Nabaz-e-punjab.com

ਮੈਗਾ ਰੁਜ਼ਗਾਰ ਮੇਲਾ: 31 ਨਾਮੀ ਕੰਪਨੀਆਂ ਵੱਲੋਂ 954 ਨੌਜਵਾਨਾਂ ਦੀ ਨੌਕਰੀਆਂ ਲਈ ਚੋਣ

ਡੀਸੀ ਗਿਰੀਸ਼ ਦਿਆਲਨ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਮੇਲਿਆਂ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਸਤੰਬਰ:
ਪੰਜਾਬ ਸਰਕਾਰ ਦੀ ਘਰ-ਘਰ ਰੁਜ਼ਗਾਰ ਸਕੀਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਇੱਥੋਂ ਦੇ ਫੇਜ਼-6 ਸਥਿਤ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਯਾਦਗਾਰੀ ਸਰਕਾਰੀ ਕਾਲਜ ਵਿੱਚ ਪੰਜਵਾਂ ਰਾਜ-ਪੱਧਰੀ ਮੈਗਾ ਰੁਜ਼ਗਾਰ ਮੇਲਾ ਆਯੋਜਿਤ ਕੀਤਾ ਗਿਆ। ਜ਼ਿਲ੍ਹਾ ਰੁਜ਼ਗਾਰ ਅਫ਼ਸਰ ਹਰਪ੍ਰੀਤ ਕੌਰ ਬਰਾੜ ਅਤੇ ਕਾਲਜ ਦੀ ਪ੍ਰਿੰਸੀਪਲ ਸ੍ਰੀਮਤੀ ਕੋਮਲ ਬਰੋਕਾ ਨੇ ਦੱਸਿਆ ਕਿ ਇਸ ਮੈਗਾ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਮੇਲੇ ਦੌਰਾਨ ਆਈਆਂ ਵੱਖ-ਵੱਖ ਕੰਪਨੀਆਂ ਜਿਵੇਂ ਕਿ ਉੱਨਤੀ, ਸਕਿੱਲ ਟ੍ਰੀ, ਏਰੀਅਲ ਟੈਲੀਕਾਮ, ਮਾਰੂਤੀ ਸੁਜ਼ੂਕੀ, ਜਮੈਟੋ, ਆਈਸੀਆਈਸੀ ਆਈ ਬੈਂਕ, ਡੀਐਚਐਫ਼ਐਲ ਲਾਈਫ਼ ਇੰਸ਼ੋਰੈਂਸ, ਪੁਖਰਾਜ ਹੈਲਥ ਕੇਅਰ, ਬਜਾਜ ਫਾਈਨਾਸ ਅਤੇ ਸੀਸੀਡੀ ਵੱਲੋਂ ਉਮੀਦਵਾਰਾਂ ਦੀ ਯੋਗਤਾ ਅਨੁਸਾਰ ਇੰਟਰਵਿਊ ਕੀਤੀ ਗਈ ਅਤੇ ਕਈ ਉਮੀਦਵਾਰਾਂ ਨੂੰ ਮੌਕੇ ’ਤੇ ਹੀ ਆਫ਼ਰ ਲੈਟਰ ਦਿੱਤੇ ਗਏ। ਰੁਜ਼ਗਾਰ ਮੇਲੇ ਨੂੰ ਲੈ ਕੇ ਨੌਜਵਾਨਾਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ।
ਮੁਹਾਲੀ ਦੀ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਦੀ ਮੁੱਖ ਕਾਰਜਕਾਰੀ ਅਫ਼ਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਕਿਹਾ ਕਿ ਰੁਜ਼ਗਾਰ ਮੇਲੇ ਦੌਰਾਨ 1847 ਬੇਰੁਜ਼ਗਾਰ ਨੌਜਵਾਨਾਂ ਨੇ ਭਾਗ ਲਿਆ। ਮੇਲੇ ਵਿੱਚ ਪੁੱਜੀਆਂ 31 ਨਾਮੀ ਕੰਪਨੀਆਂ ਨੇ 954 ਨੌਜਵਾਨਾਂ ਨੂੰ ਨੌਕਰੀਆਂ ਲਈ ਚੁਣਿਆ। ਜਦੋਂਕਿ 37 ਨੌਜਵਾਨਾਂ ਦੀ ਹੁਨਰ ਸਿਖਲਾਈ ਅਤੇ 724 ਦੀ ਸਵੈ ਰੁਜ਼ਗਾਰ ਲਈ ਚੋਣ ਕੀਤੀ ਗਈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੌਜਵਾਨਾਂ ਨੂੰ ਮੇਲੇ ਦੌਰਾਨ ਨੌਕਰੀਆਂ ਮਿਲੀਆਂ ਹਨ, ਉਹ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਸਰਗਰਮ ਭਾਈਵਾਲ ਬਣਨਗੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਸ਼ਕਤੀ ਨੂੰ ਉਸਾਰੂ ਦਿਸ਼ਾ ਵਿੱਚ ਲਾਉਣ ਲਈ ਇਹ ਰੁਜ਼ਗਾਰ ਮੇਲੇ ਇਕ ਮੀਲ ਪੱਥਰ ਸਾਬਤ ਹੋਣਗੇ।
ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ‘ਘਰ ਘਰ ਰੁਜ਼ਗਾਰ ਤੇ ਕਾਰੋਬਾਰ ਮਿਸ਼ਨ’ ਤਹਿਤ ਵੱਖ ਵੱਖ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ 30 ਸਤੰਬਰ ਨੂੰ ਖ਼ਾਲਸਾ ਕਾਲਜ ਮੁਹਾਲੀ ਵਿੱਚ ਲੱਗਣ ਵਾਲੇ ਰੁਜ਼ਗਾਰ ਮੇਲੇ ਦਾ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਹੁਣ ਤੱਕ ਰੁਜ਼ਗਾਰ ਮੇਲਿਆਂ ਵਿੱਚ ਲਗਭਗ 11 ਹਜ਼ਾਰ 948 ਨੌਜਵਾਨਾਂ ਨੂੰ ਲਾਭ ਮਿਲਿਆ ਹੈ। ਇਸ ਲਈ ਬਾਕੀ ਬੇਰੁਜ਼ਗਾਰ ਨੌਜਵਾਨਾਂ ਨੂੰ ਅਜਿਹੇ ਮੌਕਿਆਂ ਨੂੰ ਖੁੰਝਾਉਣਾ ਨਹੀਂ ਚਾਹੀਦਾ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…