Nabaz-e-punjab.com

ਭਾਗੋਮਾਜਰਾ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਦੀ ਨੀਅਤ ਘਰ ’ਚ ਦਾਖ਼ਲ ਹੋਏ 3 ਹਥਿਆਰਬੰਦ ਵਿਅਕਤੀ

ਮੁਹੱਲੇ ਦੀਆਂ ਅੌਰਤਾਂ ਦੀ ਦਲੇਰੀ ਕਾਰਨ ਬਚਾਅ, 1 ਮੁਲਜ਼ਮ ਕਾਬ, ਸੜਕ ਨੇੜੇ ਘਾਹ ’ਚੋਂ ਮਿਲਿਆ ਰਿਵਾਲਵਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਕਤੂਬਰ:
ਇੱਥੋਂ ਦੇ ਨਜ਼ਦੀਕੀ ਪਿੰਡ ਭਾਗੋਮਾਜਰਾ ਵਿੱਚ ਦਿਨ ਦਿਹਾੜੇ ਸਿੱਖਰ ਦੁਪਹਿਰੇ ਤਿੰਨ ਹਥਿਆਰਬੰਦ ਅਣਪਛਾਤੇ ਵਿਅਕਤੀਆਂ ਨੇ ਜਲ ਸਪਲਾਈ ਵਿਭਾਗ ’ਚੋਂ ਸੇਵਾਮੁਕਤ ਕਰਮਚਾਰੀ ਪਿਆਰਾ ਸਿੰਘ ਦੇ ਘਰ ਵਿੱਚ ਦਾਖ਼ਲ ਹੋ ਕੇ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਬਜ਼ੁਰਗ ਅੌਰਤ ਨੇ ਦਲੇਰੀ ਦਿਖਾਉਂਦਿਆਂ ਉਨ੍ਹਾਂ ਨੂੰ ਧੱਕਾ ਮਾਰ ਕੇ ਘਰ ’ਚੋਂ ਬਾਹਰ ਭੱਜ ਆਈ ਅਤੇ ਗਲੀ ਵਿੱਚ ਉੱਚੀ ਉੱਚੀ ਰੋਲਾ ਪਾ ਦਿੱਤਾ। ਰੋਲਾ ਸੁਣ ਕੇ ਜਿਵੇਂ ਹੀ ਮੁਹੱਲੇ ਦੀਆਂ ਅੌਰਤਾਂ ਇਕੱਠੀਆਂ ਹੋਈਆਂ ਤਾਂ ਉਕਤ ਵਿਅਕਤੀ ਉੱਥੋਂ ਮੇਨ ਸੜਕ ਵੱਲ ਭੱਜ ਗਏ ਲੇਕਿਨ ਅੌਰਤਾਂ ਅਤੇ ਹੋਰਨਾਂ ਨੇ ਇਕ ਵਿਅਕਤੀ ਨੂੰ ਫੜ ਕੇ ਕਾਬੂ ਕਰ ਲਿਆ। ਹਾਲਾਂਕਿ ਇਸ ਵਿਅਕਤੀ ਨੇ ਉਸ ਦੇ ਪਿੱਛੇ ਭੱਜ ਰਹੀਆਂ ਅੌਰਤਾਂ ਤੇ ਲੋਕਾਂ ਵੱਲ ਰਿਵਾਲਵਰ ਵੀ ਤਾਣੀ ਗਈ ਪ੍ਰੰਤੂ ਭੀੜ ਨੇ ਉਸ ਨੂੰ ਨੇੜੇ ਹੀ ਕਾਬੂ ਕਰ ਲਿਆ ਜਦੋਂਕਿ ਉਸ ਦੇ ਦੋ ਸਾਥੀ ਮੌਕੇ ਤੋਂ ਭੱਜਣ ਵਿੱਚ ਸਫਲ ਹੋ ਗਏ। ਪੁਲੀਸ ਨੇ ਸੜਕ ਕਿਨਾਰੇ ਘਾਹ ’ਚੋਂ ਰਿਵਾਲਵਰ ਵੀ ਬਰਾਮਦ ਕੀਤਾ ਹੈ, ਜੋ ਗੋਲੀਆਂ ਨਾਲ ਭਰਿਆ ਹੋਇਆ ਸੀ। ਇਸ ਘਟਨਾ ਤੋਂ ਬਾਅਦ ਸਮੁੱਚੇ ਪਿੰਡ ਵਿੱਚ ਦਹਿਸ਼ਤ ਫੈਲ ਗਈ।
ਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ਦੇ ਨੇੜੇ ਪਿਆਰਾ ਸਿੰਘ ਆਪਣੀ ਪਤਨੀ ਦੇ ਨਾਲ ਰਹਿੰਦਾ ਹੈ। ਅੱਜ ਦੁਪਹਿਰ ਵੇਲੇ ਉਹ ਪਤੀ ਪਤਨੀ ਘਰ ਵਿੱਚ ਮੌਜੂਦ ਸਨ। ਇਸ ਦੌਰਾਨ ਕਰੀਬ 12 ਵਜੇ ਤਿੰਨ ਮੋਨੇ ਵਿਅਕਤੀ (ਜੋ ਪੰਜਾਬੀ ਬੋਲਦੇ ਸੀ ਅਤੇ ਖ਼ੁਦ ਨੂੰ ਅੰਮ੍ਰਿਤਸਰ ਤੋਂ ਆਏ ਦੱਸ ਰਹੇ ਸੀ), ਉਨ੍ਹਾਂ ਦੇ ਘਰ ਆਏ। ਜਿਵੇਂ ਹੀ ਅਮਰਜੀਤ ਕੌਰ ਨੇ ਦਰਵਾਜਾ ਖੋਲ੍ਹਿਆ ਤਾਂ ਉਨ੍ਹਾਂ ਨੇ ਪੁੱਛਿਆ ਕਿ ਭਾਅ ਜੀ ਘਰੇ ਨੇ। ਬਜ਼ੁਰਗ ਨੇ ਹਾਂ ਵਿੱਚ ਜਵਾਬ ਦਿੰਦਿਆਂ ਇਹ ਸੋਚ ਕੇ ਅੰਦਰ ਵਾੜ ਲਿਆ ਕਿ ਸ਼ਾਇਦ ਉਸ ਦੇ ਪਤੀ ਦੇ ਜਾਣਕਾਰ ਹੋਣਗੇ।
ਅਮਰਜੀਤ ਕੌਰ ਨੇ ਦੱਸਿਆ ਕਿ ਉਹ ਰਾਧਾ ਸੁਆਮੀ ਡੇਰੇ ਨੂੰ ਮੰਨਦੇ ਹਨ ਅਤੇ ਉਕਤ ਵਿਅਕਤੀਆਂ ਨੇ ਚਿੱਟੇ ਕੱਪੜੇ ਪਾਏ ਹੋਏ ਹੋਣ ਉਨ੍ਹਾਂ ਨੂੰ ਲੱਗਿਆ ਕਿ ਸ਼ਾਇਦ ਇਹ ਵਿਅਕਤੀ ਵੀ ਡੇਰੇ ਨਾਲ ਸਬੰਧਤ ਹੋਣਗੇ। ਇਸ ਤਰ੍ਹਾਂ ਉਸ ਨੇ ਗੁਰੂ ਭਾਈ ਸਮਝ ਕੇ ਉਨ੍ਹਾਂ ਨੂੰ ਚਾਹ ਪਿਲਾਈ। ਪੀੜਤ ਅੌਰਤ ਅਨੁਸਾਰ ਇਹ ਵਿਅਕਤੀ ਕਹਿ ਰਹੇ ਸੀ ਕਿ ਉਨ੍ਹਾਂ ਨੇ ਕਮਰਾ ਕਿਰਾਏ ’ਤੇ ਲੈਣਾ ਹੈ। ਹਾਲਾਂਕਿ ਉਨ੍ਹਾਂ ਨੇ ਕੋਈ ਕਮਰਾ ਖਾਲੀ ਨਾ ਹੋਣ ਬਾਰੇ ਦੱਸਦਿਆਂ ਕੋਰਾ ਜਵਾਬ ਦੇ ਦਿੱਤਾ ਸੀ ਪ੍ਰੰਤੂ ਕਿਸੇ ਤਰ੍ਹਾਂ ਉਹ ਪਿਆਰਾ ਨੂੰ ਲੈ ਕੇ ਉਪਰਲੀ ਮੰਜ਼ਲ ’ਤੇ ਕਮਰਾ ਦੇਖਣ ਲਈ ਛੱਤ ’ਤੇ ਚਲੇ ਗਏ।
ਅਮਰਜੀਤ ਕੌਰ ਨੇ ਦੱਸਿਆ ਕਿ ਥੋੜੀ ਦੇਰ ਬਾਅਦ ਉਸ ਦਾ ਪਤੀ ਸਤਸੰਗ ਘਰ ਚਲਾ ਗਿਆ। ਪਤੀ ਦੇ ਜਾਣ ਦੀ ਦੇਰ ਸੀ ਕਿ ਉਕਤ ਵਿਅਕਤੀ ਦੁਬਾਰਾ ਫਿਰ ਉਨ੍ਹਾਂ ਦੇ ਘਰ ਆ ਗਏ ਅਤੇ ਪਾਣੀ ਪੀਣ ਦੀ ਇੱਛਾ ਜ਼ਾਹਰ ਕੀਤੀ। ਬਜ਼ੁਰਗ ਅੌਰਤ ਅਨੁਸਾਰ ਜਿਵੇਂ ਹੀ ਉਹ ਰਸੋਈ ਵਿੱਚ ਪਾਣੀ ਦਾ ਗਲਾਸ ਲੈਣ ਗਈ ਤਾਂ ਉਸ ਨੂੰ ਮਹਿਸੂਸ ਹੋਇਆ ਕਿ ਘਰ ਵਿੱਚ ਹਨੇਰਾ ਜਿਹਾ ਹੋ ਗਿਆ ਹੈ। ਉਸ ਨੇ ਦੇਖਿਆ ਕਿ ਉਕਤ ਵਿਅਕਤੀਆਂ ਨੇ ਅੰਦਰੋਂ ਕੁੰਡੀ ਲਗਾ ਲਈ ਸੀ। ਪੀੜਤ ਅੌਰਤ ਨੇ ਇਕ ਵਿਅਕਤੀ ਨੇ ਹੱਥ ਵਿੱਚ ਰਿਵਾਲਵਰ ਫੜਿਆ ਦੇਖ ਕੇ ਪਹਿਲਾਂ ਤਾਂ ਉਹ ਘਬਰਾ ਗਈ ਪਰ ਹਿੰਮਤ ਤੋਂ ਕੰਮ ਲੈਂਦਿਆਂ ਉਸ ਨੇ ਪਾਣੀ ਦੇ ਗਿਲਾਸ ਵਾਲੀ ਟਰੇਅ ਉਕਤ ਵਿਅਕਤੀਆਂ ਵੱਲ ਕਰਦਿਆਂ ਦਰਵਾਜੇ ਨੇੜੇ ਹੋ ਕੇ ਦੂਜੇ ਹੱਥ ਨਾਲ ਦਰਵਾਜੇ ਦੀ ਕੁੰਡੀ ਖੋਲ੍ਹ ਲਈ ਅਤੇ ਬਾਹਰ ਭੱਜ ਕੇ ਰੌਲਾ ਪਾ ਦਿੱਤਾ ਅਤੇ ਮੁਹੱਲੇ ਦੀਆਂ ਬੀਬੀਆਂ ਅਤੇ ਹੋਰ ਲੋਕ ਇਕੱਠੇ ਹੋ ਗਏ। ਜਿਸ ਕਾਰਨ ਇਹ ਵਿਅਕਤੀ ਵੀ ਬਾਹਰ ਨਿਕਲ ਕੇ ਭੱਜ ਪਏ।
ਉਧਰ, ਪ੍ਰਤੱਖਦਰਸ਼ੀਆਂ ਅਨੁਸਾਰ ਪਿੰਡ ਵਾਸੀਆਂ ਨੇ ਇਸ ਘਟਨਾ ਬਾਰੇ ਤੁਰੰਤ ਸੋਹਾਣਾ ਪੁਲੀਸ ਨੂੰ ਇਤਲਾਹ ਦੇ ਦਿੱਤੀ ਸੀ ਕਿ ਲੇਕਿਨ ਪੁਲੀਸ ਕਰੀਬ ਡੇਢ ਘੰਟਾ ਲੇਟ ਮੌਕੇ ’ਤੇ ਪੁੱਜੀ। ਦੁਪਹਿਰ ਕਰੀਬ ਡੇਢ ਵਜੇ ਏਐਸਆਈ ਸਤਨਾਮ ਸਿੰਘ ਅਤੇ ਏਐਸਆਈ ਵਵਰਿੰਦਰ ਸਿੰਘ ਅਤੇ ਹੋਰ ਪੁਲੀਸ ਮੌਕੇ ’ਤੇ ਪਹੁੰਚੇ ਅਤੇ ਕਮਿਊਨਿਟੀ ਸੈਂਟਰ ਨੇੜੇ ਘਾਹ ਵਿੱਚ ਪਏ ਰਿਵਾਲਵਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਬਾਅਦ ਵਿੱਚ ਡੀਐਸਪੀ ਰਮਨਦੀਪ ਸਿੰਘ ਨੇ ਵੀ ਘਟਨਾ ਦਾ ਜਾਇਜ਼ਾ ਲਿਆ। ਜਾਂਚ ਅਧਿਕਾਰੀ ਸਤਨਾਮ ਸਿੰਘ ਨੇ ਦੱਸਿਆ ਕਿ ਸੰਤ ਸਿੰਘ ਨਾਂ ਦੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ।
ਉਧਰ, ਡੀਐਸਪੀ ਰਮਨਦੀਪ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪੀੜਤ ਅੌਰਤ ਅਮਰਜੀਤ ਕੌਰ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਸੰਤ ਸਿੰਘ ਅਤੇ ਉਸ ਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਧਾਰਾ 452 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਖ ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ ਅਤੇ ਸੰਤ ਸਿੰਘ ਦੇ ਫਰਾਰ ਸਾਥੀਆਂ ਦੀ ਪੈੜ ਨੱਪਣ ਲਈ ਉਨ੍ਹਾਂ ਦੇ ਟਿਕਾਣਿਆਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲੀਸ ਅਨੁਸਾਰ ਫਿਲਹਾਲ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਉਹ ਲੁੱਟ-ਖੋਹ ਦੇ ਇਰਾਦੇ ਨਾਲ ਨਹੀਂ ਆਏ ਸੀ ਬਲਕਿ ਪਿੰਡ ਵਿੱਚ ਕਿਸੇ ਅੌਰਤ ਨੂੰ ਮਿਲਣ ਆਏ ਸੀ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…