
ਜ਼ਿਲ੍ਹਾ ਪੁਲੀਸ ਵੱਲੋਂ ਚੈਨ ਸਨੈਚਰ ਗਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ, ਦਿੱਲੀ ਦਾ ਸੁਨਿਆਰ ਵੀ ਕੀਤਾ ਕਾਬੂ
ਮੁਲਜ਼ਮਾਂ ਕੋਲੋਂ ਸੋਨਾ, ਨਗਦੀ, ਸਕਾਰਪਿਊ ਕਾਰ ਤੇ ਚੋਰੀ ਦਾ ਆਟੋ ਬਰਾਮਦ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਸਤੰਬਰ:
ਮੁਹਾਲੀ ਪੁਲੀਸ ਨੇ ਚੈਨ ਸਨੈਚਰ ਗਰੋਹ ਦੇ 3 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਸੋਨੇ ਦੇ ਗਹਿਣੇ, ਨਗਦੀ ਅਤੇ ਚੋਰੀ ਦੇ ਵਾਹਨਾਂ ਬਰਾਮਦ ਕੀਤੇ ਗਏ ਹਨ। ਮੁਹਾਲੀ ਦੇ ਐਸਪੀ (ਸਿਟੀ) ਆਕਾਸ਼ਦੀਪ ਸਿੰਘ ਅੌਲਖ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇੱਥੋਂ ਦੇ ਫੇਜ਼-2 ਦੇ ਰਿਹਾਇਸ਼ੀ ਖੇਤਰ ਵਿੱਚ ਬੀਤੀ 5 ਅਗਸਤ ਨੂੰ ਸੋਨੇ ਦੀ ਚੈਨ ਸਨੈਚਿੰਗ ਦੀ ਵਾਰਦਾਤ ਵਾਪਰੀ ਸੀ। ਜਿਸ ਵਿੱਚ ਮੋਟਰਸਾਈਕਲ ’ਤੇ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਇਕ ਬਜ਼ੁਰਗ ਅੌਰਤ ਦੇ ਗਲੇ ’ਚੋਂ ਸੋਨੇ ਦੀ ਚੈਨ ਝਪਟ ਕੇ ਫਰਾਰ ਹੋ ਗਏ ਸਨ।
ਇਸ ਸਬੰਧੀ ਥਾਣਾ ਫੇਜ਼-1 ਵਿੱਚ ਕੇਸ ਦਰਜ ਕਰਕੇ ਐਸਐਚਓ ਸੁਮਿਤ ਮੋਰ ਦੀ ਅਗਵਾਈ ਹੇਠ ਮੁਲਜ਼ਮਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ। ਪੁਲੀਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰਦੇ ਹੋਏ ਮੁਲਜ਼ਮਾਂ ਤੱਕ ਪਹੁੰਚ ਗਈ। ਉਨ੍ਹਾਂ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿੱਕੀ ਵਾਸੀ ਬੁਲੰਦ ਸ਼ਹਿਰ ਯੂਪੀ ਅਤੇ ਦੀਪ ਸਿੰਘ ਵਾਸੀ ਬਿਹਾਰ ਹਾਲ ਵਾਸੀ ਪਿੰਡ ਢਕੌਲੀ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਕਿਹਾ ਕਿ ਵਿੱਕੀ ਵਿਰੁੱਧ ਕਰੀਬ 33 ਅਪਰਾਧਿਕ ਪਰਚੇ ਦਰਜ ਹਨ ਜਦੋਂਕਿ ਦੀਪ ਸਿੰਘ ਵਿਰੁੱਧ ਵੀ 9 ਕੇਸ ਦਰਜ ਹਨ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਮੰਨਿਆਂ ਕਿ ਪਿਛਲੇ ਦੋ ਮਹੀਨਿਆਂ ਦੌਰਾਨ 10 ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਅਤੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਇਨ੍ਹਾਂ ਦੇ ਇਕ ਹੋਰ ਸਾਥੀ ਸੰਤੋਸ਼ ਵਸਨੀਕ ਦਿੱਲੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਸੰਤੋਸ਼ ਸੁਨਿਆਰ ਦਾ ਕੰਮ ਕਰਦਾ ਹੈ ਜੋ ਕਿ ਦਿੱਲੀ ਵਿੱਚ ਸੋਨੇ ਦੀ ਗਲਾਈ ਅਤੇ ਢਲਾਈ ਦਾ ਕੰਮ ਕਰਦਾ ਹੈ। ਜੋ ਮੁਲਜ਼ਮਾਂ ਤੋਂ ਚੋਰੀ ਦਾ ਸੋਨਾ ਸਸਤੇ ਭਾਅ ਵਿੱਚ ਖ਼ਰੀਦ ਕੇ ਨਵੇਂ ਗਹਿਣੇ ਬਣਾ ਕੇ ਮੋਟਾ ਮੁਨਾਫ਼ਾ ਕਮਾਉਂਦਾ ਸੀ। ਪੁਲੀਸ ਅਨੁਸਾਰ ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਵਿੱਕੀ ਅਤੇ ਦੀਪ ਸਿੰਘ ਨੇ ਵਾਰਦਾਤਾਂ ਤੋਂ ਕਮਾਏ ਗਏ ਪੈਸਿਆਂ ਨਾਲ 1 ਐਲਈਡੀ, ਟੀਵੀ ਖ਼ਰੀਦਿਆ ਸੀ ਅਤੇ ਪਹਿਲਾਂ ਖਰੀਦੀ ਗਈ ਸਕਾਰਪਿਊ ਕਾਰ ਦੀ ਪੇਮੈਂਟ ਕੀਤੀ ਸੀ।
ਐਸਪੀ ਅੌਲਖ ਨੇ ਦੱਸਿਆ ਕਿ ਇਹ ਦੋਵੇਂ ਵਿਅਕਤੀ ਫ਼ਿਲਮੀ ਅੰਦਾਜ਼ ਵਿੱਚ ਵਾਰਦਾਤ ਨੂੰ ਅੰਜਾਮ ਦਿੰਦੇ ਸਨ। ਮੁਲਜ਼ਮ ਮੋਟਰ ਸਾਈਕਲ ’ਤੇ ਜਾਅਲੀ ਨੰਬਰ ਪਲੇਟ ਲਗਾ ਕੇ ਵਾਰਦਾਤ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਜਾਂਦੇ ਸਨ ਅਤੇ ਬਾਅਦ ਵਿੱਚ ਮੋਟਰ ਸਾਈਕਲ ’ਤੇ ਅਸਲੀ ਨੰਬਰ ਪਲੇਟ ਲਗਾ ਲੈਂਦੇ ਸੀ। ਉਨ੍ਹਾਂ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਮੋਟਰਸਾਈਕਲ, ਜਾਅਲੀ ਨੰਬਰ ਪਲੇਟਾਂ ਅਤੇ ਸੋਨੇ ਦੀਆਂ ਚੈਨਾਂ, ਇਕ ਚੋਰੀ ਦਾ ਥ੍ਰੀ ਵੀਲ੍ਹਰ, ਇੱਕ ਸਕਾਰਪਿਊ ਗੱਡੀ, ਨਗਦੀ ਸਮੇਤ ਹੋਰ ਸਮਾਨ ਬਰਾਮਦ ਕੀਤਾ ਗਿਆ ਹੈ।