
ਸਾਦਾ ਵਿਆਹ ਕਰਕੇ ਨੌਜਵਾਨ ਪੀੜ੍ਹੀ ਨੂੰ ਦਿੱਤਾ ਫਜ਼ੂਲ ਖ਼ਰਚੀ ਰੋਕਣ ਦਾ ਸੁਨੇਹਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜੂਨ:
ਇੱਥੋਂ ਦੇ ਫੇਜ਼-9 ਦੇ ਵਸਨੀਕ ਬਲਿਹਾਰ ਸਿੰਘ ਵਿਰਕ ਨੇ ਆਪਣੇ ਸਪੁੱਤਰ ਬਿਕਰਮ ਸਿੰਘ ਵਿਰਕ ਦਾ ਸਾਦਾ ਵਿਆਹ ਕਰਕੇ ਅਜੋਕੀ ਨੌਜਵਾਨ ਪੀੜ੍ਹੀ ਨੂੰ ਫਜ਼ੂਲ ਖ਼ਰਚੀ ਬੰਦ ਕਰਨ ਦਾ ਸੁਨੇਹਾ ਦਿੱਤਾ ਹੈ। ਬਿਕਰਮ ਦਾ ਵਿਆਹ ਜ਼ਿਲ੍ਹਾ ਪਟਿਆਲਾ ਦੇ ਕਸਬਾ ਸਮਾਣਾ ਦੇ ਪਿੰਡ ਮਿਆਲਾ ਦੀ ਬੀਬਾ ਕੁਲਵਿੰਦਰ ਕੌਰ ਨਾਲ ਹੋਇਆ। ਵਿਰਕ ਪਰਿਵਾਰ ’ਚੋਂ ਲਾੜੇ ਸਮੇਤ ਉਸ ਦੇ ਮਾਤਾ-ਪਿਤਾ ਅਤੇ ਵੱਡਾ ਭਰਾ ਤੇ ਭਾਬੀ ਬਰਾਤ ਲੈ ਕੇ ਲੜਕੀ ਵਾਲੇ ਦੇ ਘਰ ਪਹੁੰਚੇ ਅਤੇ ਗੁਰਦੁਆਰਾ ਸਾਹਿਬ ਵਿੱਚ ਆਨੰਦ ਕਾਰਜ ਦੀ ਰਸਮ ਤੋਂ ਬਾਅਦ ਘਰ ਦਾ ਪ੍ਰਸ਼ਾਦਾ ਛਕਿਆ ਅਤੇ ਡੋਲੀ ਲੈ ਕੇ ਆਪਣੇ ਘਰ ਵਾਪਸ ਆ ਗਏ।
ਸ੍ਰੀ ਵਿਰਕ ਨੇ ਦੱਸਿਆ ਕਿ ਬੇਟੇ ਦੇ ਵਿਆਹ ਸਬੰਧੀ ਮੁਹਾਲੀ ਦੇ ਐਸਡੀਐਮ ਤੋਂ ਅਗਾਊਂ ਪ੍ਰਵਾਨਗੀ ਲਈ ਸੀ। ਇਸ ਦੌਰਾਨ ਨਾ ਤਾਂ ਉਨ੍ਹਾਂ ਨੇ ਕਿਸੇ ਹੋਟਲ ਜਾਂ ਰੈਸਟੋਰੈਂਟ ਬੁੱਕ ਕੀਤਾ ਗਿਆ ਸੀ ਅਤੇ ਨਾ ਹੀ ਲੜਕੀ ਵਾਲਿਆਂ ਨੂੰ ਅਜਿਹੇ ਪ੍ਰਬੰਧ ਕਰਨ ਲਈ ਕਿਹਾ ਗਿਆ ਸਗੋਂ ਦੋਵੇਂ ਪਰਿਵਾਰਾਂ ਨੇ ਆਪਸ ਵਿੱਚ ਰਲ ਮਿਲ ਕੇ ਇਸ ਕਾਰਜ ਨੂੰ ਬੜੇ ਹੀ ਸਾਦੇ ਤਰੀਕੇ ਨਾਲ ਨੇਪਰੇ ਚੜਾਇਆ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਹੁਣ ਤਾਂ ਭਾਵੇਂ ਸਾਰਿਆਂ ਨੂੰ ਕਰੋਨਾ ਮਹਾਮਾਰੀ ਕਾਰਨ ਸਾਦੇ ਵਿਆਹ ਕਰਨੇ ਪੈ ਰਹੇ ਹਨ ਪ੍ਰੰਤੂ ਜੇਕਰ ਇਸ ਧਾਰਨਾ ਨੂੰ ਹਰ ਕੋਈ ਸੱਚੇ ਦਿਲੋਂ ਅਪਨਾ ਲਵੇ ਤਾਂ ਫਜ਼ੂਲ ਖ਼ਰਚੀ ਨੂੰ ਠੱਲ੍ਹ ਪੈਣ ਦੇ ਨਾਲ-ਨਾਲ ਰਿਸ਼ਤਿਆਂ ਵਿੱਚ ਮਿਠਾਸ ਭਰੀ ਜਾ ਸਕਦੀ ਹੈ।