
ਮਿਡ ਡੇਅ ਮੀਲ ਕੁੱਕ ਬੀਬੀਆਂ ਵੱਲੋਂ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ, ਚੱਕਾ ਜਾਮ
ਸਿੱਖਿਆ ਮੰਤਰੀ ਨਾਲ ਮੀਟਿੰਗ ਕਰਵਾਉਣ ਦੇ ਲਿਖਤੀ ਭਰੋਸੇ ਮਗਰੋਂ ਕੁੱਕ ਬੀਬੀਆਂ ਨੇ ਚੁੱਕਿਆ ਧਰਨਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਕਤੂਬਰ:
ਡੈਮੋਕ੍ਰੇਟਿਕ ਮਿਡ ਡੇਅ ਮੀਲ ਕੁੱਕ ਫਰੰਟ ਪੰਜਾਬ ਦੀ ਅਗਵਾਈ ਅੱਜ ਮੁਹਾਲੀ ਵਿਖੇ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਅੱਗੇ ਪੰਜਾਬ ਭਰ ਵਿੱਚੋਂ ਇਕੱਠੀਆਂ ਹੋਈਆਂ ਸੈਂਕੜੇ ਮਿਡ ਡੇ ਮੀਲ ਕੁੱਕ ਬੀਬੀਆਂ ਨੇ ਰੋਸ਼ ਪ੍ਰਦਰਸ਼ਨ ਕੀਤਾ। ਇਸ ਮੌਕੇ ਇਕੱਠੀਆਂ ਮਿਡ ਡੇਅ ਮੀਲ ਕੁੱਕ ਬੀਬੀਆਂ ਨੇ ਪ੍ਰਸ਼ਾਸ਼ਨ ਅੱਗੇ ਮੰਗ ਰੱਖੀ ਕਿ ਸਿੱਖਿਆ ਮੰਤਰੀ ਪੰਜਾਬ ਨਾਲ ਉਨ੍ਹਾਂ ਦੀ ਮੀਟਿੰਗ ਤੈਅ ਕਰਵਾਈ ਜਾਵੇ। ਪਰ ਪ੍ਰਸ਼ਾਸ਼ਨ ਨੇ ਜਦੋਂ ਉਨ੍ਹਾਂ ਨੂੰ ਬੇਧਿਆਨ ਕੀਤਾ ਤਾਂ ਗੁੱਸੇ ਵਿੱਚ ਆਈਆਂ ਮਿਡ ਡੇਅ ਮੀਲ ਕੁੱਕ ਬੀਬੀਆਂ ਨੇ ਗੁਰਦਬਾਰਾ ਅੰਬ ਸਾਹਿਬ ਦੇ ਨੇੜਲੇ ਮੁੱਖ ਚੌਂਕ ’ਤੇ ਜਾਮ ਲਗਾ ਦਿੱਤਾ, ਤਾਂ ਤੁਰੰਤ ਪ੍ਰਸ਼ਾਸ਼ਨ ਹਰਕਤ ਵਿੱਚ ਆ ਗਿਆ। ਮੁਹਾਲੀ ਦੇ ਤਹਿਸੀਲਦਾਰ ਵਿਕਾਸ ਸ਼ਰਮਾ ਅਤੇ ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਰਾਜੇਸ਼ ਅਰੋੜਾ ਕੁੱਕ ਬੀਬੀਆਂ ਨਾਲ ਗੱਲਬਾਤ ਕਰਨ ਲਈ ਪਹੁੰਚ ਗਏ। ਤਹਿਸੀਲਦਾਰ ਨੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਨਾਲ 12 ਅਕਤੂਬਰ ਨੂੰ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਮੀਟਿੰਗ ਕਰਵਾਉਣ ਦਾ ਲਿਖਤੀ ਭਰੋਸਾ ਦੇ ਕੇ ਗੁੱਸੇ ਵਿੱਚ ਆਈਆਂ ਮਿਡ ਡੇਅ ਮੀਲ ਕੁੱਕ ਬੀਬੀਆਂ ਨੂੰ ਸ਼ਾਂਤ ਕੀਤਾ।
ਇਸ ਮੌਕੇ ਇਕੱਠੀਆਂ ਹੋਈਆਂ ਮਿਡ ਡੇਅ ਮੀਲ ਕੁੱਕ ਬੀਬੀਆਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ, ਸੂਬਾ ਮੀਤ ਪ੍ਰਧਾਨ ਜਲ ਕੌਰ ਸੌਂਢਾ ਲਹਿਰਾ, ਪਰਮਜੀਤ ਕੌਰ ਨਰਾਇਣਗੜ੍ਹ, ਸਿੰਦਰ ਕੌਰ ਸਿਬੀਆ, ਸੁਖਜੀਤ ਕੌਰ ਲਚਕਾਣੀ, ਸੁਨੀਤਾ ਰਾਣੀ ਪੱਕੀ ਰੁੜਕੀ, ਬਲਜੀਤ ਕੌਰ ਬੂਰਮਾਜਰਾ, ਕੁਲਵੰਤ ਕੌਰ ਕਲਿਆਣ, ਜਸਵੀਰ ਕੌਰ ਅਮਲੋਹ, ਮੁਕੇਸ਼ ਰਾਣੀ ਅਮਰਗੜ੍ਹ ਨੇ ਕਿਹਾ ਪੰਜਾਬ ਸਰਕਾਰ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਉਨ੍ਹਾਂ ਅੱਗੇ ਕਿਹਾ ਪੰਜਾਬ ਸਰਕਾਰ ਮਿਡ ਡੇ ਮੀਲ ਕੁੱਕ ਬੀਬੀਆਂ ਨਾਲ ਤਨਖਾਹ ਦੁਗਣੀ ਕਰਨ ਦੇ ਵਾਅਦੇ ਨੂੰ ਲਾਗੂ ਨਹੀਂ ਕਰ ਰਹੀ। ਉਨ੍ਹਾਂ ਅੱਗੇ ਕਿਹਾ ਕਿ ਮਿਡ ਡੇ ਮੀਲ ਕੁੱਕ ਬੀਬੀਆਂ ਨਾਲ ਹਰ ਪੈਨਲ ਮੀਟਿੰਗ ਵਿੱਚ ਸਿੱਖਿਆ ਮੰਤਰੀ ਪੰਜਾਬ, ਸਿੱਖਿਆ ਸਕੱਤਰ ਪੰਜਾਬ ਨੇ ਦੁਗਣੀ ਤਨਖਾਹ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਨ ਦੀ ਗੱਲ ਕੀਤੀ। ਜੋ ਅੱਜ ਤੱਕ ਜਾਰੀ ਨਹੀਂ ਹੋਇਆ।
ਆਗੂਆਂ ਨੇ ਆਪਣਾ ਦਰਦ ਬਿਆਨ ਕਰਦਿਆਂ ਕਿਹਾ ਪੰਜਾਬ ਵਿੱਚ 50 ਹਜ਼ਾਰ ਦੇ ਕਰੀਬ ਮਿਡ ਡੇ ਮੀਲ ਕੁੱਕ ਹਨ, ਜੋ ਅਤਿ ਦੇ ਗਰੀਬ ਪ੍ਰੀਵਾਰਾਂ ਨਾਲ ਸਬੰਧਿਤ। ਜਿਨ੍ਹਾਂ ਵਿੱਚ ਜ਼ਿਆਦਾ ਗਿਣਤੀ ਵਿਧਵਾ ਗਰੀਬ ਅੌਰਤਾਂ ਹਨ। ਇਸ ਮੌਕੇ ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਮਿਡ ਡੇ ਮੀਲ ਕੁੱਕ ਨੂੰ ਘੱਟੋ ਘੱਟ ਉਜਰਤਾਂ ਅਧੀਨ ਲਿਆ ਕੇ ਸਰਕਾਰ ਆਪਣੇ ਵਾਅਦੇ ਅਨੁਸਾਰ ਕੁੱਕ ਦੀ ਤਨਖਾਹ ਤੁਰੰਤ ਦੁੱਗਣੀ ਕਰੇ ਅਤੇ ਦੋ ਮਹੀਨੇ ਦੀ ਤਨਖਾਹ ਕੱਟਣੀ ਬੰਦ ਕਰੇ। ਉਨ੍ਹਾਂ ਦੱਸਿਆ ਕਿ ਹਰਿਆਣਾ ਸਰਕਾਰ ਮਿਡ ਡੇ ਮੀਲ ਕੁੱਕ ਨੂੰ 4500 ਰੁਪਏ ਮਹੀਨਾ ਦੇ ਰਹੀ ਹੈ, ਜਦੋਂ ਕਿ ਪੰਜਾਬ ਵਿੱਚ ਮਈ ਮਹੀਨੇ ਤੋਂ ਪਹਿਲਾਂ 1700 ਰੁਪਏ ਅਤੇ ਮਈ ਮਹੀਨੇ ਤੋਂ 2200 ਰੁਪਏ ਮਿਡ ਡੇ ਮੀਲ ਕੁੱਕ ਨੂੰ ਦੇ ਰਹੀ ਹੈ।
ਉਨ੍ਹਾਂ ਅੱਗੇ ਇਹ ਵੀ ਮੰਗ ਕੀਤੀ ਕਿ ਪ੍ਰੀ-ਪ੍ਰਾਇਮਰੀ ਕਲਾਸਾਂ ਦੇ ਬੱਚਿਆਂ ਦੀ ਗਿਣਤੀ ਨੂੰ ਮਿਡ ਡੇ ਮੀਲ ਸਕੀਮ ਵਿੱਚ ਸ਼ਾਮਲ ਕੀਤਾ ਜਾਵੇ। ਉਨ੍ਹਾਂ ਇਸ ਮੌਕੇ ਇਹ ਵੀ ਕਿਹਾ ਕਿ ਕੁੱਕ ਦੀਆਂ ਸੇਵਾਵਾਂ ਨੂੰ ਘੱਟੋ ਘੱਟ ਉਜਰਤਾਂ ਅਧੀਨ ਲੈ ਕੇ ਛੁੱਟੀਆਂ ਤੈਅ ਕੀਤੀਆਂ ਜਾਣ। ਕੁੱਕ ਬੀਬੀਆਂ ਦਾ ਬੀਮਾਂ ਸਰਕਾਰ ਆਪਣੇ ਖ਼ਰਚ ’ਤੇ ਕਰਵਾਏ। ਜੋ ਬੀਬੀਆਂ ਬੀਏ ਤੱਕ ਦੀ ਪੜ੍ਹਾਈ ਕਰ ਚੁੱਕੀਆਂ ਹਨ, ਉਨ੍ਹਾਂ ਨੂੰ ਮਿਡ ਡੇ ਮੀਲ ਲਈ ਸਹਾਇਕ ਮੈਨੇਜਰ ਵਜੋਂ ਤਰੱਕੀ ਦਿੱਤੀ ਜਾਵੇੇ। ਸਕੂਲ ਵਿੱਚ ਬੱਚੇ ਘੱਟਣ ’ਤੇ ਕੁੱਕ ਨੂੰ ਕੱਢਣ ਦਾ ਪੱਤਰ ਵਾਪਸ ਲਿਆ ਜਾਵੇ। ਇਸ ਮੌਕੇ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਜੇੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਾ ਲਿਆ, ਤਾਂ ਉਹ ਮੁੱਖ ਮੰਤਰੀ ਪੰਜਾਬ ਦੇ ਸ਼ਹਿਰ ਵਿੱਚ ਪੱਕਾ ਮੋਰਚਾ ਲਗਾਉਣ ਲਈ ਮਜ਼ਬੂਰ ਹੋਣਗੀਆਂ। ਇਸ ਮੌਕੇ ਰਣਧੀਰ ਕੋਰ ਅਮਲੋਹ, ਸਹਿਨਾਜ ਮੂਨਕ, ਕੁਲਵਿੰਦਰ ਕੌਰ ਅਰਨੌਂ, ਚਰਨਜੀਤ ਕੌਰ ਅਰਨੌਂ, ਕੁਲਵੀਰ ਕੌਰ ਸਰਹੰਦ, ਲਖਵੀਰ ਕੌਰ ਜਗੇੜਾ, ਭਿੰਦਰ ਕੌਰ ਜਗੇੜਾ, ਕਿਸ਼ਨ ਲੁਬਾਣਾ, ਜਗਜੀਤ ਸਿੰਘ ਦਿੜ੍ਹਬਾ, ਕਿਰਨਜੀਤ ਕੌਰ ਖੋਖ, ਗੁਰਮੀਤ ਕੌਰ ਦੰਦਰਾਲਾ ਢੀਂਡਸਾ ਅਦਿ ਨੇ ਵੀ ਸੰਬੋਧਨ ਕੀਤਾ।