ਯਾਦਗਾਰੀ ਹੋ ਨਿਬੜੀ ਦੋ ਰੋਜ਼ਾ 5ਵੀਂ ਨੈਸ਼ਨਲ ਗੱਤਕਾ ਚੈਪੀਅਨਸ਼ਿਪ

ਚੈਂਪੀਅਨਸ਼ਿਪ ਵਿੱਚ ਦੇਸ਼ ਭਰ ਦੀਆਂ 21 ਸੂਬਿਆਂ ਦੀਆਂ ਟੀਮਾਂ ਨੇ ਹਿੱਸਾ ਲਿਆ

ਸਿੱਖ ਗੁਰੂ ਸਾਹਿਬਾਨਾਂ ਵੱਲੋਂ ਬਖ਼ਸ਼ੀ ਹੋਈ ਇੱਕ ਅਦਭੁੱਤ ਕਲਾ ਹੈ ਗੱਤਕਾ: ਰਜਿੰਦਰ ਸੋਹਲ

ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 3 ਅਕਤੂਬਰ:
ਇੱਥੋਂ ਦੇ ਪਿੰਡ ਚੁਪਕੀ ਸਥਿਤ ਫ਼ਿਜ਼ੀਕਲ ਕਾਲਜ਼ ਵਿਖੇ ਗੱਤਕਾ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਕਰਵਾਈ ਦੋ ਰੋਜ਼ਾ 5ਵੀਂ ਨੈਸ਼ਨਲ ਓਪਨ ਗੱਤਕਾ ਚੈਂਪੀਅਨਸ਼ਿਪ ਯਾਦਗਾਰ ਹੋ ਨਿਬੜੀ। ਗੱਤਕਾ ਮੁਕਾਬਲਿਆਂ ਵਿੱਚ ਪੰਜਾਬ ਦੀ ਟੀਮ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ ਜਦੋਂਕਿ ਦਿੱਲੀ ਤੇ ਚੰਡੀਗੜ੍ਹ ਦੀ ਟੀਮ ਨੇ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਗੱਤਕਾ ਫੈਡਰੇਸ਼ਨ ਆਫ਼ ਇੰਡੀਆ ਦੇ ਕਾਰਜ਼ਕਾਰੀ ਪ੍ਰਧਾਨ ਰਜਿੰਦਰ ਸਿੰਘ ਸੋਹਲ ਅਤੇ ਫੈਡਰੇਸ਼ਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਸੋਹਲ ਵੱਲੋਂ ਜੇਤੂ ਟੀਮਾਂ ਨੂੰ ਜੇਤੂ ਟਰਾਫ਼ੀ ਤੇ ਮੈਡਲਾਂ ਭੇਂਟ ਕਰਕੇ ਸਨਮਾਨ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਹਰਿੰਦਰ ਪਾਲ ਸਿੰਘ ਹੈਰੀਮਾਨ ਵੱਲੋਂ ਵੀ ਸ਼ਿਰਕਤ ਕੀਤੀ ਤੇ ਫੈਡਰੇਸ਼ਨ ਵਲੋਂ ਕਰਵਾਏ ਜਾ ਰਹੇ ਗੱਤਕਾ ਕੱਪ ਦੀ ਸ਼ਲਾਘਾ ਕੀਤੀ ਗਈ।
ਜਾਣਕਾਰੀ ਅਨੁਸਾਰ ਇਸ ਚੈਂਪੀਅਨਸ਼ਿਪ ਵਿੱਚ ਦੇਸ਼ ਭਰ ਦੀਆਂ 21 ਸੂਬਿਆਂ ਦੀਆਂ ਟੀਮਾਂ ਨੇ ਹਿੱਸਾ ਲਿਆ ਹੈ, ਜਿਸ ਵਿੱਚ ਪੰਜਾਬ ਦੇ ਨਾਲ ਨਾਲ ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਝਾਰਖੰਡ, ਤੇਲੰਗਾਨਾ, ਅਸਾਮ, ਰਾਜਸਥਾਨ, ਦਿੱਲੀ, ਚੰਡੀਗੜ੍ਹ, ਮਹਾਰਾਸ਼ਟਰ, ਕੇਰਲਾ, ਨਾਗਾਲੈਂਡ, ਕਰਨਾਟਕ, ਪੱਛਮੀ ਬੰਗਾਲ, ਸਾਈ, ਮਣੀਪੁਰ, ਤ੍ਰਿਪੁਰਾ, ਤਾਮਿਲਨਾਡੂ, ਗੋਆ ਅਤੇ ਛੱਤੀਸਗੜ੍ਹ ਅਤੇ ਦਾਦਰ ਨਗਰ ਹਵੇਲੀ ਵਰਗੇ ਰਾਜਾਂ ਦੇ ਖਿਡਾਰੀ ਹਿੱਸਾ ਲਿਆ ਸੀ। ਜਿਨ੍ਹਾਂ ਵਿੱਚ 550 ਤੋਂ ਵੱਧ ਪੁਰਸ਼ ਖਿਡਾਰੀ ਤੇ ਲੜਕੀਆਂ ਨੇ ਸ਼ਮੂਲੀਅਤ ਕੀਤੀ ਸੀ। ਇਸ ਮੌਕੇ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭੁੱਲਰ ਨੇ ਕਿਹਾ ਕਿ ਸਾਰੇ ਸੂਬਿਆਂ ਨੂੰ ਗੱਤਕਾਂ ਖੇਡਾਂ ਕਰਾਉਣ ਲਈ ਫੈਡਰੇਸ਼ਨ ਦੇ ਬੈਨਰ ਹੇਠ ਆਪਣੀਆਂ ਐਸੋਸੀਏਸ਼ਨਾਂ ਰਜਿਸਟਰਡ ਕਰਾਉਣਾ ਚਾਹੀਦਾ ਹੈ। ਤਾਂ ਕਿ ਗੁਰੂਆਂ ਵੱਲੋਂ ਬਖ਼ਸ਼ੀ ਖੇਡ ਗੱਤਕੇ ਨੂੰ ਦੁਨੀਆ ਭਰ ਵਿਚ ਫ਼ੈਲਾਇਆ ਜਾ ਸਕੇ। ਉਨ੍ਹਾਂ ਵੱਲੋਂ ਵੱਧ ਤੋਂ ਵੱਧ ਖਿਡਾਰੀਆਂ ਨੂੰ ਗੱਤਕਾ ਖੇਡ ਨਾਲ ਜੋੜਨ ਲਈ ਉਤਸ਼ਾਹਤ ਕਰਨਾ ਚਾਹੀਦਾ ਹੈ।
ਇਸ ਮੌਕੇ ਪੰਜਾਬ ਗੱਤਕਾ ਫੈਡਰੇਸ਼ਨ ਦੇ ਸੂਬਾਈ ਪ੍ਰਧਾਨ ਰਜਿੰਦਰ ਸਿੰਘ ਸੋਹਲ ਨੇ ਕਿਹਾ ਕਿ ਗੱਤਕਾ ਜੋ ਕਿ ਸਿੱਖ ਗੁਰੂ ਸਾਹਿਬਾਨਾਂ ਵੱਲੋਂ ਬਖ਼ਸ਼ੀ ਗਈ ਇੱਕ ਅਦਭੁੱਤ ਕਲਾ ਹੈ, ਪੁਰਾਤਨ ਸਮੇਂ ਵਿੱਚ ਮੰਤਵ ਸਵੈ ਰੱਖਿਆ ਕਰਨਾ ਸੀ ਪ੍ਰੰਤੂ ਅੱਜ ਦੇ ਸਮੇਂ ਵਿੱਚ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਕਰਨ ਵਿੱਚ ਗੱਤਕਾ ਇੱਕ ਖੇਡ ਦੇ ਤੌਰ ਤੇ ਆਪਣਾ ਅਹਿਮ ਸਥਾਨ ਰੱਖਦਾ ਹੈ। ਨੌਜਵਾਨਾਂ ਵਲੋਂ ਵਿਸਾਰੀ ਜਾ ਰਹੀ ਵਿਰਾਸਤ ਨਾਲ ਜੋੜਨ ਲਈ ਗੱਤਕਾ ਖੇਡ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਜੋੜਨਾ ਚਾਹੀਦਾ ਹੈ। ਲੜਕੀਆਂ ਨੂੰ ਵੀ ਆਪਣੀ ਸਵੈ-ਰੱਖਿਆ ਲਈ ਗੱਤਕਾ ਖੇਡ ਨੂੰ ਅਪਨਾਉਣਾ ਚਾਹੀਦਾ ਹੈ। ਇਸ ਮੌਕੇ ਜਗਦੀਸ਼ ਸਿੰਘ ਕੁਰਾਲੀ, ਮਨਵਿੰਦਰ ਸਿੰਘ ਵਿੱਕੀ, ਪਲਵਿੰਦਰ ਸਿੰਘ ਕੰਡਾ, ਜਸਵਿੰਦਰ ਸਿੰਘ ਪਾਵਲਾ ਆਦਿ ਹਾਜ਼ਰ ਸਨ।

Load More Related Articles

Check Also

ਭਾਰਤ-ਪਾਕਿ ਤਣਾਅ: ਪੰਜਾਬ ਦੇ ਹਸਪਤਾਲ ਮੌਜੂਦਾ ਹੰਗਾਮੀ ਹਾਲਤਾਂ ਨਾਲ ਨਜਿੱਠਣ ਲਈ ਤਿਆਰ

ਭਾਰਤ-ਪਾਕਿ ਤਣਾਅ: ਪੰਜਾਬ ਦੇ ਹਸਪਤਾਲ ਮੌਜੂਦਾ ਹੰਗਾਮੀ ਹਾਲਤਾਂ ਨਾਲ ਨਜਿੱਠਣ ਲਈ ਤਿਆਰ ਨਬਜ਼-ਏ-ਪੰਜਾਬ, ਮੁਹਾਲ…