
9ਵੀਂ ਤੋਂ 12ਵੀਂ ਤੱਕ ਸਾਇੰਸ ਵਿਸ਼ਾ ਪੜਾਉਣ ਲਈ ਨਿੱਜੀ ਸੰਸਥਾਵਾਂ ਨਾਲ ਐਮਓਯੂ ਸਾਈਨ ਕੀਤਾ ਜਾਵੇਗਾ: ਚੰਨੀ
ਪੰਜਾਬ ਦੇ ਪ੍ਰਾਈਵੇਟ ਉਚੇਰੀ ਸਿੱਖਿਆ ਅਦਾਰਿਆਂ ਵੱਲੋਂ ਸਾਇੰਸ ਵਿਸ਼ਾ ਪੜਾਉਣ ਲਈ ਸਰਕਾਰੀ ਸਕੂਲ ਅਪਣਾਏ ਜਾਣਗੇ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 5 ਜੂਨ:
ਪੰਜਾਬ ਸਰਕਾਰ ਵਲੋਂ 9ਵੀਂ ਜਮਾਤ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਸਾਇੰਸ ਵਿਸ਼ਾ ਪੜਾਉਣ ਲਈ ਪ੍ਰਾਈਵੇਟ ਉਚੇਰੀ ਸਿੱਖਿਆ ਸੰਸਥਾਵਾਂ ਨਾਲ ਸਮਝੌਤਾ ਸਹੀਬੱਧ ਕੀਤਾ ਜਾਵੇਗਾ।ਅੱਜ ਇੱਥੇ ਵੱਖ ਵੱਖ ਪ੍ਰਾਈਵੇਟ ਉਚੇਰੀ ਸਿੱਖਿਆ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਉਪਰੰਤ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੇ ਵਿਗਿਆਨਕ ਯੁਗ ਵਿਚ ਕਿਸੇ ਵੀ ਉਚੇਰੀ ਸਿੱਖਿਆ ਦੇ ਖੇਤਰ ਵਿਚ ਜਾਣ ਲਈ ਵਿਦਿਆਰਥੀਆਂ ਨੂੰ ਸਕੂਲ ਪੱਧਰ ‘ਤੇ ਸਾਇੰਸ ਵਿਸ਼ੇ ਦੀ ਵਧੀਆ ਜਾਣਕਾਰੀ ਹੋਣੀ ਲਾਜ਼ਮੀ ਹੈ।
ਸ੍ਰੀ ਚੰਨੀ ਨੇ ਕਿਹਾ ਕਿ ਸਾਇੰਸ ਵਿਸ਼ੇ ਵਿੱਚ ਬੱਚਿਆਂ ਦੀਆਂ ਨੀਂਹਾ ਮਜਬੂਤ ਕਰਨ ਦੇ ਮੰਤਵ ਨਾਲ ਇਸ ਪ੍ਰਸਤਾਵ ਨੂੰ ਵਿਚਾਰਨ ਲਈ ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨਾਲ ਮੀਟਿੰਗ ਕੀਤੀ ਜਾਵੇਗੀ।ਉਨ੍ਹਾਂ ਨਾਲ ਹੀ ਕਿਹਾ ਕਿ ਇਸ ਤੋਂ ਬਾਅਦ ਇਸ ਸਮਝੌਤੇ ਨੂੰ ਅਮਲੀ ਜਾਮਾਂ ਪਹਿਨਾਉਣ ਲਈ ਸਿੱਖਿਆ ਮੰਤਰੀ, ਤਕਨੀਕੀ ਸਿੱਖਿਆ ਮੰਤਰੀ ਅਤੇ ਪ੍ਰਾਈਵੇਟ ਜਥੇਬੰਦੀਆਂ ਵਲੋਂ ਸਾਂਝੀ ਮੀਟਿੰਗ ਅਗਲੇ ਹਫਤੇ ਕੀਤੀ ਜਾਵੇਗੀ।
ਤਕਨੀਕੀ ਸਿੱਖਿਆ ਮੰਤਰੀ ਨੇ ਦੱਸਿਆ ਕਿ ਮੁੱਢਲੇ ਤੌਰ ਇਸ ਪ੍ਰਸਤਾਵ ਦੇ ਤਹਿਤ ਪ੍ਰਈਵੇਟ ਅਦਾਰਿਆਂ ਨੇ ਪੇਸਕਸ਼ ਕੀਤੀ ਹੈ ਕਿ ਉਹ ਸਰਕਾਰੀ ਸਕੂਲਾਂ ਵਿਚ ਸਾਇੰਸ ਵਿਸ਼ੇ ਦੀ ਪੜਾਈ ਕਰਵਾਉਣ ਲਈ ਸਕੂਲਾਂ ਨੂੰ ਅਪਣਾਉਣਗੇ।ਉਨ੍ਹਾਂ ਦੱਸਿਆ ਕਿ ਪੇਸ਼ਕਸ਼ ਦੇ ਤਹਿਤ ਪ੍ਰਾਈਵੇਟ ਅਦਾਰੇ ਸਰਕਾਰੀ ਸਕੂਲਾਂ ਦੀਆਂ ਸਾਇੰਸ ਬਲਾਕਾਂ ਅਤੇ ਲੈਬਜ਼ ਦਾ ਇਨਫਰਾਸਟੱਕਚਰ ਵਿਕਸਤ ਕਰਨ ਅਤੇ ਕੈਮੀਕਲ ਮੁਹੱਈਆ ਕਰਵਾਉਣ ਲਈ ਸਹਿਯੋਗ ਦੇਣਗੇ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਨਿੱਜੀ ਅਦਾਰਿਆਂ ਨੇ ਇਹ ਵੀ ਪ੍ਰਸਤਾਵ ਦਿੱਤਾ ਗਿਆ ਹੈ ਕਿ ਹਫਤੇ ਦੇ ਇੱਕ ਦਿਨ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਪ੍ਰਾਈਵੇਟ ਅਦਾਰਿਆਂ ਵਿਚ ਜਾ ਕੇ ਉਨ੍ਹਾਂ ਦੀ ਲੈਬ ਦੀ ਵਰਤੋ ਕਰ ਸਕਣਗੇ।ਇਸ ਤੋਂ ਇਲਾਵਾ ਪ੍ਰਾਈਵੇਟ ਉੱਚ ਅਦਾਰਿਆਂ ਵਲੋਂ ਸਰਾਕਰੀ ਸਕੂਲਾਂ ਦੇ ਸਾਇੰਸ ਅਧਿਆਪਕਾਂ ਲਈ ਮੁਫਤ ਟਰੇਨਿੰਗ ਕੋਰਸ ਚਲਾਉਣ ਦਾ ਵੀ ਪ੍ਰਸਤਾਵ ਦਿੱਤਾ ਹੈ।
ਸ੍ਰੀ ਚੰਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇਹ ਸਾਂਝਾ ਉਪਰਾਲਾ ਉਚੇਰੀ ਸਿੱਖਿਆ ਲਈ ਬੱਚਿਆਂ ਨੂੰ ਤਿਆਰ ਕਰਨ ਕੀਤਾ ਜਾ ਰਿਹਾ ਹੈ, ਕਿਉਕਿ ਉਚੇਰੀ ਸਿੱਖਿਆ ਦੇ ਹਰ ਖੇਤਰ ਭਾਂਵੈ ਉਹ ਤਕਨੀਕੀ ਸਿੱਖਿਆ ਹੋਵੇ, ਫਾਰਮੈਸੀ ਹੋਵੇ ਜਾ ਕੋਈ ਹੋਰ ਵਿਸ਼ੇ ਹੋਣ, ਉਸ ਲਈ ਸਕੂਲ ਪੱਧਰ ‘ਤੇ ਬੱਚਿਆਂ ਨੂੰ ਸਾਇੰਸ ਵਿਸ਼ੇ ਵਿਚ ਵਧੀਆ ਸਿੱਖਿਅਤ ਹੋਣਾ ਲਾਜ਼ਮੀ ਹੈ।