੀਆਂ ਮੀਟਿੰਗਾਂ ਲਈ ਪ੍ਰੇਰਿਆ ਤਾਂ ਜੋ ਆੜ੍ਹਤੀਆਂ ਦੇ ਸਥਾਨਕ ਪੱਧਰ ’ਤੇ ਮਸਲਿਆਂ ਨੂੰ ਹੱਲ ਕੀਤਾ ਜਾ ਸਕੇ।
ਡੀਸੀ ਮਿੱਤਲ ਨੇ ਕਿਹਾ ਕਿ ਬਾਰਦਾਨੇ ਅਤੇ ਹੋਰ ਪ੍ਰਬੰਧ ਪਹਿਲਾਂ ਹੀ ਕਰ ਲਏ ਗਏ ਹਨ। ਮੰਡੀਆਂ ’ਚੋਂ ਕਣਕ ਦੀ ਖ਼ਰੀਦ ਤੇ ਲਿਫ਼ਟਿੰਗ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਮਿਸ਼ਨ ਏਜੰਟਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ। ਜੇਕਰ ਕਿਸੇ ਖ਼ਰੀਦ ਏਜੰਸੀ ਨੂੰ ਅਲਾਟ ਕੀਤੇ ਬਾਰਦਾਨੇ ਦਾ ਸਟਾਕ ਖ਼ਤਮ ਹੁੰਦਾ ਹੈ, ਤਾਂ ਉਹ ਏਜੰਸੀ ਖ਼ਰੀਦ ਪ੍ਰਕਿਰਿਆ ਨੂੰ ਜਾਰੀ ਰੱਖਣ ਲਈ ਕਿਸੇ ਹੋਰ ਏਜੰਸੀ ਤੋਂ ਤੁਰੰਤ ਪ੍ਰਾਪਤ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਮੰਡੀਆਂ ਵਿੱਚ ਲੋੜੀਂਦੀ ਥਾਂ ਅਤੇ ਖਰੀਦੀ ਗਈ ਸਫਲ ਰੱਖਣ ਲਈ ਲੋੜੀਂਦੀ ਥਾਂ ਦੀ ਵਿਵਸਥਾ ਕੀਤੀ ਜਾਵੇਗੀ ਤਾਂ ਜੋ ਮੰਡੀ ਵਿੱਚ ਕਿਸੇ ਨੂੰ ਕੋਈ ਦਿੱਕਤ ਪੇਸ਼ ਨਾ ਪਵੇ।
ਸ੍ਰੀਮਤੀ ਮਿੱਤਲ ਨੇ ਕਿਹਾ ਕਿ ਮੁਹਾਲੀ ਜ਼ਿਲ੍ਹੇ ਵਿੱਚ 1.37 ਲੱਖ ਮੀਟਰਿਕ ਟਨ ਕਣਕ ਦੀ ਆਮਦ ਦਾ ਟੀਚਾ ਹੈ। ਜ਼ਿਲ੍ਹੇ ਵਿੱਚ ਕੁੱਲ 15 ਖ਼ਰੀਦ ਕੇਂਦਰ (ਪੰਜ ਮੇਨ ਯਾਰਡ ਅਤੇ 10 ਸਬ ਯਾਰਡ) ਸਥਾਪਿਤ ਕੀਤੇ ਜਾਣਗੇ। ਸਾਰੀਆਂ ਏਜੰਸੀਆਂ ਅਤੇ ਆੜ੍ਹਤੀਆਂ ਵਿਚਕਾਰ ਤਾਲਮੇਲ ਦੀ ਲੋੜ ’ਤੇ ਜ਼ੋਰ ਦਿੰਦਿਆਂ ਡੀਸੀ ਨੇ ਸਾਰੀਆਂ ਏਜੰਸੀਆਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਸਥਾਨਕ ਪੱਧਰ ’ਤੇ ਕੋਈ ਸਮੱਸਿਆ ਖ਼ਰੀਦ ਸੀਜ਼ਨ ਵਿੱਚ ਰੁਕਾਵਟ ਨਾ ਬਣੇ। ਮੀਟਿੰਗ ਵਿੱਚ ਏਡੀਸੀ (ਜ) ਮੈਡਮ ਗੀਤਿਕਾ ਸਿੰਘ, ਡੀਐਫ਼ਐਸਸੀ ਨਵਰੀਤ ਕੌਰ ਸਮੇਤ ਡੇਰਾਬੱਸੀ, ਕੁਰਾਲੀ, ਲਾਲੜੂ ਅਤੇ ਬਨੂੜ ਤੋਂ ਆੜ੍ਹਤੀਆਂ ਅਤੇ ਟਰਾਂਸਪੋਰਟਰਾਂ ਦੇ ਨੁਮਾਇੰਦੇ ਹਾਜ਼ਰ ਸਨ।