
ਮਿਡ-ਡੇਅ-ਮੀਲ ਕੁੱਕ ਫਰੰਟ ਦੀਆਂ ਬੀਬੀਆਂ ਨੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਨਾਲ ਕੀਤੀ ਮੁਲਾਕਾਤ
ਸਿੱਖਿਆ ਮੰਤਰੀ ਵੱਲੋਂ ਕੁੱਕ ਬੀਬੀਆਂ ਨੂੰ ਛੇਤੀ ਤਨਖ਼ਾਹ ਵਧਾਉਣ ਦਾ ਭਰੋਸਾ
ਮਿਡ-ਡੇਅ-ਮੀਲ ਕੁੱਕ ਨੂੰ ਬੱਚਿਆਂ ਦੀ ਗਿਣਤੀ ਘਟਣ ’ਤੇ ਸਕੂਲਾਂ ’ਚੋਂ ਕੱਢਣ ਵਾਲਾ ਪੱਤਰ ਵਾਪਸ ਲੈਣ ’ਤੇ ਚਰਚਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਕਤੂਬਰ:
ਡੈਮੋਕ੍ਰੇਟਿਕ ਮਿਡ-ਡੇਅ-ਮੀਲ ਕੁੱਕ ਫਰੰਟ ਪੰਜਾਬ ਦੀ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ ਦੀ ਅਗਵਾਈ ਹੇਠ ਕੁੱਕ ਬੀਬੀਆਂ ਦੇ ਵਫ਼ਦ ਨੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਮਿਡ-ਡੇਅ-ਮੀਲ ਕੁੱਕ ਬੀਬੀਆਂ ਦੀਆਂ ਹੱਕੀ ਮੰਗਾਂ ਸਬੰਧੀ ਮੰਗ ਪੱਤਰ ਸੌਂਪਦੇ ਹੋਏ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਘਟਣ ਕਾਰਨ ਕੁੱਕ ਬੀਬੀਆਂ ਨੂੰ ਸਕੂਲਾਂ ’ਚੋਂ ਫਾਰਗ ਕਰਨ ਵਾਲਾ ਪੱਤਰ ਵਾਪਸ ਲੈਣ ਦੀ ਮੰਗ ਕੀਤੀ। ਇਸ ਅਹਿਮ ਮੁੱਦੇ ’ਤੇ ਗੰਭੀਰ ਚਰਚਾ ਕੀਤੀ ਗਈ।
ਇਸ ਮੌਕੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ ਕਿਹਾ ਕਿ ਮਿਡ-ਡੇਅ-ਮੀਲ ਕੁੱਕ ਦੀਆਂ ਤਨਖ਼ਾਹਾਂ ਵਿੱਚ ਵਾਧਾ ਕਰਨ ਬਾਰੇ ਪੰਜਾਬ ਸਰਕਾਰ ਗੰਭੀਰਤਾ ਵਿਚਾਰ ਕਰ ਰਹੀ ਹੈ। ਇਸ ਸਬੰਧੀ ਵਿੱਤ ਵਿਭਾਗ ਨਾਲ ਵੀ ਚਰਚਾ ਹੋ ਚੁੱਕੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਛੇਤੀ ਹੀ ਕੁੱਕ ਦੀ ਤਨਖ਼ਾਹ ਵਧਾਉਣ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਜਾਵੇਗਾ। ਕੁੱਕ ਬੀਬੀਆਂ ਦੀ ਸਾਲ ਵਿੱਚ ਦੋ ਮਹੀਨੇ ਦੀ ਤਨਖ਼ਾਹ ਨਾ ਕੱਟਣ ਦੀ ਮੰਗ ’ਤੇ ਮੰਤਰੀ ਨੇ ਭਰੋਸਾ ਦਿੱਤਾ ਕਿ ਇਸ ਮਸਲੇ ਦੇ ਹੱਲ ਲਈ ਵਿਚਾਰ ਚਰਚਾ ਚੱਲ ਰਹੀ ਹੈ। ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਘਟਣ ’ਤੇ ਮਿਡ-ਡੇਅ-ਮੀਲ ਕੁੱਕ ਨੂੰ ਸਕੂਲਾਂ ’ਚੋਂ ਕੱਢਣ ਵਾਲਾ ਪੱਤਰ ਵਾਪਸ ਲੈਣ ਲਈ ਵੀ ਜ਼ੋਰ ਦਿੱਤਾ। ਫਰੰਟ ਦੀ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ, ਸੁਖਜੀਤ ਕੌਰ ਲਚਕਾਣੀ, ਪਰਮਜੀਤ ਕੌਰ ਨਰਾਇਣਗੜ੍ਹ, ਸਿਮਰਜੀਤ ਕੌਰ ਅਜਨੌਦਾ ਨੇ ਦੱਸਿਆ ਕਿ ਭਾਵੇਂ ਕਿ ਸਿੱਖਿਆ ਮੰਤਰੀ ਵੱਲੋਂ ਵੱਡਾ ਭਰੋਸਾ ਦਿੱਤਾ ਗਿਆ ਹੈ ਕਿ ਕੁੱਕ ਦੀਆਂ ਜਾਇਜ਼ ਮੰਗਾਂ ਨੂੰ ਸਰਕਾਰ ਗੰਭੀਰਤਾ ਨਾਲ ਹੱਲ ਕਰੇਗੀ, ਪ੍ਰੰਤੂ ਜਦੋਂ ਤੱਕ ਮੰਗਾਂ ਲਾਗੂ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਸੰਘਰਸ਼ ਜਾਰੀ ਰੱਖੇਗਾ।
ਆਗੂਆਂ ਨੇ ਦੱਸਿਆ ਕਿ ਪੰਜਾਬ ਵਿੱਚ ਲਗਪਗ 50 ਹਜ਼ਾਰ ਮਿਡ-ਡੇਅ-ਮੀਲ ਕੁੱਕ ਹਨ, ਜੋ ਗਰੀਬ ਪਰਿਵਾਰਾਂ ਨਾਲ ਸਬੰਧਤ ਜਿਨ੍ਹਾਂ ਵਿੱਚ ਜ਼ਿਆਦਾ ਗਿਣਤੀ ਵਿਧਵਾ ਅੌਰਤਾਂ ਹਨ। ਉਨ੍ਹਾਂ ਮੰਗ ਕੀਤੀ ਕਿ ਕੁੱਕ ਨੂੰ ਘੱਟੋ-ਘੱਟ ਉਜ਼ਰਤਾਂ ਅਧੀਨ ਲਿਆ ਕੇ ਸਰਕਾਰ ਆਪਣੇ ਵਾਅਦੇ ਅਨੁਸਾਰ ਕੁੱਕ ਦੀ ਤਨਖ਼ਾਹ ਤੁਰੰਤ ਦੁੱਗਣੀ ਕੀਤੀ ਜਾਵੇ। ਹਰਿਆਣਾ ਸਰਕਾਰ ਕੁੱਕ ਨੂੰ 4500 ਰੁਪਏ ਤਨਖ਼ਾਹ ਦੇ ਰਹੀ ਹੈ, ਜਦੋਂਕਿ ਪੰਜਾਬ ਵਿੱਚ ਮਈ ਮਹੀਨੇ ਤੋਂ ਪਹਿਲਾਂ 1700 ਰੁਪਏ ਅਤੇ ਹੁਣ 2200 ਰੁਪਏ ਤਨਖ਼ਾਹ ਦਿੱਤੀ ਜਾ ਰਹੀ ਹੈ, ਜੋ ਮਹਿੰਗਾਈ ਮੁਤਾਬਕ ਬਹੁਤ ਘੱਟ ਹੈ। ਉਨ੍ਹਾਂ ਮੰਗ ਕੀਤੀ ਕਿ ਬੀਏ ਪਾਸ ਕੁੱਕ ਬੀਬੀਆਂ ਨੂੰ ਮਿਡ-ਡੇਅ-ਮੀਲ ਸਕੀਮ ਤਹਿਤ ਸਹਾਇਕ ਮੈਨੇਜਰ ਵਜੋਂ ਤਰੱਕੀ ਦਿੱਤੀ ਜਾਵੇ।