Nabaz-e-punjab.com

ਲਾਈਫ਼ਲਾਈਨ ਹਸਪਤਾਲ ਵਿਰੁੱਧ ਲੱਗੇ ਦੋਸ਼ਾਂ ਦੀ ਜਾਂਚ ਲਈ ਗਠਿਤ ਤਿੰਨ ਮੈਂਬਰੀ ਕਮੇਟੀ ਨੇ ਰਿਪੋਰਟ ਸੌਂਪੀ

ਮੈਡੀਕਲ ਰਿਕਾਰਡ ਪ੍ਰਬੰਧਨ ਵਿੱਚ ਖ਼ਾਮੀਆਂ, ਡਾਕਟਰੀ ਲਾਪਰਵਾਹੀ ਤੇ ਵੱਧ ਖਰਚਾ ਵਸੂਲਣ ਬਾਰੇ ਹੋਇਆ ਖ਼ੁਲਾਸਾ

ਜਾਂਚ ਕਮੇਟੀ ਨੇ ਹਸਪਤਾਲ ਖ਼ਿਲਾਫ਼ ਵੱਖ-ਵੱਖ ਕਾਨੂੰਨ ਨਿਯਮਾਂ ਤਹਿਤ ਸਖ਼ਤ ਕਾਰਵਾਈ ਦੀ ਕੀਤੀ ਸਿਫ਼ਾਰਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਮਈ:
ਲਾਈਫ਼ਲਾਈਨ ਹਸਪਤਾਲ ਜ਼ੀਰਕਪੁਰ ਖ਼ਿਲਾਫ਼ ਮਰੀਜ਼ ਤੋਂ ਵੱਧ ਵਸੂਲੀ ਅਤੇ ਡਾਕਟਰਾਂ ਦੀ ਲਾਪਰਵਾਹੀ ਦੇ ਲਗਾਏ ਗਏ ਗੰਭੀਰ ਦੋਸ਼ਾਂ ਦੀ ਉੱਚ ਪੱਧਰੀ ਜਾਂਚ ਲਈ ਗਠਿਤ ਤਿੰਨ ਮੈਂਬਰੀ ਕਮੇਟੀ ਨੇ ਅੱਜ ਆਪਣੀ ਰਿਪੋਰਟ ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਗਿਰੀਸ਼ ਦਿਆਲਨ ਨੂੰ ਸੌਂਪ ਦਿੱਤੀ ਹੈ। ਗਿਰੀਸ਼ ਦਿਆਲਨ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਹਸਪਤਾਲ ਅਥਾਰਟੀ ਵੱਲੋਂ ਵਧੇਰੇ ਖਰਚਾ ਲੈਣ ਅਤੇ ਮੈਡੀਕਲ ਰਿਕਾਰਡ ਪ੍ਰਬੰਧਨ ਵਿੱਚ ਗੰਭੀਰ ਖ਼ਾਮੀਆਂ ਪਾਈਆਂ ਗਈਆਂ ਹਨ।
ਜਾਂਚ ਰਿਪੋਰਟ ਵਿੱਚ ਹਸਪਤਾਲ ਵੱਲੋਂ ਵਸੂਲੀਆਂ ਦਰਾਂ ਨੂੰ ‘ਬਹੁਤ ਜ਼ਿਆਦਾ’ ਦੱਸਿਆ ਗਿਆ ਹੈ ਅਤੇ ਇਹ ਪਾਇਆ ਗਿਆ ਕਿ ਹਸਪਤਾਲ ਕੋਲ ਹੁਣ ਤੱਕ ਐਨਏਬੀਐਚ (ਨੈਸ਼ਨਲ ਐਕਰੀਡੇਟਿਡ ਬੋਰਡ ਆਫ਼ ਹੌਸਪਿਟਸ) ਦਾ ਸਰਟੀਫਿਕੇਟ ਨਹੀਂ ਹੈ। ਹਸਪਤਾਲ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਮਰੀਜ਼ ਦਾ ਇਲਾਜ ਮੈਡੀਕਲ ਪ੍ਰੋਟੋਕਾਲ ਅਨੁਸਾਰ ਕੀਤਾ ਜਾ ਰਿਹਾ ਸੀ ਪਰ ਹਸਪਤਾਲ ਮਰੀਜ਼ ਦੇ ਡਾਕਟਰੀ ਇਲਾਜ ਸਬੰਧੀ ਕੋਈ ਰਿਕਾਰਡ ਨਹੀਂ ਪੇਸ਼ ਕਰ ਸਕਿਆ। ਦਰਅਸਲ, ਸਮੁੱਚਾ ਮੈਡੀਕਲ ਰਿਕਾਰਡ ਪ੍ਰਬੰਧਨ ਸਿਸਟਮ ਖ਼ਰਾਬ ਪਾਇਆ ਗਿਆ ਸੀ। ਹਸਪਤਾਲ ਅਥਾਰਟੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਮਰੀਜ਼ ਨੂੰ ਦੂਜੇ ਹਸਪਤਾਲ ਵਿੱਚ ਟਰਾਂਸਫ਼ਰ ਕਰਨ ਲਈ ਮਰੀਜ਼ ਦੇ ਪਰਿਵਾਰ ਨੂੰ ਲਾਮਾ (ਡਾਕਟਰੀ ਸਲਾਹ ਦੇ ਵਿਰੁੱਧ ਟਰਾਂਸਫ਼ਰ) ਜਾਰੀ ਕੀਤਾ ਸੀ ਪਰ ਇਸ ਸਬੰਧੀ ਵੀ ਹਸਪਤਾਲ ਵੱਲੋਂ ਕੋਈ ਦਸਤਾਵੇਜ਼ੀ ਸਬੂਤ ਪੇਸ਼ ਨਹੀਂ ਕੀਤਾ ਜਾ ਸਕਿਆ। ਏਨਾ ਹੀ ਨਹੀਂ, ਸੈਨੀਟੇਸ਼ਨ ਸਟਾਫ਼ ਵੱਲੋਂ ਪੀਪੀਈ ਕਿੱਟਾਂ ਪਹਿਨਣ ਸਬੰਧੀ ਮੁੱਢਲੇ ਕੋਵਿਡ ਕੇਅਰ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਗਈ। ਹਸਪਤਾਲ ਵੱਲੋਂ ਸਟਾਕ ਰਜਿਸਟਰ ਵੀ ਨਹੀਂ ਰੱਖਿਆ ਗਿਆ ਅਤੇ ਨਾ ਹੀ ਭੁਗਤਾਨ ਸਬੰਧੀ ਰਿਕਾਰਡ ਨੂੰ ਸਹੀ ਢੰਗ ਨਾਲ ਰੱਖਿਆ ਗਿਆ ਸੀ; ਇਕ ਲੱਖ ਰੁਪਏ ਤੋਂ ਵੱਧ ਦੇ ਕਿਸੇ ਵੀ ਭੁਗਤਾਨ ਲਈ ਭੁਗਤਾਨ ਕਰਨ ਵਾਲੇ ਦੇ ਪੈਨ ਵੇਰਵੇ ਨਹੀਂ ਰੱਖੇ ਗਏ ਸਨ।
ਰਿਪੋਰਟ ਵਿੱਚ ਲਿਖਿਆ ਹੈ ਕਿ ਨਿਊ ਲਾਈਫ਼ਲਾਈਨ ਹਸਪਤਾਲ ਜਾਂਚ ਕਮੇਟੀ ਅੱਗੇ ਐਨਏਬੀਐਚ (ਹਸਪਤਾਲਾਂ ਦਾ ਰਾਸ਼ਟਰੀ ਮਾਨਤਾ ਪ੍ਰਾਪਤ ਬੋਰਡ) ਦਾ ਸਰਟੀਫਿਕੇਟ, ਸਟਾਕ ਰਜਿਸਟਰ, ਮਰੀਜ਼ ਦਾ ਸੰਖੇਪ/ਇਲਾਜ ਰਿਕਾਰਡ, ਉਪਰੋਕਤ ਦੇ ਮੱਦੇਨਜ਼ਰ ਲਾਮਾ ਸੰਖੇਪ/ਡਿਸਚਾਰਜ ਸਰਟੀਫਿਕੇਟ ਆਦਿ ਰਿਕਾਰਡ ਦਿਖਾਉਣ ਵਿੱਚ ਅਸਫਲ ਰਿਹਾ ਹੈ। ਇਹ ਪਤਾ ਲੱਗਾ ਹੈ ਕਿ ਹਸਪਤਾਲ ਅਤੇ ਇਲਾਜ ਕਰਨ ਵਾਲੇ ਡਾਕਟਰ ਮੁਨੀਸ਼ ਗੋਇਲ ਦੀ ਡਾਕਟਰੀ ਲਾਪਰਵਾਹੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਲਾਜ ਸੰਬੰਧੀ ਕੋਈ ਰਿਕਾਰਡ ਨਹੀਂ ਪਾਇਆ ਗਿਆ। ਨਿਊ ਲਾਈਫਲਾਈਨ ਹਸਪਤਾਲ ਜ਼ੀਰਕਪੁਰ ਦੇ ਇਲਾਜ ਕਰਨ ਵਾਲੇ ਇਕੋ ਇਕ ਡਾਕਟਰ ਮੁਨੀਸ਼ ਗੋਇਲ ਦਾ ਵਿਵਹਾਰ ਉਸ ਦੇ ਪੇਸ਼ੇ ਅਨੁਸਾਰ ਨਹੀਂ ਹੈ ਕਿਉਂਕਿ ਉਹ ਮਰੀਜ਼ਾਂ ਅਤੇ ਉਨ੍ਹਾਂ ਦੇ ਅਟੈਂਡੈਂਟ ਪ੍ਰਤੀ ਬਹੁਤ ਰੁੱਖਾ ਪਾਇਆ ਗਿਆ ਹੈ। ਮਰੀਜ਼ ਦੇ ਦਾਖਲ ਹੋਣ ਦੀ ਮਿਤੀ ਤੋਂ ਲੈ ਕੇ ਮੌਤ ਤੱਕ ਇਲਾਜ ਇਲਾਜ ਦੌਰਾਨ ਮਰੀਜ਼ ਵੱਲੋਂ ਕੀਤੇ ਗਏ ਭੁਗਤਾਨ ਦਾ ਰਿਕਾਰਡ ਅਤੇ ਭੁਗਤਾਨ ਦੇ ਢੰਗ ਬਾਰੇ ਸਬੂਤ ਦੇਣ ਵਿੱਚ ਵੀ ਹਸਪਤਾਲ ਅਸਫਲ ਰਿਹਾ। ਇੰਜ ਹੀ ਬਾਇਓ-ਮੈਡੀਕਲ ਰਹਿੰਦ-ਖੂੰਹਦ ਦੇ ਨਿਪਟਾਰੇ ਅਤੇ ਪੀਪੀਈ ਕਿੱਟ ਪਹਿਨਣ ਸਬੰਧੀ ਕੋਵਿਡ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ।
ਉਪਰੋਕਤ ਦੇ ਮੱਦੇਨਜ਼ਰ ਜਾਂਚ ਵਿੱਚ ਇਹ ਪਾਇਆ ਗਿਆ ਹੈ ਕਿ ਇਹ ਹਸਪਤਾਲ, ਸੂਬਾ ਸਰਕਾਰ ਵੱਲੋਂ ਜਾਰੀ ਕੀਤੇ ਕਿਸੇ ਪ੍ਰੋਟੋਕਾਲ/ਦਿਸ਼ਾ ਨਿਰਦੇਸ਼ ਦੀ ਪਾਲਣਾ ਨਹੀਂ ਕਰ ਰਿਹਾ ਹੈ। ਹਸਪਤਾਲ ਵੱਲੋਂ ਵੈਂਟੀਲੇਟਰ ਸਮੇਤ ਆਈਸੀਯੂ ਬੈੱਡ ਲਈ ਲਏ ਜਾਂਦੇ ਰੇਟ ਪੰਜਾਬ ਸਰਕਾਰ ਵੱਲੋਂ ਜਾਰੀ ਆਦੇਸ਼ ਨੰਬਰ ਕੋਵਿਡ-19/ਐਨਐਚਐਮ/ਪੀਬੀ/21/10280 ਮਿਤੀ 08-03-2021 ਅਨੁਸਾਰ ਨਹੀਂ ਸਨ ਅਤੇ ਇਹ ਰੇਟ ਬਹੁਤ ਜ਼ਿਆਦਾ ਹਨ। ਜਾਂਚ ਕਮੇਟੀ ਨੇ ਸਿਫ਼ਾਰਸ਼ ਕੀਤੀ ਹੈ ਕਿ ਰਾਸ਼ਟਰੀ ਆਫ਼ਤ ਪ੍ਰਬੰਧਨ ਐਕਟ 2005 ਦੀ ਧਾਰਾ 51 (ਬੀ) ਅਤੇ 58 ਅਤੇ ਐਪੀਡੈਮਿਕ ਡਿਜੀਜ਼ ਐਕਟ 1897 ਦੀ ਧਾਰਾ 3 ਦੇ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇ।
ਜ਼ਿਕਰਯੋਗ ਹੈ ਕਿ ਕੋਵਿਡ-19 ਦੇ ਮ੍ਰਿਤਕ ਮਰੀਜ਼ ਦੇ ਪਰਿਵਾਰ ਨੇ ਸ਼ਨੀਵਾਰ ਸ਼ਾਮ ਨੂੰ ਇਲਾਜ ਵਿੱਚ ਕਮੀ ਹੋਣ ਅਤੇ ਜ਼ਿਆਦਾ ਖਰਚਾ ਵਸੂਲਣ ਦੇ ਦੋਸ਼ ਲਗਾਏ ਸਨ। ਡੀਸੀ ਨੇ ਐਸਡੀਐਮ, ਡੀਐਸਪੀ ਅਤੇ ਐਸਐਮਓ ਦੀ ਤਿੰਨ ਮੈਂਬਰੀ ਕਮੇਟੀ ਨੂੰ ਜਾਂਚ ਸੌਂਪੀ ਸੀ ਅਤੇ 24 ਘੰਟਿਆਂ ਵਿੱਚ ਲਿਖਤੀ ਰਿਪੋਰਟ ਮੰਗੀ ਸੀ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …