ਮਿਡਲ ਸਕੂਲਾਂ ਦੇ ਅਧਿਆਪਕਾਂ ਨੂੰ ਹੋਰ ਸਕੂਲਾਂ ਵਿੱਚ ਸ਼ਿਫ਼ਟ ਕਰਨਾ ਜਨਤਕ ਸਿੱਖਿਆ ’ਤੇ ਹਮਲਾ ਕਰਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜਨਵਰੀ:
ਪੰਜਾਬ ਦੇ ਸਰਕਾਰੀ ਸੀਨੀਅਰ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਬੀਤ ਲੰਮੇ ਸਮੇਂ ਤੋਂ ਖ਼ਾਲੀ ਪਈਆਂ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਬੇਰੁਜ਼ਗਾਰ ਅਧਿਆਪਕਾਂ ਦੀ ਭਰਤੀ ਰਾਹੀਂ ਪੁਰ ਕਰਨ ਦੀ ਥਾਂ ਮਿਡਲ ਸਕੂਲਾਂ ਦੇ ਹਿੰਦੀ, ਪੰਜਾਬੀ, ਆਰਟ-ਕਰਾਫ਼ਟ ਅਤੇ ਪੀਟੀਆਈ ਅਧਿਆਪਕਾਂ ਨੂੰ ਸੀਨੀਅਰ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸ਼ਿਫ਼ਟ ਕਰਨ ਦੇ ਸਿੱਖਿਆ ਵਿਭਾਗ ਦੇ ਫੈਸਲੇ ਨੂੰ ਜਨਤਕ ਸਿੱਖਿਆ ‘ਤੇ ਹਮਲਾ ਦਸਦਿਆਂ ਸਾਂਝਾ ਅਧਿਆਪਕ ਮੋਰਚਾ ਦੀ ਜ਼ਿਲ੍ਹਾ ਇਕਾਈ ਨੇ ਇਹ ਫੈਸਲਾ ਤੁਰੰਤ ਪ੍ਰਭਾਵ ਨਾਲ਼ ਰੱਦ ਕਰਨ ਦਾ ਮੰਗ-ਪੱਤਰ ਮੁੱਖ-ਮੰਤਰੀ ਪੰਜਾਬ ਤੱਕ ਪੁੱਜਦਾ ਕਰਨ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਸੌਂਪਿਆ।
ਸਾਂਝਾ ਅਧਿਆਪਕ ਮੋਰਚਾ ਦੇ ਜ਼ਿਲ੍ਹਾ ਕਨਵੀਨਰ ਸੁਰਜੀਤ ਸਿੰਘ ਮੁਹਾਲੀ ਦੀ ਅਗਵਾਈ ਵਿੱਚ ਮੋਰਚਾ ਆਗੂਆਂ ਸੁਖਵਿੰਦਰਜੀਤ ਸਿੰਘ ਗਿੱਲ, ਗੁਰਪ੍ਰੀਤ ਸਿੰਘ ਬਾਠ, ਸਰਦੂਲ ਸਿੰਘ, ਮਨਿੰਦਰਪਾਲ ਸਿੰਘ, ਸ਼ਮਸ਼ੇਰ ਸਿੰਘ, ਅਮਰੀਕ ਸਿੰਘ ਝੰਡੇਮਾਜਰਾ, ਪਵਨ ਕੁਮਾਰ ਡੇਰਾਬੱਸੀ, ਸਤੀਸ਼ ਕੁਮਾਰ ਡੇਰਾਬੱਸੀ ਅਤੇ ਹੋਰਨਾਂ ਅਧਿਆਪਕ ਆਗੂਆਂ ਨੇ ਜ਼ਿਲ੍ਹਾ ਸਿੱਖਿਆ ਦਫ਼ਤਰ ਵੱਡੀ ਗਿਣਤੀ ਵਿੱਚ ਪੁੱਜੇ ਅਧਿਆਪਕਾਂ ਦੀ ਮੌਜੂਦਗੀ ਵਿੱਚ ਇਹ ਮੰਗ-ਪੱਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਰਨਜੀਤ ਸਿੰਘ ਨੂੰ ਸੌਂਪਦਿਆਂ ਦੋਸ਼ ਲਾਇਆ ਕਿ ਸਰਕਾਰ ਜਨਤਕ ਸਿੱਖਿਆ ਨੂੰ ਤਹਿਸ-ਨਹਿਸ ਕਰਨ ਅਤੇ ਨਿੱਜੀ ਸਕੂਲਾਂ ਨੂੰ ਪ੍ਰਫ਼ੁਲਿੱਤ ਕਰਨ ਦੀ ਸੋਚੀ ਸਮਝੀ ਸਾਜਿਸ਼ ਤਹਿਤ ਸਕੂਲ ਪ੍ਰਾਇਮਰੀ ਸਕੂਲ ਮਰਜ਼ ਕਰਨ, ਮਿਡਲ ਸਕੂਲਾਂ ’ਚੋਂ ਅਧਿਆਪਕਾਂ ਦੀਆਂ ਅਸਾਮੀਆਂ ਘਟਾਉਣ ਜਿਹੇ ਜਨਤਕ ਸਿੱਖਿਆ ਮਾਰੂ ਫ਼ੈਸਲੇ ਲੈ ਰਹੀ ਹੈ।ਆਗੂਆਂ ਕਿਹਾ ਕਿ ਸਮੇਂ ਸਿਰ ਪਾਠ-ਪੁਸਤਕਾਂ ਉਪਲਬਧ ਨਾ ਕਰਵਾਉਣਾ, ਘੱਟ ਗਿਣਤੀ ਦੇ ਬਹਾਨੇ ਪ੍ਰਾਇਮਰੀ ਸਕੂਲ ਮਰਜ਼ ਕਰਨੇ, ਬਿਨਾਂ ਟ੍ਰੇਂਡ ਅਧਿਆਪਕਾਂ ਦੇ ਪ੍ਰਾਇਮਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਸ਼ੁਰੂ ਕਰਨ ਜਿਹੀਆਂ ਕਾਰਵਈਆਂ ਸਰਕਾਰ ਦੀ ਗ਼ਰੀਬ ਬੱਚਿਆਂ ਦੀ ਸਿੱਖਿਆ ਪ੍ਰਤੀ ਸਾਜਿਸ਼, ਅਵੇਸਲੇਪਣ ਅਤੇ ਲਾਪਰਵਾਹੀ ਦੀ ਪ੍ਰਮਾਣਿਕ ਮਿਸਾਲ ਹੈ।
ਰਹਿੰਦੀ ਕਸਰ ਸਰਕਾਰ ਮਿਡਲ ਸਕੂਲਾਂ ’ਚੋਂ ਹਿੰਦੀ, ਪੰਜਾਬੀ, ਆਰਟ-ਕਰਾਫ਼ਟ ਅਤੇ ਪੀਟੀਆਈ ਅਧਿਆਪਕਾਂ ਨੂੰ ਸੀਨੀਅਰ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸ਼ਿਫ਼ਟ ਕਰਕੇ ਪੂਰੀ ਕਰਨ ਦੀ ਤਾਕ ਵਿੱਚ ਹੈ। ਉਨ੍ਹਾਂ ਕਿਹਾ ਕਿ ਸ਼ਾਸਕਾਂ-ਪ੍ਰਸ਼ਾਸਕਾਂ ਸਹਿਤ ਸੂਬੇ ਦੇ ਸਮਰੱਥ ਪਰਿਵਾਰਾਂ ਦੇ ਬੱਚੇ ਪਹਿਲਾਂ ਹੀ ਮੋਟੀਆਂ ਫ਼ੀਸਾਂ ਵਾਲ਼ੇ ਨਿੱਜੀ ਸਕੂਲਾਂ ਵਿੱਚ ਅਕਾਦਮਿਕ ਵਿਸ਼ਿਆਂ ਦੇ ਨਾਲ-ਨਾਲ ਮਿਊਜ਼ਿਕ, ਨ੍ਰਿਤ, ਆਰਟ-ਕਰਾਫ਼ਟ, ਡਰਾਇੰਗ-ਪੇਂਟਿੰਗ, ਸਰੀਰਿਕ ਸਿੱਖਿਆ ਅਧਿਆਪਕਾਂ, ਖੇਡਾ ਦੇ ਕੋਚਾਂ ਨਾਲ਼ ਲੈਸ ਅਤਿ-ਆਧੁਨਿਕ ਸੁਵਿਧਾਵਾਂ ਵਾਲੇ ਸਕੂਲਾਂ ਵਿੱਚ ਮਨਮਰਜ਼ੀ ਦੀ ਸਿੱਖਿਆ ਪ੍ਰਾਪਤ ਕਰ ਰਹੇ ਹਨ, ਪਰ ਦੂਜੇ ਪਾਸੇ ਸੂਬੇ ਦਾ ਇਹੀ ਸ਼ਾਸਕ ਵਰਗ ਗ਼ਰੀਬਾਂ ਦੇ ਬੱਚਿਆਂ ਨੂੰ ਸੁਵਿਧਾਵਾਂ ਰਹਿਤ ਸਕੂਲਾਂ ਵਿੱਚ ਲਾਜ਼ਮੀ ਵਿਸ਼ਿਆਂ ਦੀ ਸਿੱਖਿਆ ਉਪਲਬਧ ਕਰਵਾਉਣ ਤੋਂ ਇਨਕਾਰੀ ਹੋ ਰਿਹਾ ਹੈ। ਆਗੂਆਂ ਮੰਗ ਕੀਤੀ ਕਿ ਸਰਕਾਰ ਆਮ ਲੋਕਾਂ ਦੇ ਬੱਚਿਆਂ ਦੇ ਸਿੱਖਿਆ-ਮਾਰੂ ਇਸ ਫ਼ੈਸਲੇ ਨੂੰ ਤੁਰੰਤ ਵਾਪਸ ਲਵੇ ਅਤੇ ਸੂਬੇ ਭਰ ਦੇ ਸਕੂਲਾਂ ਵਿੱਚ ਖ਼ਾਲੀ ਪਈਆਂ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਬਿਨਾਂ ਹੋਰ ਦੇਰੀ ਦੇ ਰੈਗੂਲਰ ਭਰਤੀ ਰਾਹੀਂ ਪੁਰ ਕਰੇ।
ਇਸ ਮੌਕੇ ਮੌਜੂਦ ਮਹਿਲਾ ਅਧਿਆਪਕਾਵਾਂ ਨੇ ਵੀ ਸਰਕਾਰ ਦੇ ਵਿਸ਼ਾ ਮਾਹਿਰ ਅਧਿਆਪਕਾਂ ਦੀ ਥਾਂ ਇੱਕ ਵਿਸ਼ੇ ਦੇ ਅਧਿਆਪਕ ਦੁਆਰਾ ਮੁਹਾਰਤ ਵਾਲੇ ਵਿਸ਼ੇ ਤੋਂ ਬਿਨਾਂ ਹੋਰ ਵਿਸ਼ੇ ਪੜ੍ਹਾਉਣ ਦੇ ਸਿੱਖਿਆ ਵਿਭਾਗ ਦੇ ਫ਼ੈਸਲੇ ਨੂੰ ਨਾਦਰਸ਼ਾਹੀ-ਤੁਗ਼ਲਕੀ ਕਰਾਰਦਿਆਂ ਕਿਹਾ ਕਿ ਜੇ ਸਕੂਲਾਂ ਵਿੱਚ ਵਿਸ਼ਾ ਮਾਹਿਰਾਂ ਤੋਂ ਬਿਨਾਂ ਪੜ੍ਹਾਇਆ ਜਾ ਸਕਦਾ ਹੈ ਤਾਂ ਫਿਰ ਹਸਪਤਾਲਾਂ ਵਿੱਚ ਇਲਾਜ ਲਈ ਤੇ ਹੋਰ ਖੇਤਰਾਂ ਵਿੱਚ ਵਿਸ਼ਾ ਮਾਹਿਰਾਂ ਦੀ ਵੀ ਜ਼ਰੂਰਤ ਕਿਵੇਂ ਹੋ ਸਕਦੀ ਹੈ। ਇਸ ਮੌਕੇ ਅਧਿਆਪਕ ਆਗੂ ਹਰਨੇਕ ਸਿੰਘ ਮਾਵੀ, ਜਸਮੇਰ ਸਿੰਘ ਦੇਸੂਮਾਜਰਾ, ਪ੍ਰੇਮ ਸਿੰਘ, ਪਰਮਜੀਤ ਸਿੰਘ ਮਾਜਰੀ, ਭੁਪਿੰਦਰ ਸਿੰਘ ਭਿੰਦਾ, ਸੁਖਵਿੰਦਰ ਸਿੰਘ, ਅਮਰਜੀਤ ਸਿੰਘ, ਆਤਮਾ ਸਿੰਘ, ਓਮ ਪ੍ਰਕਾਸ਼ ਅਤੇ ਹੋਰ ਅਧਿਆਪਕ ਮੌਜੂਦ ਸਨ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਮੰਗ-ਪੱਤਰ ਪ੍ਰਾਪਤ ਕਰਦਿਆਂ ਸਾਂਝਾ ਅਧਿਆਪਕ ਮੋਰਚਾ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਇਹ ਮੰਗ-ਪੱਤਰ ਸਰਕਾਰ ਤੱਕ ਪੁੱਜਦਾ ਕਰ ਦਿੱਤਾ ਜਾਏਗਾ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…