
ਸਰਕਾਰੀ ਕਾਲਜ ਵਿੱਚ ਮੈਗਾ ਰੁਜ਼ਗਾਰ ਮੇਲਾ ਲਾਇਆ, 118 ਨੌਜਵਾਨਾਂ ਨੂੰ ਦਿੱਤੇ ਆਫ਼ਰ ਲੈਟਰ
ਪੰਜਾਬ ਦੀ ‘ਆਪ’ ਦੀ ਸਰਕਾਰ ਨੌਜਵਾਨ ਪੀੜੀ ਨੂੰ ਰੁਜ਼ਗਾਰ ਦੇਣ ਲਈ ਵਚਨਬੱਧ: ਸਰਬਜੀਤ ਸਮਾਣਾ
ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ:
ਇੱਥੋਂ ਦੇ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ (ਸੌਰਿਆ ਚੱਕਰ) ਸਰਕਾਰੀ ਕਾਲਜ ਫੇਜ਼-6 ਵਿਖੇ ਪ੍ਰਿੰਸੀਪਲ ਗੁਰਿੰਦਰਜੀਤ ਕੌਰ ਦੀ ਅਗਵਾਈ ਹੇਠ ਮੈਗਾ ਰੁਜ਼ਗਾਰ ਮੇਲਾ ਲਗਾਇਆ ਗਿਆ। ਜ਼ਿਲ੍ਹਾ ਰੁਜ਼ਗਾਰ ਬਿਊਰੋ ਅਤੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਸਹਿਯੋਗ ਨਾਲ ਲਗਾਏ ਗਏ ਇਸ ਮੇਲੇ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਸੀਨੀਅਰ ਯੂਥ ਆਗੂ ਤੇ ਕੌਂਸਲਰ ਸਰਬਜੀਤ ਸਿੰਘ ਸਮਾਣਾ ਨੇ ਕੀਤਾ। ਇਸ ਮੇਲੇ ਵਿੱਚ ਵੱਖ-ਵੱਖ ਨਾਮੀ 15 ਕੰਪਨੀਆਂ ਨੇ ਹਿੱਸਾ ਲਿਆ। ਇਸ ਦੌਰਾਨ 118 ਵਿਦਿਆਰਥੀਆਂ ਨੂੰ ਆਫ਼ਰ ਲੈਟਰ ਦਿੱਤੇ ਗਏ। ਇਸ ਰੁਜ਼ਗਾਰ ਮੇਲੇ ਦਾ ਆਯੋਜਨ ਕਰੀਅਰ ਅਤੇ ਪਲੇਸਮੈਂਟ ਸੈੱਲ ਦੇ ਕਨਵੀਨਰ ਪ੍ਰੋ. ਰਸ਼ਮੀ ਪ੍ਰਭਾਕਰ ਵੱਲੋਂ ਕੀਤਾ ਗਿਆ। ਜਿਸ ਦੀ ਕਾਮਯਾਬੀ ਦਾ ਸਿਹਰਾ ਉਨ੍ਹਾਂ ਪੂਰੇ ਸਟਾਫ਼ ਨੂੰ ਦਿੱਤਾ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪ ਆਗੂ ਤੇ ਕੌਂਸਲਰ ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਪੰਜਾਬ ਵਿੱਚ ਬੁਨਿਆਦੀ ਸਹੂਲਤਾਂ ਖਾਸ ਕਰਕੇ ਸਿਹਤ ਅਤੇ ਸਿੱਖਿਆ ਨਾਲ ਸਬੰਧਤ ਅਮਲਾ ਫੈਲਾ ਅਤੇ ਬੁਨਿਆਦੀ ਢਾਂਚਾ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਦੀ ‘ਆਪ’ ਸਰਕਾਰ ਨੌਜਵਾਨ ਪੀੜੀ ਨੂੰ ਵਿੱਦਿਅਕ ਯੋਗਤਾ ਮੁਤਾਬਕ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਸ ਸਬੰਧੀ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ। ਉਂਜ ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨੌਕਰੀਆਂ ਦੇ ਪਿੱਛੇ ਭੱਜਣ ਦੀ ਥਾਂ ਸਵੈ-ਰੁਜ਼ਗਾਰ ਨੂੰ ਤਰਜੀਹ ਦੇਣ ਅਤੇ ਸਹਾਇਕ ਧੰਦਿਆਂ ਅਪਣਾਉਣ।
ਇਸ ਮੌਕੇ ‘ਆਪ’ ਦੇ ਬਲਾਕ ਪ੍ਰਧਾਨ ਆਰਪੀ ਸ਼ਰਮਾ, ਸਰਕਲ ਪ੍ਰਧਾਨ ਹਰਪਾਲ ਸਿੰਘ ਚੰਨਾ, ਡਾ. ਕੁਲਦੀਪ ਸਿੰਘ, ਜਗਦੇਵ ਸ਼ਰਮਾ, ਜੋਆਏ ਦੀਪ ਸਿੰਘ, ਪ੍ਰਗਟ ਸਿੰਘ ਅਤੇ ਬਲਜੀਤ ਸਿੰਘ ਵੀ ਹਾਜ਼ਰ ਸਨ।