ਸਹਿਕਾਰੀ ਸਭਾਵਾਂ ਦੇ ਮੈਂਬਰ ਸਾਉਣੀ ਦੀ ਵਸੂਲੀ ਦੇ ਕੇ ਸਬਸਿਡੀ ਦੇ ਹੱਕਦਾਰ ਬਣਨ: ਡੀਪੀ ਰੈਡੀ

ਵਿਭਾਗ ਨੇ ਕਿਸਾਨਾਂ ਲਈ ਸਾਉਣੀ ਦੇ ਫਸਲੀ ਕਰਜੇ ਭਰਨ ਦੀ ਮਿਆਦ 31 ਮਾਰਚ ਤੱਕ ਵਧਾਈ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 14 ਫਰਵਰੀ:
ਪੰਜਾਬ ਦੀਆਂ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਸਭਾਵਾਂ ਦੇ ਮੈਂਬਰ ਵਾਹੀਕਾਰ ਆਪਣੇ ਸਾਉਣੀ ਦੇ ਫਸਲੀ ਕਰਜੇ ਦੀ ਵਸੂਲੀ ਤੁਰੰਤ ਅਦਾ ਕਰਕੇ ਚਾਲੂ ਹਾੜ੍ਹੀ ਸੀਜ਼ਨ ਲਈ ਪੇਸ਼ਗੀ ਫਸਲੀ ਕਰਜਾ ਪ੍ਰਾਪਤ ਕਰਨ ਅਤੇ ਨਾਲ ਹੀ ਵਿਆਜ ’ਤੇ ਮਿਲਣ ਵਾਲੀ 3 ਫ਼ੀਸਦ ਸਬਸਿਡੀ ਦਾ ਵੀ ਲਾਭ ਉਠਾਉਣ।
ਇਹ ਪ੍ਰਗਟਾਵਾ ਵਧੀਕ ਮੁੱਖ ਸਕੱਤਰ ਸਹਿਕਾਰਤਾ ਡੀ.ਪੀ. ਰੈਡੀ ਨੇ ਵਿਭਾਗ ਦੇ ਖੇਤਰੀ ਅਧਿਕਾਰੀਆਂ, ਕੇਂਦਰੀ ਸਹਿਕਾਰੀ ਬੈਂਕਾਂ ਦੇ ਜਿਲ੍ਹਾ ਮੈਨੇਜਰਾਂ, ਆਡਿਟ ਅਧਿਕਾਰੀਆਂ ਅਤੇ ਸਹਿਕਾਰੀ ਸੰਸਥਾਵਾਂ ਦੇ ਉੱਚ ਅਧਿਕਾਰੀਆਂ ਨਾਲ ਕੀਤੀ ਰਾਜ ਪੱਧਰੀ ਮੀÎਟਿੰਗ ਦੌਰਾਨ ਕੀਤਾ। ਉਨਾਂ ਵਿਭਾਗ ਦੇ ਸਮੂਹ ਖੇਤਰੀ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਹਿਕਾਰੀ ਸਭਾਵਾਂ ਨਾਲ ਜੁੜੇ ਕਿਸਾਨ ਮੈਬਰਾਂ ਨੂੰ ਜਾਣੂ ਕਰਵਾਉਣ ਕਿ ਉਹਨਾਂ ਵੱਲੋਂ ਸਭਾਵਾਂ ਨੂੰ ਵਾਪਸ ਕੀਤੀ ਜਾਣ ਵਸੂਲੀ ਦਾ ਉਹਨਾਂ ਨੂੰ ਮਿਲਣ ਵਾਲੀ ਕਰਜ਼ਾ ਰਾਹਤ ਉੱਪਰ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਕਰਜਾ ਰਾਹਤ ਦਾ ਅਧਾਰ ਉਹਨਾਂ ਦੇ ਖਾਤੇ ਵਿੱਚ 31 ਮਾਰਚ 2017 ਤੱਕ ਦਾ ਖੜਾ ਕਰਜਾ ਹੈ। ਇਸ ਕਰਕੇ ਉਹ ਸਾਉਣੀ ਦੇ ਆਪਣੇ ਫਸਲੀ ਕਰਜੇ ਦੀ ਅਦਾਇਗੀ ਜਲਦ ਤੋਂ ਜਲਦ ਕਰਕੇ ਵਿਭਾਗ ਵੱਲੋਂ ਮਿਲਦੀ ਸਬਸਿਡੀ ਲਈ ਯੋਗ ਪਾਤਰ ਬਣਨ।
ਇਸ ਮੌਕੇ ਹਾਜ਼ਰ ਰਜਿਸਟਰਾਰ ਸਹਿਕਾਰੀ ਸਭਾਵਾਂ ਅਰਵਿੰਦਰ ਸਿੰਘ ਬੈਂਸ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਸਾਉਣੀ 2017 ਦੀ ਫਸਲ ਲਈ ਪ੍ਰਾਪਤ ਕੀਤੇ ਕਰਜੇ ਦੀ ਵਸੂਲੀ ਭਰਨ ਦੀ ਮਿਆਦ 31 ਮਾਰਚ ਤੱਕ ਕਰ ਦਿੱਤੀ ਹੈ। ਇਸ ਕਰਕੇ ਸਹਿਕਾਰੀ ਸਭਾਵਾਂ ਵਿੱਚ ਤਾਇਨਾਤ ਅਧਿਕਾਰੀ ਤੇ ਕਰਮਚਾਰੀ ਇੱਕ-ਜੁੱਟ ਹੋ ਕੇ ਮੈਂਬਰ ਕਿਸਾਨਾਂ ਤੱਕ ਕਰਜਾ ਵਸੂਲੀ ਖਾਤਰ ਪਹੁੰਚ ਕਰਨ। ਇਸ ਸਬੰਧੀ ਮੈਂਬਰਾਂ ਨੂੰ ਦੱਸਿਆ ਜਾਵੇ ਕਿ ਜਿਨ੍ਹਾਂ ਮੈਂਬਰਾਂ ਨੇ ਆਪਣੀ ਵਸੂਲੀ ਦੇ ਦਿੱਤੀ ਹੈ ਉਹਨਾਂ ਯੋਗ ਮੈਂਬਰਾਂ ਦੀ ਕਰਜ਼ਾ ਰਾਹਤ ਵੀ ਉਹਨਾਂ ਦੇ ਖਾਤਿਆਂ ਵਿੱਚ ਸਰਕਾਰ ਵੱਲੋਂ ਜਮਾਂ ਕਰਵਾ ਦਿੱਤੀ ਗਈ ਹੈ।
ਵਧੀਕ ਮੁੱਖ ਸਕੱਤਰ ਸਹਿਕਾਰਤਾ ਨੇ ਇਸ ਗੱਲ ’ਤੇ ਖੁਸ਼ੀ ਪ੍ਰਗਟ ਕੀਤੀ ਕਿ ਮੋਗਾ, ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਕਪੂਰਥਲਾ ਅਤੇ ਸੰਗਰੂਰ ਜ਼ਿਲ੍ਹਿਆਂ ਦੇ ਕਿਸਾਨਾਂ ਵੱਲੋਂ ਵੱਡੀ ਗਿਣਤੀ ਵਿੱਚ ਆਪਣੀ ਸਾਉਣੀ ਦੀ ਵਸੂਲੀ ਜਮਾਂ ਕਰਵਾ ਕੇ 3 ਫ਼ੀਸਦ ਸਬਸਿਡੀ ਪ੍ਰਾਪਤ ਕਰਨ ਦੀ ਯੋਗਤਾ ਹਾਸਲ ਕਰ ਲਈ ਹੈ। ਵੱਖ-ਵੱਖ ਵਿਭਾਗੀ ਪ੍ਰਗਤੀਆਂ ਅਤੇ ਯੋਜਨਾਵਾਂ ਦਾ ਜ਼ਇਜ਼ਾ ਲੈਂਦਿਆਂ ਸ੍ਰੀ ਰੈਡੀ ਨੇ ਅਧਿਕਾਰੀਆਂ ਨੂੰ ਵਿਭਾਗ ਦੇ ਪਰਾਲੀ ਸਾੜਨ ਤੋਂ ਰੋਕਣ ਲਈ ਵਰਤੇ ਜਾਣ ਵਾਲੇ ਸੰਦਾਂ ਨੂੰ ਕਿਰਾਏ ’ਤੇ ਲੈਣ ਲਈ ਮੋਬਾਇਲ ਐਪ ਨੂੰ ਛੇਤੀ ਤਿਆਰ ਕਰਨ ਅਤੇ ਇਸ ਬਾਰੇ ਪਿੰਡਾਂ ਵਿੱਚ ਵਾਹੀਕਾਰਾਂ ਨੂੰ ਜਾਣੂ ਕਰਵਾਉਣ ਦੇ ਆਦੇਸ਼ ਵੀ ਦਿੱਤੇ। ਇਸ ਮੌਕੇ ਵਿਸ਼ੇਸ਼ ਸਕੱਤਰ ਸਹਿਕਾਰਤਾ ਗਗਨਦੀਪ ਸਿੰਘ ਬਰਾੜ, ਐਮ.ਡੀ. ਮਾਰਕਫੈਡ ਅਰਸ਼ਦੀਪ ਸਿੰਘ ਥਿੰਦ ਅਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸਹਿਕਾਰੀ ਬੈਂਕਾਂ ਦੇ ਜਿਲ੍ਹਾ ਮੈਨੇਜਰ, ਸੰਯੁਕਤ ਸਕੱਤਰ ਤੇ ਉਪ ਸਕੱਤਰ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…