Share on Facebook Share on Twitter Share on Google+ Share on Pinterest Share on Linkedin ਮੁਹਾਲੀ ਵਿੱਚ ਵੱਖ ਵੱਖ ਥਾਵਾਂ ’ਤੇ 20 ਤੋਂ 30 ਸਤੰਬਰ ਤੱਕ ਲੱਗਣਗੇ ਮੈਗਾ ਰੁਜ਼ਗਾਰ ਮੇਲੇ: ਡੀਸੀ 200 ਤੋਂ ਵੱਧ ਮੋਹਰੀ ਕੰਪਨੀਆਂ 15 ਹਜ਼ਾਰ ਤੋਂ ਵੱਧ ਨੌਕਰੀਆਂ ਦੇ ਮੌਕਿਆਂ ਦੀ ਕਰਨਗੀਆਂ ਪੇਸ਼ਕਸ਼ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਸਤੰਬਰ: ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਅੱਜ ਸ਼ਾਮੀ ਦੱਸਿਆ ਕਿ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਵਿੱਚ ਵੱਖ ਵੱਖ ਥਾਵਾਂ ਉੱਤੇ 20 ਤੋਂ 30 ਸਤੰਬਰ ਤੱਕ ਲੱਗਣ ਵਾਲੇ ਮੈਗਾ ਰੁਜ਼ਗਾਰ ਮੇਲਿਆਂ ਵਿੱਚ 200 ਤੋਂ ਵੱਧ ਮੋਹਰੀ ਕੰਪਨੀਆਂ 15 ਹਜ਼ਾਰ ਤੋਂ ਵੱਧ ਨੌਕਰੀਆਂ ਦੇ ਮੌਕਿਆਂ ਦੀ ਪੇਸ਼ਕਸ਼ ਕਰਨਗੀਆਂ। ਉਨ੍ਹਾਂ ਦੱਸਿਆ ਕਿ ਸੀਜੀਸੀ ਕਾਲਜ ਲਾਂਡਰਾਂ ਵਿੱਚ 20 ਤੇ 21 ਸਤੰਬਰ, ਸਵਾਈਟ ਬਨੂੜ ਵਿੱਚ 23 ਸਤੰਬਰ, ਆਈਟੀਆਈ ਫੇਜ਼-5 ਵਿੱਚ 24 ਸਤੰਬਰ, ਸਰਕਾਰੀ ਕਾਲਜ ਡੇਰਾਬੱਸੀ ਵਿੱਚ 26 ਸਤੰਬਰ, ਸਰਕਾਰੀ ਕਾਲਜ ਮੁਹਾਲੀ ਵਿੱਚ 27 ਸਤੰਬਰ ਅਤੇ ਖ਼ਾਲਸਾ ਕਾਲਜ ਮੁਹਾਲੀ ਵਿੱਚ 30 ਸਤੰਬਰ ਵਿੱਚ ਰੁਜ਼ਗਾਰ ਮੇਲੇ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੇਲਿਆਂ ਲਈ ਜਾਗਰੂਕਤਾ ਮੁਹਿੰਮ ਚਲਾਈ ਗਈ ਅਤੇ ਪਿੰਡਾਂ ਦੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਕਿਤਾਬਚੇ, ਪੋਸਟਰ ਤੇ ਹੋਰ ਸਾਮਾਨ ਵਿੱਚ ਵੰਡਿਆ ਗਿਆ। ਡੀਸੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ‘ਘਰ ਘਰ ਰੁਜ਼ਗਾਰ ਮਿਸ਼ਨ’ ਤਹਿਤ ਲਗਾਏ ਜਾ ਰਹੇ ਇਨ੍ਹਾਂ ਮੇਲਿਆਂ ਦਾ ਉਦੇਸ਼ ਨੌਜਵਾਨਾਂ ਲਈ ਆਪਣੇ ਪੈਰਾਂ ਸਿਰ ਖੜ੍ਹੇ ਹੋਣ ਦੇ ਮੌਕੇ ਮੁਹੱਈਆ ਕਰਨਾ ਹੈ ਤਾਂ ਕਿ ਉਨ੍ਹਾਂ ਨੂੰ ਦੇਸ਼ ਦੇ ਆਰਥਿਕ ਵਿਕਾਸ ਵਿੱਚ ਸਰਗਰਮ ਭਾਈਵਾਲ ਬਣਾਇਆ ਜਾ ਸਕੇ। ਇਨ੍ਹਾਂ ਮੇਲਿਆਂ ਦੌਰਾਨ ਨੌਜਵਾਨਾਂ ਨੂੰ ਆਪਣੇ ਕਾਰੋਬਾਰ ਸ਼ੁਰੂ ਕਰਨ ਲਈ ਮਦਦ ਵੀ ਦਿੱਤੀ ਜਾਵੇਗੀ। ਇਸ ਮੌਕੇ ਏਡੀਸੀ (ਜਨਰਲ) ਸ੍ਰੀਮਤੀ ਸਾਕਸ਼ੀ ਸਾਹਨੀ ਨੇ ਕਿਹਾ ਕਿ ਇਨ੍ਹਾਂ ਰੁਜ਼ਗਾਰ ਮੇਲਿਆਂ ਦੌਰਾਨ ਐਮੇਜ਼ੋਨ, ਮਾਰੂਤੀ ਸੁਜ਼ੂਕੀ, ਐਕਸਿਸ ਬੈਂਕ, ਆਈਸੀਆਈਸੀਆਈ ਬੈਂਕ, ਮਹਿੰਦਰਾ ਐਂਡ ਮਹਿੰਦਰਾ, ਜਸਟ ਡਾਇਲ ਤੇ ਜ਼ਮੈਟੋ ਵਰਗੀਆਂ 200 ਤੋਂ ਵੱਧ ਨਾਮੀ ਕੰਪਨੀਆਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣਗੀਆਂ। ਉਨ੍ਹਾਂ ਕਿਹਾ ਕਿ ਨੌਜਵਾਨ ਇਨ੍ਹਾਂ ਮੇਲਿਆਂ ਲਈ www.ggnpunjab.com ਵੈੱਬਸਾਈਟ ’ਤੇ ਲਾਗ ਇਨ ਕਰ ਸਕਦੇ ਹਨ। ਜੇ ਕਿਸੇ ਨੇ ਇਸ ਵੈੱਬਸਾਈਟ ’ਤੇ ਰਜਿਸਟਰ ਨਹੀਂ ਕੀਤਾ ਤਾਂ ਉਹ ਮੌਕੇ ’ਤੇ ਹੀ ਰਜਿਸਟਰੇਸ਼ਨ ਕਰਨ ਦੀ ਸਹੂਲਤ ਦਾ ਲਾਭ ਲੈ ਸਕਦਾ ਹੈ। ਨੌਜਵਾਨ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੁਜ਼ਗਾਰ ਬਿਉਰੋ, ਸਬੰਧਤ ਐਸਡੀਐਮਜ਼ ਅਤੇ ਬੀਡੀਪੀਓਜ਼ ਦਫ਼ਤਰ ਵਿੱਚ ਸੰਪਰਕ ਕਰ ਸਕਦੇ ਹਨ ਜਾਂ ਉਹ ਫੋਨ ਨੰਬਰ ੦੧੭੨- ੨੯੭੨੪੬੦ ਤੋਂ ਜਾਣਕਾਰੀ ਲੈ ਸਕਦੇ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ