ਮਿਡ-ਡੇਅ-ਮੀਲ ਕੁੱਕ ਫਰੰਟ ਵੱਲੋਂ ਮੁੱਖ ਮੰਤਰੀ ਦੇ ਹਲਕੇ ਵਿੱਚ ਸਰਕਾਰ ਦਾ ਪਿੱਟ ਸਿਆਪਾ ਕਰਨ ਦਾ ਐਲਾਨ

ਗਰੀਬ ਪਰਿਵਾਰਾਂ ਨਾਲ ਸਬੰਧਤ ਕੁੱਕ ਬੀਬੀਆਂ ਦੀ ਸਾਰ ਨਹੀਂ ਲੈ ਰਹੀ ਪੰਜਾਬ ਸਰਕਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਨਵੰਬਰ:
ਡੈਮੋਕ੍ਰੇਟਿਕ ਮਿਡ-ਡੇਅ-ਮੀਲ ਕੁੱਕ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ ਦੀ ਅਗਵਾਈ ਹੇਠ 21 ਨਵੰਬਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸ੍ਰੀ ਚਮਕੌਰ ਸਾਹਿਬ ਹਲਕੇ ਅਧੀਨ ਆਉਂਦੇ ਮੋਰਿੰਡਾ ਸ਼ਹਿਰ ਜਿੱਥੇ ਕਿ ਚੰਨੀ ਦੀ ਰਿਹਾਇਸ਼ ਹੈ, ਦੇ ਨੇੜੇ ਕੁੱਕ ਬੀਬੀਆਂ ਵੱਲੋਂ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕਰਕੇ ਕਾਂਗਰਸ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ।
ਅੱਜ ਇੱਥੇ ਇਹ ਜਾਣਕਾਰੀ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ ਨੇ ਦੱਸਿਆ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਹਨ। ਸਰਕਾਰ ਨਾਲ ਕੁੱਕ ਬੀਬੀਆਂ ਦੀਆਂ ਜਾਇਜ਼ ਮੰਗਾਂ ਨੂੰ ਲੈ ਕੇ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਘੋਰ ਗਰੀਬੀ ਵਿੱਚ ਰਹਿ ਰਹੀਆਂ ਮਿਡ-ਡੇਅ-ਮੀਲ ਕੁੱਕ ਨੂੰ 2200 ਰੁਪਏ ਪ੍ਰਤੀ ਮਹੀਨਾ ਨਿਗੂਣੀ ਤਨਖ਼ਾਹ ਦਿੱਤੀ ਜਾ ਰਹੀ ਹੈ, ਜਦੋਂਕਿ ਗੁਆਂਢੀ ਸੂਬਾ ਹਰਿਆਣਾ ਵਿੱਚ 4500 ਰੁਪਏ, ਤਾਮਿਲਨਾਡੂ ਵਿੱਚ 6500 ਰੁਪਏ ਦਿੱਤੀ ਜਾ ਰਹੀ ਹੈ। ਪ੍ਰੰਤੂ ਪਿਛਲੇ ਤਿੰਨ ਮਹੀਨਿਆਂ ਤੋਂ ਕੁੱਕ ਬੀਬੀਆਂ ਨੂੰ ਤਨਖ਼ਾਹ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਮਿਡ-ਡੇਅ-ਮੀਲ ਤਹਿਤ ਸਕੂਲਾਂ ਕੁਕਿੰਗ ਕਾਸਟ ਦਿੱਤੀ ਜਾਂਦੀ ਹੈ ਪਰ ਹੁਣ ਉਹ ਵੀ ਨਹੀਂ ਦਿੱਤੀ ਜਾ ਰਹੀ ਹੈ। ਜਿਸ ਕਾਰਨ ਸਰਕਾਰ ਵੱਲ ਬਕਾਇਆ ਇਹ ਰਾਸ਼ੀ 60 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਜਿਸ ਕਾਰਨ ਸੂਬੇ ਦੇ ਵੱਡੀ ਗਿਣਤੀ ਸਕੂਲਾਂ ਵਿੱਚ ਮਿਡ-ਡੇਅ-ਮੀਲ ਬੰਦ ਹੋ ਚੁੱਕੀ ਹੈ। ਜਿਸ ਤੋਂ ਸਪੱਸ਼ਟ ਹੈ ਕਿ ਸਰਕਾਰ ਗਰੀਬਾਂ ਪ੍ਰਤੀ ਗੰਭੀਰ ਨਹੀਂ ਹੈ।
ਕੁੱਕ ਬੀਬੀਆਂ ਨੇ ਕਿਹਾ ਕਿ ਸਰਕਾਰ ਦੀ ਬੇਧਿਆਨੀ ਕਾਰਨ ਪੰਜਾਬ ਵਿੱਚ 50 ਹਜ਼ਾਰ ਮਿਡ-ਡੇਅ-ਮੀਲ ਕੁੱਕ ਨੂੰ ਆਪਣਾ ਅਤੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਨੂੰ ਸਾਲ ਵਿੱਚ 12 ਦੀ ਥਾਂ ਸਿਰਫ਼ 10 ਮਹੀਨੇ ਤਨਖ਼ਾਹ ਮਿਲਦੀ ਹੈ। ਕੋਈ ਮਹਿੰਗਾਈ ਭੱਤਾ ਦਿੱਤਾ ਨਹੀਂ ਦਿੱਤਾ ਜਾਂਦਾ ਹੈ, ਨਾ ਹੀ ਵਿਭਾਗ ਵੱਲੋਂ ਬੀਮਾ ਕਰਵਾਇਆ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਕੁੱਕ ਦੀਆਂ ਸੇਵਾਵਾਂ ਨੂੰ ਘੱਟੋ-ਘੱਟ ਉਜ਼ਰਤ ਅਧੀਨ ਲਿਆਂਦਾ ਜਾਵੇ ਅਤੇ ਉਨ੍ਹਾਂ ਦਾ 5 ਲੱਖ ਰੁਪਏ ਬੀਮਾ ਕਰਵਾਇਆ ਜਾਵੇ। ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਘਟਣ ਦੇ ਆਧਾਰ ’ਤੇ ਕੁੱਕ ਬੀਬੀਆਂ ਨੂੰ ਕੰਮ ਤੋਂ ਹਟਾਉਣਾ ਬੰਦ ਕੀਤਾ ਜਾਵੇ। ਜਿਨ੍ਹਾਂ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਧ ਚੁੱਕੀ ਹੈ, ਉੱਥੇ ਤੁਰੰਤ ਨਵੀਂ ਕੁੱਕ ਭਰਤੀ ਕੀਤੀਆਂ ਜਾਣ। ਉਨ੍ਹਾਂ ਮੰਗ ਕੀਤੀ ਬੀਏ ਪਾਸ ਮਿਡ-ਡੇਅ-ਮੀਲ ਕੁੱਕ ਨੂੰ ਬਲਾਕ ਦਫ਼ਤਰਾਂ ਵਿੱਚ ਸਹਾਇਕ ਮੈਨੇਜਰ ਦੀ ਤਰੱਕੀ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕੇ 21 ਨਵੰਬਰ ਨੂੰ ਕੁੱਕ ਬੀਬੀਆਂ ਸਵੇਰੇ ਮਹਾਰਾਣਾ ਪ੍ਰਤਾਪ ਸਿੰਘ ਚੌਂਕ ਮੋਰਿੰਡਾ ਨੇੜੇ ਇਕੱਠੀਆਂ ਹੋਣਗੀਆਂ। ਇੱਥੋਂ ਮਾਰਚ ਕਰਦੇ ਹੋਏ ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕੀਤਾ ਜਾਵੇਗਾ। ਇਸ ਮੌਕੇ ਹਰਿੰਦਰ ਕੌਰ ਕਾਈਨੌਰ, ਸੁਰਿੰਦਰ ਕੌਰ ਬਹਿਬਲਪੁਰ, ਮੁਕੇਸ਼ ਰਾਣੀ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Awareness/Campaigns

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …