
ਮਿੱਡੂਖੇੜਾ ਕੇਸ: ਗੈਂਗਸਟਰ ਸੁਖਪ੍ਰੀਤ ਬੁੱਢਾ ਤੇ ਅਮਨ ਜੈਤੋਂ ਨੂੰ ਜੇਲ੍ਹ ਤੋਂ ਪ੍ਰੋਡਕਸ਼ਨ ਵਰੰਟਾਂ ’ਤੇ ਲੈ ਕੇ ਪੁੱਛਗਿੱਛ
ਬੰਬੀਹਾ ਗਰੁੱਪ ਨੇ ਕੈਨੇਡਾ ਤੋਂ ਅਪਲੋਡ ਕੀਤੀ ਸੀ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੀ ਪੋਸਟ
ਪੁਲੀਸ ਨੇ ਮੋਬਾਈਲ ਟਾਵਰ ਦਾ ਡੰਪ ਚੁੱਕਿਆ, ਕਾਲ ਡਿਟੇਲ ਦੀ ਜਾਂਚ ਆਰੰਭ, ਸ਼ੱਕੀ ਸ਼ੂਟਰ ਦੀ ਭਾਲ ਤੇਜ਼
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਗਸਤ:
ਵਿਦਿਆਰਥੀ ਜਥੇਬੰਦੀ ਐਸਓਆਈ ਦੇ ਸਾਬਕਾ ਪ੍ਰਧਾਨ ਵਿਕਰਮਜੀਤ ਸਿੰਘ ਉਰਫ਼ ਵਿੱਕੀ ਮਿੱਡੂਖੇੜਾ ਦੇ ਕਾਤਲ ਹਾਲੇ ਤੱਕ ਮੁਹਾਲੀ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਐਸਐਸਪੀ ਸਤਿੰਦਰ ਸਿੰਘ ਦੀ ਨਿਗਰਾਨੀ ਹੇਠ ਪੁਲੀਸ ਦੀਆਂ ਵੱਖ-ਵੱਖ ਟੀਮਾਂ ਮੁਲਜ਼ਮਾਂ ਬਾਰੇ ਸੁਰਾਗ ਲਗਾਉਣ ਵਿੱਚ ਲੱਗੀਆਂ ਹੋਈਆਂ ਹਨ ਅਤੇ ਵਾਰ-ਵਾਰ ਘਟਨਾ ਸਥਾਨ ਦਾ ਜਾਇਜ਼ਾ ਲੈਣ ਅਤੇ ਸੀਸੀਟੀਵੀ ਕੈਮਰੇ ਦੀਆਂ ਫੁਟੇਜ ਚੈੱਕ ਕਰਨ ਸਮੇਤ ਹਰ ਛੋਟੇ ਤੋਂ ਛੋਟੇ ਪਹਿਲੂ ਨੂੰ ਛੂਹਿਆ ਜਾ ਰਿਹਾ ਹੈ। ਜਾਂਚ ਪ੍ਰਭਾਵਿਤ ਹੋਣ ਦੇ ਡਰੋਂ ਕੋਈ ਵੱਡਾ ਅਤੇ ਛੋਟਾ ਅਧਿਕਾਰੀ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਹੈ।
ਅੱਜ ਪੁਲੀਸ ਨੇ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਦੋ ਗੈਂਗਸਟਰਾਂ ਨੂੰ ਪ੍ਰੋਡਕਸ਼ਨ ਵਰੰਟਾਂ ’ਤੇ ਮੁਹਾਲੀ ਲਿਆਂਦਾ ਗਿਆ ਹੈ। ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਸੰਗਰੂਰ ਜੇਲ੍ਹ ਵਿੱਚ ਬੰਦ ਸੀ ਜਦੋਂਕਿ ਅਮਨ ਜੈਤੋਂ ਨੂੰ ਫਿਰੋਜ਼ਪੁਰ ਜੇਲ੍ਹ ਤੋਂ ਲਿਆਂਦਾ ਗਿਆ ਹੈ। ਇਨ੍ਹਾਂ ਦੋਵੇਂ ਗੈਂਗਸਟਰਾਂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਬੁੱਢੇ ਨੂੰ ਚਾਰ ਦਿਨ ਅਤੇ ਅਮਨ ਜੈਤੋਂ ਨੂੰ 5 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ਹੈ। ਪੁਲੀਸ ਨੇ ਇਹ ਸਾਰੀ ਕਾਰਵਾਈ ਬਹੁਤ ਗੁਪਤ ਰੱਖੀ ਗਈ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਵਿੱਕੀ ਦੀ ਮੌਤ ਤੋਂ ਬਾਅਦ ਪੰਜਾਬ ਅਤੇ ਗੁਆਂਢੀ ਸੂਬਿਆਂ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਉਂਜ ਪੁਲੀਸ ਨੂੰ ਗੈਂਗਸਟਰ ਵਿਨੈ ਦਿਓੜਾ ਵਾਸੀ ਫਰੀਦਕੋਟ ’ਤੇ ਵੀ ਸ਼ੱਕ ਹੈ। ਕਿਉਂਕਿ ਵਿਨੈ ਲੈਫ਼ਟੀ ਹੈ ਅਤੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਵਾਰਦਾਤ ਦੀ ਵੀਡੀਓ ਵਿੱਚ ਇਕ ਸ਼ੂਟਰ ਨੇ ਆਪਣੇ ਖੱਬੇ ਹੱਥ ਵਿੱਚ ਪਿਸਤੌਲ ਫੜੀ ਹੋਈ ਨਜ਼ਰ ਆ ਰਹੀ ਹੈ। ਜਿਸ ਨੇ ਵਿੱਕੀ ਨੂੰ ਬਿਲਕੁਲ ਸਾਹਮਣੇ ਤੋਂ ਗੋਲੀ ਮਾਰੀ ਸੀ। ਵਿਨੈ, ਗੈਂਗਸਟਰ ਲਵੀ ਦਿਓੜਾ ਦਾ ਭਰਾ ਹੈ। ਜਿਸ ਦਾ ਕੁੱਝ ਸਮਾਂ ਪਹਿਲਾਂ ਗੈਂਗਵਾਰ ਵਿੱਚ ਲਾਰੈਂਸ ਗਰੁੱਪ ਦੇ ਸ਼ੂਟਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਵਿਨੈ ਦਿਓੜਾ ਦਾ ਚਿਹਰਾ ਸ਼ੂਟਰ ਨਾਲ ਮਿਲਦਾ ਜੁਲਦਾ ਜਾਪਦਾ ਹੈ।
ਉਧਰ, ਭਰੋਸੇਯੋਗ ਸੂਤਰਾਂ ਦੀ ਜਾਣਕਾਰੀ ਅਨੁਸਾਰ ਗੈਂਗਸਟਰ ਬੰਬੀਹਾ ਗਰੁੱਪ ਨੇ ਨੌਜਵਾਨ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੀ ਕੈਨੇਡਾ ਦੇ ਕਿਸੇ ਸ਼ਹਿਰ ’ਚੋਂ ਅਪਲੋਡ ਕਰਨ ਬਾਰੇ ਪਤਾ ਲੱਗਾ ਹੈ। ਪੁਲੀਸ ਸੋਸ਼ਲ ਮੀਡੀਆ ’ਤੇ ਇਹ ਪੋਸਟ ਅਪਲੋਡ ਕਰਨ ਵਾਲੇ ਵਿਅਕਤੀ ਦੀ ਪਤਾ ਲਗਾਉਣ ਵਿੱਚ ਜੱੁਟ ਗਈ ਹੈ ਤਾਂ ਜੋ ਜਾਣਕਾਰੀ ਮਿਲ ਸਕੇ ਉਸ ਨੇ ਇਹ ਪੋਸਟ ਕਿਸ ਦੇ ਕਹਿਣ ’ਤੇ ਪਾਈ ਸੀ। ਟਰਾਂਸਪੋਰਟ ਵਿਭਾਗ ਦੀ ਜਾਣਕਾਰੀ ਅਨੁਸਾਰ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਗਈ ਆਈ ਟਵੰਟੀ ਕਾਰ ਉੱਤੇ ਜਾਅਲੀ ਨੰਬਰ ਲਗਾਇਆ ਗਿਆ ਸੀ। ਇਹ ਕਾਰ ਖਰੜ ਨੇੜਲੇ ਕਿਸੇ ਪਿੰਡ ’ਤੇ ਪਤੇ ਉੱਤੇ ਰਜਿਸਟਰਡ ਹੈ ਅਤੇ ਐਚਡੀਐਫ਼ਸੀ ਬੈਂਕ ਤੋਂ ਲੋਨ ਲੈ ਕੇ ਖ਼ਰੀਦੀ ਗਈ ਸੀ। ਮੌਜੂਦਾ ਸਮੇਂ ਵਿੱਚ ਇਕ ਆਨਲਾਈਨ ਟੈਕਸੀ ਕੰਪਨੀ ਨਾਲ ਚੱਲ ਰਹੀ ਦੱਸੀ ਜਾ ਰਹੀ ਹੈ।