Share on Facebook Share on Twitter Share on Google+ Share on Pinterest Share on Linkedin ਮਿੱਡੂਖੇੜਾ ਕਤਲਕਾਂਡ: ਮੁਹਾਲੀ ਅਦਾਲਤ ਵੱਲੋਂ ਤਿੰਨ ਗੈਂਗਸਟਰਾਂ ਨੂੰ ਉਮਰ ਕੈਦ 2-2 ਲੱਖ ਰੁਪਏ ਜੁਰਮਾਨਾ ਪੰਜਾਬ ਦੇ ਡੀਜੀਪੀ ਨੂੰ ਪੰਜ ਫ਼ਰਾਰ ਮੁਲਜ਼ਮਾਂ ਬਾਰੇ ਤਫ਼ਤੀਸ਼ ਤੇਜ਼ ਕਰਨ ਦੇ ਹੁਕਮ ਸਬੂਤਾਂ ਦੀ ਘਾਟ ਕਾਰਨ ਗੈਂਗਸਟਰ ਭੂਪੀ ਰਾਣਾ, ਅਮਿਤ ਡਾਗਰ ਤੇ ਕੌਸ਼ਲ ਚੌਧਰੀ ਬਰੀ ਨਬਜ਼-ਏ-ਪੰਜਾਬ, ਮੁਹਾਲੀ, 27 ਜਨਵਰੀ: ਮੁਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਚਾਰ ਸਾਲ ਪੁਰਾਣੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਵਿਦਿਆਰਥੀ ਜਥੇਬੰਦੀ ਐਸਓਆਈ ਦੇ ਸਾਬਕਾ ਪ੍ਰਧਾਨ ਵਿਕਰਮਜੀਤ ਸਿੰਘ ਉਰਫ਼ ਵਿੱਕੀ ਮਿੱਡੂਖੇੜਾ ਦੇ ਕਤਲ ਮਾਮਲੇ ਦਾ ਨਿਬੇੜਾ ਕਰਦਿਆਂ ਤਿੰਨ ਮੁਲਜ਼ਮਾਂ ਗੈਂਗਸਟਰ ਅਜੈ ਲੈਫ਼ਟੀ, ਸੱਜਣ ਭੋਲੂ ਅਤੇ ਅਨਿਲ ਲੱਠ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਅਤੇ ਦੋ-ਦੋ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਵਾਈ ਗਈ ਹੈ ਜਦੋਂਕਿ ਇਸ ਮਾਮਲੇ ਵਿੱਚ ਨਾਮਜ਼ਦ ਬਾਕੀ ਗੈਂਗਸਟਰਾਂ ਭੁਪਿੰਦਰ ਸਿੰਘ ਉਰਫ਼ ਭੂਪੀ ਰਾਣਾ, ਅਨਿਲ ਡਾਗਰ ਅਤੇ ਕੌਸ਼ਲ ਚੌਧਰੀ ਨੂੰ ਸਬੂਤਾਂ ਦੀ ਘਾਟ ਦੇ ਚੱਲਦਿਆਂ ਬਰੀ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਸਮੇਂ ਸਾਰੇ ਉਕਤ ਸਾਰੇ ਗੈਂਗਸਟਰ ਪਹਿਲਾਂ ਹੀ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਹਨ। ਇਸ ਤੋਂ ਇਲਾਵਾ ਮੁਹਾਲੀ ਪੁਲੀਸ ਵੱਲੋਂ ਹੋਰ ਵੀ ਕਈ ਗੈਂਗਸਟਰਾਂ ਨੂੰ ਜੇਲ੍ਹਾਂ ’ਚੋਂ ਪ੍ਰੋਡਕਸ਼ਨ ਵਰੰਟਾਂ ’ਤੇ ਲਿਆ ਕੇ ਪੁੱਛਗਿੱਛ ਕੀਤੀ ਗਈ ਸੀ। ਮਿੱਡੂਖੇੜਾ ਪਰਿਵਾਰ ਵੱਲੋਂ ਕੇਸ ਲੜਨ ਵਾਲੇ ਸੀਨੀਅਰ ਵਕੀਲ ਐਚਐਸ ਧਨੋਆ ਨੇ ਦੱਸਿਆ ਕਿ ਦੋਸ਼ੀਆਂ ਨੂੰ ਧਾਰਾ 302 ਵਿੱਚ ਉਮਰ ਕੈਦ, ਅਸਲਾ ਐਕਟ ਵਿੱਚ ਸੱਤ-ਸੱਤ ਸਾਲ ਅਤੇ ਧਾਰਾ 482 ਵਿੱਚ 1-1 ਸਾਲ ਦੀ ਕੈਦ ਅਤੇ ਦੋ-ਦੋ ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। ਨਾਲ ਹੀ ਅਦਾਲਤ ਨੇ ਪੰਜਾਬ ਦੇ ਡੀਜੀਪੀ ਨੂੰ ਸਖ਼ਤ ਆਦੇਸ਼ ਦਿੱਤੇ ਹਨ ਕਿ ਇਸ ਮਾਮਲੇ ਵਿੱਚ ਫ਼ਰਾਰ ਚੱਲ ਰਹੇ ਪੰਜ ਮੁਲਜ਼ਮਾਂ ਗੈਂਸਗਟਰ ਗੌਰਵ ਪਟਿਆਲ, ਧਰਮਿੰਦਰ ਗੁਗਨੀ, ਸੋਮ ਵੀਰ, ਰਵਿੰਦਰ ਚੌਹਾਨ ਅਤੇ ਸ਼ਗਨਪ੍ਰੀਤ ਸਿੰਘ ਬਾਰੇ ਤਫ਼ਤੀਸ਼ ਤੇਜ਼ ਕੀਤੀ ਜਾਵੇ। ਸ਼ਗਨਪ੍ਰੀਤ ਮਰਹੂਮ ਗਾਇਕ ਸਿੱਧੂ ਮੂਸੇਵਾਲ ਦਾ ਮੈਨੇਜਰ ਰਿਹਾ ਹੈ। ਕਾਬਿਲੇਗੌਰ ਹੈ ਕਿ 7 ਅਗਸਤ 2021 ਨੂੰ ਮੁਹਾਲੀ ਵਿੱਚ ਦਿਨ-ਦਿਹਾੜੇ ਨਕਾਬਪੋਸ਼ਾਂ ਨੇ ਵਿੱਕੀ ਮਿੱਡੂਖੇੜਾ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਘਟਨਾ ਵਾਲੇ ਦਿਨ ਉਹ ਸੈਕਟਰ-71 ਦੀ ਮਾਰਕੀਟ ਵਿੱਚ ਆਪਣੇ ਦੋਸਤ ਪ੍ਰਾਪਰਟੀ ਡੀਲਰ ਨੂੰ ਮਿਲ ਕੇ ਵਾਪਸ ਜਾਣ ਲੱਗਾ ਸੀ ਕਿ ਜਿਵੇਂ ਹੀ ਉਹ ਆਪਣੀ ਕਾਰ ਵਿੱਚ ਬੈਠਣ ਲੱਗਾ ਤਾਂ ਭਾੜੇ ਦੇ ਸ਼ੂਟਰਾਂ ਨੇ ਉਸ ’ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਵਿੱਕੀ ਮਿੱਡੂਖੇੜਾ ਨੂੰ ਮਾਰਨ ਦੀ ਜ਼ਿੰਮੇਵਾਰੀ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਅਪਲੋਡ ਕਰਕੇ ਲਈ ਸੀ। ਵਿੱਕੀ ਮਿੱਡੂਖੇੜਾ ਨੂੰ 17 ਗੋਲੀਆਂ ਲੱਗਣ ਦੀ ਗੱਲ ਕਹੀ ਜਾ ਰਹੀ ਸੀ ਪ੍ਰੰਤੂ ਪੋਸਟ ਮਾਰਟਮ ਦੌਰਾਨ ਮੈਡੀਕਲ ਬੋਰਡ ਨੂੰ ਸਿਰਫ਼ ਦੋ ਗੋਲੀਆਂ ਮਿਲੀਆਂ ਸਨ ਜਦੋਂਕਿ 15 ਗੋਲੀਆਂ ਸਰੀਰ ’ਚੋਂ ਆਰ-ਪਾਰ ਹੋ ਗਈਆਂ ਸਨ। ਵਿੱਕੀ ਮਿੱਡੂਖੇੜਾ ਨੂੰ ਮੌਤ ਦੇ ਘਾਟ ਉਤਾਰਨ ਤੋਂ ਪਹਿਲਾਂ ਦੋ ਸ਼ੱਕੀ ਨੌਜਵਾਨਾਂ ਨੂੰ ਵਿੱਕੀ ਦੇ ਘਰ ਨੇੜਲੇ ਰਿਹਾਇਸ਼ੀ ਪਾਰਕ ਵਿੱਚ ਸੈਰ ਕਰਦੇ ਦੇਖਿਆ ਗਿਆ ਹੈ। ਸੀਸੀਟੀਵੀ ਕੈਮਰੇ ਦੀ ਫੋਟੇਜ ਤੋਂ ਇਹ ਵੀ ਪਤਾ ਲੱਗਾ ਹੈ ਕਿ ਹਮਲਾਵਰ ਪਿਛਲੇ ਦੋ ਤਿੰਨ ਦਿਨਾਂ ਤੋਂ ਰੈਕੀ ਕਰ ਰਹੇ ਸੀ ਅਤੇ ਉਨ੍ਹਾਂ ਕੋਲ ਪੱਕੀ ਜਾਣਕਾਰੀ ਸੀ ਵਿੱਕੀ ਪ੍ਰਾਪਰਟੀ ਡੀਲਰ ਦੇ ਦਫ਼ਤਰ ਆਏਗਾ। ਜਿਸ ਕਾਰਨ ਉਹ ਮਾਰਕੀਟ ਦੀ ਪਾਰਕਿੰਗ ਵਿੱਚ ਪਹਿਲਾਂ ਹੀ ਆਈ-20 ਕਾਰ ਖੜੀ ਕਰਕੇ ਘਾਤ ਲਗਾ ਕੇ ਬੈਠ ਗਏ ਸੀ। ਜਿਵੇਂ ਹੀ ਵਿੱਕੀ ਪ੍ਰਾਪਰਟੀ ਡੀਲਰ ਦੇ ਦਫ਼ਤਰ ਤੋਂ ਵਾਪਸ ਜਾਣ ਲੱਗਾ ਤਾਂ ਉਨ੍ਹਾਂ ਨੇ ਉਸ ’ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਵਿੱਕੀ ਮਿੱਡੂਖੇੜਾ ਦੇ ਵੱਡੇ ਭਰਾ ਅਤੇ ਸੀਨੀਅਰ ਅਕਾਲੀ ਆਗੂ ਅਜੈਪਾਲ ਸਿੰਘ ਮਿੱਡੂਖੇੜਾ ਮੁਹਾਲੀ ਅਦਾਲਤ ਦੈ ਫ਼ੈਸਲੇ ਤੋਂ ਅਸੰਤੁਸ਼ਟ ਨਜ਼ਰ ਆਏ। ਉਨ੍ਹਾਂ ਕਿਹਾ ਕਿ ਆਖਰੀ ਦਮ ਤੱਕ ਲੜਾਈ ਲੜੀ ਜਾਵੇਗੀ। ਵਕੀਲ ਐਚਐਸ ਧਨੋਆ ਨੇ ਦੱਸਿਆ ਕਿ ਅਦਾਲਤ ਦੇ ਹੁਕਮਾਂ ਦੀ ਕਾਪੀ ਮਿਲਣ ਤੋਂ ਬਾਅਦ ਸ਼ਿਕਾਇਤ ਕਰਤਾ ਵੱਲੋਂ ਇਨਸਾਫ਼ ਪ੍ਰਾਪਤੀ ਲਈ ਉੱਚ ਅਦਾਲਤ ਦਾ ਬੂਹਾ ਖੜਕਾਇਆ ਜਾਵੇਗਾ। ਕਿਤੇ ਨਾ ਕਿਤੇ ਪੀੜਤ ਪਰਿਵਾਰ ਇਹ ਚਾਹੁੰਦਾ ਹੈ ਕਿ ਦੋਸ਼ੀਆਂ ਨੂੰ ਘੱਟੋ-ਘੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਧਨੋਆ ਨੇ ਦੱਸਿਆ ਕਿ ਜਿਹੜੇ ਗੈਂਗਸਟਰਾਂ ਨੂੰ ਦੋਸ਼ ਮੁਕਤ ਕਰਾਰ ਦਿੰਦਿਆਂ ਬਰੀ ਕੀਤਾ ਗਿਆ ਹੈ। ਇਸ ਫ਼ੈਸਲੇ ਨੂੰ ਵੀ ਉਪਰਲੀ ਅਦਾਲਤ ਵਿੱਚ ਚੁਨੌਤੀ ਦਿੱਤੀ ਜਾਵੇਗੀ। ਵਿੱਕੀ ਮਿੱਡੂਖੇੜਾ ਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਮੇਤ ਕਾਲਜਾਂ ਦੀਆਂ ਵਿਦਿਆਰਥੀ ਜਥੇਬੰਦੀ ਦੀਆਂ ਚੋਣਾਂ ਵਿੱਚ ਹਮੇਸ਼ਾ ਅਹਿਮ ਭੂਮਿਕਾ ਹੁੰਦੀ ਸੀ। ਉਹ ਅਕਾਲੀ ਦਲ ਦੀਆਂ ਗਤੀਵਿਧੀਆਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦਾ ਸੀ। ਯੂਥ ਵਿੰਗ ਦੀਆਂ ਰੈਲੀਆਂ, ਧਰਨਾ ਪ੍ਰਦਰਸ਼ਨਾਂ ਸਮੇਤ ਲੀਡਰਸ਼ਿਪ ਵੱਲੋਂ ਜੋ ਵੀ ਜ਼ਿੰਮੇਵਾਰੀ ਸੌਂਪੀ ਜਾਂਦੀ ਸੀ, ਉਹ ਉਸ ਨੂੰ ਪੂਰੀ ਲਗਨ ਨਾਲ ਨਿਭਾਉਂਦਾ ਸੀ। ਉਹ ਬਹੁਤ ਹੀ ਘੱਟ ਸਮੇਂ ਵਿੱਚ ਬਾਦਲ ਪਰਿਵਾਰ, ਮਜੀਠੀਆ ਸਮੇਤ ਵੱਡੇ ਆਗੂਆਂ ਦਾ ਚਹੇਤਾ ਬਣਾ ਗਿਆ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ